ਯੂਕਰੇਨ ਨਾਲ ਵਧਦੇ ਤਣਾਅ ਤੋਂ ਬਾਅਦ ਰੂਸ ਦੇ ਚੀਨ ਨਾਲ ਨਵੇਂ ਗਠਜੋੜ ਦੀਆਂ ਰਿਪੋਰਟਾਂ ਦੇ ਵਿਚਕਾਰ ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਦਾ ਬਿਆਨ ਆਇਆ ਹੈ। ਬਾਇਡਨ ਨੇ ਰੂਸ-ਚੀਨ ਦੀ ਵਧਦੀ ਨੇੜਤਾ ਨੂੰ ਪੁਰਾਣੀ ਦੱਸਿਆ। ਅਮਰੀਕੀ ਰਾਸ਼ਟਰਪਤੀ ਨੇ ਐਤਵਾਰ ਨੂੰ ਕਿਹਾ ਕਿ ਚੀਨੀ ਤੇ ਰੂਸੀ ਦੇਸ਼ਾਂ ਦੇ ਮੁਖੀਆਂ ਨੇ ਪਿਛਲੇ ਹਫਤੇ ਬੀਜਿੰਗ ‘ਚ ਮੁਲਾਕਾਤ ਤੋਂ ਬਾਅਦ ਆਪਣੇ ਦੇਸ਼ਾਂ ਵਿਚਾਲੇ ਦੋਸਤੀ ਦੀ ਪੁਸ਼ਟੀ ਕੀਤੀ, ਪਰ ਅਜਿਹਾ ਕੁਝ ਵੀ ਨਵਾਂ ਨਹੀਂ ਹੈ।
ਪੱਤਰਕਾਰਾਂ ਦੁਆਰਾ ਪੁੱਛੇ ਜਾਣ ‘ਤੇ ਕਿ ਉਹ ਰੂਸ ਦੇ ਚੀਨ ਦੇ ਬਹੁਤ ਨੇੜੇ ਆਉਣ ਤੋਂ ਚਿੰਤਤ ਸਨ, ਬਾਇਡਨ ਨੇ ਕਿਹਾ ਕਿ ਚਿੰਤਾ ਕਰਨ ਦੀ ਕੋਈ ਨਵੀਂ ਗੱਲ ਨਹੀਂ ਹੈ। ਜ਼ਿਕਰਯੋਗ ਹੈ ਕਿ ਬਾਇਡਨ ਦਾ ਇਹ ਬਿਆਨ ਸ਼ੁੱਕਰਵਾਰ ਨੂੰ ਬੀਜਿੰਗ ‘ਚ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਮੁਲਾਕਾਤ ਤੋਂ ਬਾਅਦ ਆਇਆ ਹੈ।ਦਰਅਸਲ ਬੀਜਿੰਗ ਓਲੰਪਿਕ ਖੇਡਾਂ ਦੇ ਜਸ਼ਨਾਂ ਦਾ ਹਿੱਸਾ ਬਣਨ ਗਏ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਾਲੇ ਵੱਡਾ ਸਮਝੌਤਾ ਹੋਇਆ ਹੈ। ਇਹ ਸੌਦਾ ਗੈਸ ਅਤੇ ਤੇਲ ਦੀ ਸਪਲਾਈ ਨਾਲ ਸਬੰਧਤ ਹੈ। ਇਹ ਧਿਆਨ ਦੇਣ ਯੋਗ ਹੈ ਕਿ ਪੂਰੇ ਯੂਰਪ ਨੂੰ ਜ਼ਿਆਦਾਤਰ ਗੈਸ ਅਤੇ ਤੇਲ ਦੀ ਸਪਲਾਈ ਰੂਸ ਤੋਂ ਆਉਂਦੀ ਹੈ। ਪਰ ਹਾਲ ਹੀ ਦੇ ਦਿਨਾਂ ਵਿੱਚ, ਯੂਕਰੇਨ ਨਾਲ ਤਣਾਅ ਵਧਣ ਅਤੇ ਅਮਰੀਕਾ ਦੇ ਇਸ ‘ਚ ਕੁੱਦਣ ਨਾਲ ਸਥਿਤੀ ਬਦਲ ਰਹੀ ਹੈ। ਇਸ ਕਾਰਨ ਰੂਸ ਆਪਣੇ ਵਪਾਰਕ ਭਾਈਵਾਲਾਂ ਵਜੋਂ ਨਵੇਂ ਵਿਕਲਪਾਂ ਦੀ ਤਲਾਸ਼ ਕਰ ਰਿਹਾ ਹੈ।
ਚੀਨੀ ਵਿਦੇਸ਼ ਮੰਤਰਾਲੇ ਦੇ ਅਨੁਸਾਰ, ਦੋਵਾਂ ਰਾਸ਼ਟਰਪਤੀਆਂ ਨੇ ਚੀਨ-ਰੂਸ ਸਬੰਧਾਂ ਤੇ ਅੰਤਰਰਾਸ਼ਟਰੀ ਰਣਨੀਤਕ ਸੁਰੱਖਿਆ ਅਤੇ ਸਥਿਰਤਾ ਨਾਲ ਜੁੜੇ ਪ੍ਰਮੁੱਖ ਮੁੱਦਿਆਂ ‘ਤੇ ਡੂੰਘਾਈ ਨਾਲ ਚਰਚਾ ਕੀਤੀ।
ਦੂਜੇ ਪਾਸੇ, ਸ਼ੀ ਨੇ ਪੁਤਿਨ ਦੇ ਦੌਰੇ ਨੂੰ ਵਿੰਟਰ ਓਲੰਪਿਕ ਲਈ ਇੱਕਜੁੱਟ ਹੋਣ ਦੀ ਵਚਨਬੱਧਤਾ ਵਜੋਂ ਦਰਸਾਇਆ, ਜਿਸ ਨਾਲ ਚੀਨ-ਰੂਸ ਸਬੰਧਾਂ ਵਿੱਚ ਨਵੀਂ ਊਰਜਾ ਸ਼ਾਮਲ ਹੈ।