ਪਾਕਿਸਤਾਨ ਦੀ ਇਮਰਾਨ ਖ਼ਾਨ ਸਰਕਾਰ ਖ਼ਿਲਾਫ਼ ਵਿਰੋਧੀ ਪਾਰਟੀਆਂ ਇੱਕਜੁੱਟ ਹੋ ਗਈਆਂ ਹਨ। ਪਾਕਿਸਤਾਨ ਪੀਪਲਜ਼ ਪਾਰਟੀ 27 ਫਰਵਰੀ ਨੂੰ ਇਮਰਾਨ ਖਾਨ ਸਰਕਾਰ ਦੇ ਖ਼ਿਲਾਫ਼ ਕਰਾਚੀ ਤੋਂ ਇਸਲਾਮਾਬਾਦ ਤਕ ਲੰਬਾ ਮਾਰਚ ਕੱਢੇਗੀ। ਪਾਕਿਸਤਾਨ ਪੀਪਲਜ਼ ਪਾਰਟੀ ਦੇ ਪ੍ਰਧਾਨ ਬਿਲਾਵਲ ਭੁੱਟੋ ਨੇ ਕਰਾਚੀ ਤੋਂ ਇਸਲਾਮਾਬਾਦ ਤਕ ਕੱਢੇ ਜਾ ਰਹੇ ਇਸ ਲਾਂਗ ਮਾਰਚ ਨੂੰ ਲੈ ਕੇ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਹ ਮਾਰਚ 27 ਫਰਵਰੀ ਨੂੰ ਕਰਾਚੀ ਤੋਂ ਰਵਾਨਾ ਹੋਵੇਗਾ ਤੇ ਜਦੋਂ ਇਹ ਇਸਲਾਮਾਬਾਦ ਪਹੁੰਚ ਜਾਵੇਗਾ ਤਾਂ ਸਰਕਾਰ ਲਈ ਇਸ ਨੂੰ ਸੰਭਾਲਣਾ ਬਹੁਤ ਮੁਸ਼ਕਲ ਹੋ ਜਾਵੇਗਾ।
ਦਰਅਸਲ ਪੇਸ਼ਾਵਰ ‘ਚ ਪਾਰਟੀ ਸੰਮੇਲਨ ‘ਚ ਬੋਲਦੇ ਹੋਏ ਬਿਲਾਵਲ ਭੁੱਟੋ ਨੇ ਕਿਹਾ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਆਪਣੇ ਸਾਰੇ ਵਾਅਦਿਆਂ ਤੋਂ ਪਿੱਛੇ ਹਟ ਗਏ ਹਨ। ਉਨ੍ਹਾਂ ਦੀ ਪਾਰਟੀ ਦਾ ਲਾਂਗ ਮਾਰਚ, ਜੋ 27 ਫਰਵਰੀ ਨੂੰ ਸ਼ੁਰੂ ਹੋਵੇਗਾ, “ਭ੍ਰਿਸ਼ਟ ਤੇ ਅਯੋਗ” ਫੈਡਰਲ ਸਰਕਾਰ ਨੂੰ ਬੇਦਖ਼ਲ ਕਰੇਗਾ। ਇਮਰਾਨ ਖ਼ਾਨ ਸਰਕਾਰ ‘ਤੇ ਹਮਲਾ ਕਰਦੇ ਹੋਏ ਬਿਲਾਵਲ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੇ ਅਪਾਹਜ ਸਰਕਾਰ ਖ਼ਿਲਾਫ਼ ਜੰਗ ਛੇੜਨ ਦਾ ਐਲਾਨ ਕੀਤਾ ਹੈ। ਬਿਲਾਵਲ ਨੇ ਮੰਗਲਵਾਰ ਨੂੰ ਪਾਰਟੀ ਦੇ ਯੋਜਨਾਬੱਧ ਲਾਂਗ ਮਾਰਚ ਦੇ ਰੂਟ ਪਲਾਨ ਨੂੰ ਮਨਜ਼ੂਰੀ ਦੇ ਦਿੱਤੀ ਹੈ।ਬਿਲਾਵਲ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਦਾ ਯੋਜਨਾਬੱਧ ਲਾਂਗ ਮਾਰਚ 27 ਫਰਵਰੀ ਨੂੰ ਕਰਾਚੀ ਤੋਂ ਸ਼ੁਰੂ ਹੋਵੇਗਾ। ਇਸ ਦੌਰਾਨ ਸਾਡਾ ਮਾਰਚ ਕਰਾਚੀ ਤੋਂ ਸ਼ੁਰੂ ਹੋਵੇਗਾ ਤੇ ਸਿੰਧ ਤੇ ਪੰਜਾਬ ਦੇ ਵੱਖ-ਵੱਖ 34 ਸ਼ਹਿਰਾਂ ਤੋਂ ਹੁੰਦਾ ਹੋਇਆ 10 ਦਿਨਾਂ ਦੇ ਅੰਦਰ ਇਸਲਾਮਾਬਾਦ ਪਹੁੰਚੇਗਾ। ਇਸ ਤੋਂ ਇਲਾਵਾ ਬਿਲਾਵਲ ਨੇ ਕਿਹਾ ਕਿ ਜੋ ਲੋਕ ਪਹਿਲਾਂ ਪੀਟੀਆਈ ਦੀ ਅਗਵਾਈ ਵਾਲੀ ਸਰਕਾਰ ਦੇ ਖ਼ਿਲਾਫ਼ ਬੇਭਰੋਸਗੀ ਮਤਾ ਲਿਆਉਣ ਦੇ ਖ਼ਿਲਾਫ਼ ਸਨ, ਉਹ ਹੁਣ ਇਸ ਲਈ ਸਹਿਮਤ ਹੋ ਗਏ ਹਨ। ਬਿਲਾਵਲ ਨੇ ਇਹ ਵੀ ਕਿਹਾ ਕਿ ਪਾਰਟੀ ਦਾ ਯੋਜਨਾਬੱਧ ਮਾਰਚ ਸਾਰੇ ਸੂਬਿਆਂ ਦੇ ਮੁੱਦਿਆਂ ਦੀ ਨੁਮਾਇੰਦਗੀ ਕਰੇਗਾ ਤੇ ਪਾਰਟੀ ਨੂੰ ਬੇਭਰੋਸਗੀ ਮਤੇ ਨੂੰ ਅੱਗੇ ਵਧਾਉਣ ਲਈ ਲੋਕਾਂ ਦੇ ਸਮਰਥਨ ਦੀ ਲੋੜ ਹੈ। ਇਮਰਾਨ ਖਾਨ ‘ਤੇ ਨਿਸ਼ਾਨਾ ਸਾਧਦੇ ਹੋਏ ਬਿਲਾਵਲ ਨੇ ਉਨ੍ਹਾਂ ਨੂੰ ਕੁਝ ਲੋਕਾਂ ਦਾ ਪ੍ਰਧਾਨ ਮੰਤਰੀ ਕਿਹਾ। ਉਨ੍ਹਾਂ ਕਿਹਾ ਕਿ ਇਮਰਾਨ ਖ਼ਾਨ ਨੇ ਬਦਲਾਅ ਦਾ ਵਾਅਦਾ ਕੀਤਾ ਸੀ ਪਰ ਉਹ ਇਸ ਨੂੰ ਪੂਰਾ ਕਰਨ ‘ਚ ਅਸਫ਼ਲ ਰਹੇ।