ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਫੋਨ ‘ਤੇ ਗੱਲ ਕੀਤੀ ਅਤੇ ਯੂਕਰੇਨ ਲਈ ਉਨ੍ਹਾਂ ਦੇ ‘ਸ਼ਾਂਤੀ ਅਤੇ ਮਨੁੱਖਤਾਵਾਦੀ ਸਮਰਥਨ’ ਦੇ ਸੰਦੇਸ਼ ਲਈ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ। ਸ੍ਰੀ ਮੋਦੀ ਦੀ 23 ਅਗਸਤ ਦੀ ਕੀਵ ਫੇਰੀ ਨੂੰ ਕੂਟਨੀਤਕ ਸੰਤੁਲਨ ਬਣਾਉਣ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ ਕਿਉਂਕਿ ਬਾਇਡਨ ਪ੍ਰਸ਼ਾਸਨ ਨੇ ਪਿਛਲੇ ਮਹੀਨੇ ਉਨ੍ਹਾਂ ਦੇ ਰੂਸ ਦੌਰੇ ਦੀ ਆਲੋਚਨਾ ਕੀਤੀ ਸੀ ਅਤੇ ਕਈ ਪੱਛਮੀ ਦੇਸ਼ਾਂ ਨੇ ਇਸ ‘ਤੇ ਨਾਰਾਜ਼ਗੀ ਪ੍ਰਗਟਾਈ ਸੀ। ਐਕਸ ‘ਤੇ ਪੋਸਟ ਵਿੱਚ ਬਾਇਡਨ ਨੇ ਕਿਹਾ, ‘ਮੈਂ ਪ੍ਰਧਾਨ ਮੰਤਰੀ ਮੋਦੀ ਨਾਲ ਉਨ੍ਹਾਂ ਦੀ ਹਾਲੀਆ ਪੋਲੈਂਡ ਅਤੇ ਯੂਕਰੇਨ ਦੀ ਯਾਤਰਾ ‘ਤੇ ਚਰਚਾ ਕਰਨ ਲਈ ਫੋਨ ’ਤੇ ਗੱਲ ਕੀਤੀ ਅਤੇ ਯੂਕਰੇਨ ਲਈ ਸ਼ਾਂਤੀ ਅਤੇ ਮਨੁੱਖਤਾਵਾਦੀ ਸਮਰਥਨ ਦੇ ਉਨ੍ਹਾਂ ਦੇ ਸੰਦੇਸ਼ ਦੀ ਸ਼ਲਾਘਾ ਕੀਤੀ। ਅਸੀਂ ਹਿੰਦ-ਪ੍ਰਸ਼ਾਂਤ ਵਿੱਚ ਸ਼ਾਂਤੀ ਅਤੇ ਖੁਸ਼ਹਾਲੀ ਵਿੱਚ ਯੋਗਦਾਨ ਪਾਉਣ ਲਈ ਮਿਲ ਕੇ ਕੰਮ ਕਰਨ ਦੀ ਆਪਣੀ ਵਚਨਬੱਧਤਾ ਦੀ ਵੀ ਪੁਸ਼ਟੀ ਕੀਤੀ ਹੈ।’