ਓਨਟਾਰੀਓ : ਸਤੰਬਰ ਵਿੱਚ ਮੁੜ ਖੁੱਲ੍ਹਣ ਜਾ ਰਹੇ ਸਕੂਲਾਂ ਦੇ ਮੱਦੇਨਜ਼ਰ ਵਿਦਿਆਰਥੀਆਂ ਦੀ ਸੇਫਟੀ ਨੂੰ ਯਕੀਨੀ ਬਣਾਉਣ ਲਈ ਫੈਡਰਲ ਸਰਕਾਰ ਵੱਲੋਂ ਓਨਟਾਰੀਓ ਨੂੰ 762 ਮਿਲੀਅਨ ਡਾਲਰ ਦੀ ਮਦਦ ਮਿਲੇਗੀ। ਫੈਡਰਲ ਸਰਕਾਰ ਵੱਲੋਂ ਦੇਸ਼ ਭਰ ਵਿੱਚ ਸੇਫ ਰੀਸਟਾਰਟ ਪਲੈਨ ਲਈ ਜਿਹੜੇ 2 ਬਿਲੀਅਨ ਡਾਲਰ ਐਲਾਨੇ ਗਏ ਸਨ ਇਹ ਰਕਮ ਉਸ ਦਾ ਹੀ ਹਿੱਸਾ ਹੈ।
ਓਨਟਾਰੀਓ ਲਈ ਪ੍ਰਤੀ ਵਿਅਕਤੀ ਸੇ਼ਅਰ ਦੋ ਹਿੱਸਿਆਂ ਵਿੱਚ ਡਲਿਵਰ ਕੀਤਾ ਜਾਵੇਗਾ-ਜਿਸ ਵਿੱਚ ਸਤੰਬਰ ਵਿੱਚ ਬੈਕ ਟੂ ਸਕੂਲ ਪਲੈਨ ਲਈ 381 ਮਿਲੀਅਨ ਡਾਲਰ ਤੇ ਸੰਭਾਵੀ ਤੌਰ ਉੱਤੇ ਵਾਇਰਸ ਦੀ ਜਨਵਰੀ ਵਿੱਚ ਆਉਣ ਵਾਲੀ ਦੂਜੀ ਵੇਵ ਦੌਰਾਨ ਉਦੋਂ ਦਿੱਤਾ ਜਾਵੇਗਾ। ਇਹ ਰਕਮ ਸਕੂਲਾਂ ਲਈ ਵਾਧੂ ਜੈਨੀਟਰਜ਼, ਪਬਲਿਕ ਹੈਲਥ ਨਰਸਾਂ, ਅਧਿਆਪਕਾਂ ਦੀਆਂ ਸੇਵਾਵਾਂ ਲੈਣ ਤੇ ਸਕੂਲਾਂ ਵਿੱਚ ਸਹੀ ਵੈਂਟੀਲੇਸ਼ਨ ਦਾ ਇੰਤਜ਼ਾਮ ਕਰਨ ਲਈ ਐਚਵੀਏਸੀ ਸਿਸਟਮ ਇਨਸਟਾਲ ਕਰਨ ਲਈ ਖਰਚੀ ਜਾਵੇਗੀ।
ਸਿੱਖਿਆ ਮੰਤਰੀ ਸਟੀਫਨ ਲਿਚੇ ਨੇ ਇੱਕ ਬਿਆਨ ਜਾਰੀ ਕਰਕੇ ਆਖਿਆ ਕਿ ਓਨਟਾਰੀਓ ਵਿੱਚ ਸਕੂਲਾਂ ਨੂੰ ਸੇਫ ਤੇ ਸਿਹਤਮੰਦ ਰੱਖਣ ਲਈ ਸਾਡੀ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਕੋਸਿ਼ਸ਼ਾਂ ਤੇ ਨਿਵੇਸ਼ ਵਿੱਚ ਫੈਡਰਲ ਸਰਕਾਰ ਵੱਲੋਂ ਪਾਇਆ ਜਾ ਰਿਹਾ ਇਹ ਯੋਗਦਾਨ ਸੋਨੇ ਤੇ ਸੁਹਾਗੇ ਵਾਲੀ ਗੱਲ ਹੈ। ਪ੍ਰੋਵਿੰਸ ਵੱਲੋਂ ਸਕੂਲਾਂ ਨੂੰ ਮੁੜ ਖੋਲ੍ਹਣ ਦੀ ਆਪਣੀ ਯੋਜਨਾ ਲਈ ਪ੍ਰੋਵਿੰਸ ਵੱਲੋਂ 359 ਮਿਲੀਅਨ ਡਾਲਰ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪ੍ਰੋਵਿੰਸ ਵੱਲੋਂ ਸਕੂਲ ਬੋਰਡਜ਼ ਨੂੰ ਵੀ ਇਹ ਇਜਾਜ਼ਤ ਦਿੱਤੀ ਗਈ ਹੈ ਕਿ ਉਹ ਕਲਾਸਾਂ ਦਾ ਆਕਾਰ ਘਟਾਉਣ ਲਈ ਵਾਧੂ ਅਧਿਆਪਕਾਂ ਦੀਆਂ ਸੇਵਾਵਾਂ ਲੈਣ ਲਈ ਆਪਣੇ ਰਾਖਵੇਂ ਫੰਡਾਂ ਦੀ ਵਰਤੋਂ ਵੀ ਕਰ ਸਕਦੇ ਹਨ।
ਇਸ ਦੌਰਾਨ ਐਨਡੀਪੀ ਆਗੂ ਐਂਡਰੀਆ ਹੌਰਵਥ ਨੇ ਆਖਿਆ ਕਿ ਫੈਡਰਲ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਆਰਥਿਕ ਮਦਦ ਨੂੰ ਸਵੀਕਾਰ ਕਰਕੇ ਪ੍ਰੀਮੀਅਰ ਡੱਗ ਫੋਰਡ ਇਹ ਮੰਨ ਰਹੇ ਹਨ ਕਿ ਉਨ੍ਹਾਂ ਦੀ ਸਰਕਾਰ ਨੇ ਲੋੜੀਂਦਾ ਨਿਵੇਸ਼ ਨਹੀਂ ਕੀਤਾ। ਹੌਰਵਥ ਨੇ ਫੋਰਡ ਤੋਂ ਮੰਗ ਕੀਤੀ ਕਿ ਉਹ ਮਾਪਿਆਂ ਤੇ ਐਜੂਕੇਟਰਜ਼ ਵੱਲੋਂ ਉਠਾਏ ਗਏ ਮੁੱਦਿਆਂ ਨੂੰ ਹੱਲ ਕਰਨ ਲਈ ਫੈਡਰਲ ਸਰਕਾਰ ਵੱਲੋਂ ਕੀਤੇ ਜਾ ਰਹੇ ਨਿਵੇਸ਼ ਨੂੰ ਦੁੱਗਣਾ ਕਰਨ।
previous post