ਇੱਕ ਵਾਰ ਫਿਰ ਸਰਕਾਰ ਬਣਾਉਣ ਲਈ ਐਨ.ਡੀ.ਪੀ. ਵਲੋਂ ਅਹਿਮ ਭੂਮਿਕਾ ਨਿਭਾਉਣ ਦੀ ਸਭਾਵਨਾ
ਸਰੀ : ਤਾਜ਼ਾ ਸਰਵੇਖਣਾਂ ਅਨੁਸਾਰ ਇਸ ਵਾਰ ਵੀ ਫੈਡਰਲ ਚੋਣਾਂ ‘ਚ ਕਿਸੇ ਵੀ ਪਾਰਟੀ ਨੂੰ ਬਹੁਮਤ ਮਿਲਣ ਦੀ ਸੰਭਾਵਨਾ ਬਹੁਤ ਘੱਟ ਹੈ ਅਤੇ ਅਜਿਹੇ ‘ਚ ਜਗਮੀਤ ਸਿੰਘ ਦੀ ਪਾਰਟੀ ਐਨ.ਡੀ.ਪੀ. ਫਿਰ ਸਰਕਾਰ ਬਣਾਉਣ ਲਈ ਅਹਿਮ ਭੂਮਿਕਾ ਨਿਭਾ ਸਕਦੀ ਹੈ। ਫੈਡਰਲ ਚੋਣਾਂ ਵਿੱਚ 2 ਦਿਨ ਬਾਕੀ ਹਨ ਅਤੇ ਐਡਵਾਂਸ ਵੋਟਿੰਗ ਤੋਂ ਬਾਅਦ ਜਸਟਿਨ ਟਰੂਡੋ ਦੇ ਲਿਬਰਲਾਂ ਤੇ ਓਟੂਲ ਦੀ ਅਗਵਾਈ ਵਾਲੇ ਕੰਜ਼ਰਵੇਟਿਵਾਂ ਦਰਮਿਆਨ ਮੁਕਾਬਲਾ ਹੋਰ ਵੀ ਸਖਤ ਹੋ ਗਿਆ ਹੈ। ਕੈਨੇਡਾ ਦੀ ਨਵੀਂ ਸਰਕਾਰ ਨੂੰ ਲੈ ਕੇ ਲੋਕਾਂ ‘ਚ ਪਿਛਲੀਆਂ ਫੈਡਰਲ ਚੋਣਾਂ ਦੀ ਤਰ੍ਹਾਂ ਇਸ ਵਾਰ ਵੀ ਸ਼ਸ਼ੋਪੰਜ ਬਰਕਰਾਰ ਹੈ, ਕਿਉਂਕਿ ਸਰਵੇਖਣਾਂ ‘ਚ ਇਸ ਵਾਰ ਵੀ ਕਿਸੇ ਪਾਰਟੀ ਨੂੰ ਬਹੁਮਤ ਮਿਲਦਾ ਦਿਖਾਈ ਨਹੀਂ ਦਿੱਤਾ। ਫੈਡਰਲ ਚੋਣਾਂ ਲਈ ਐਡਵਾਂਸ ਵੋਟਿੰਗ 10 ਤੋਂ 13 ਸਤੰਬਰ ਤੱਕ ਹੋਈ ਅਤੇ ਇਸ ਵਾਰ ਕੈਨੇਡੀਅਨ ਨਾਗਰਿਕਾਂ ਨੇ ਐਡਵਾਂਸ ਵੋਟਿੰਗ ਪ੍ਰਤੀ ਭਾਰੀ ਉਤਸ਼ਾਹ ਵਿਖਾਇਆ। 2019 ਦੇ ਮੁਕਾਬਲੇ ਇਸ ਵਾਰ ਤਕਰੀਬਨ 19% ਵੱਧ ਲੋਕਾਂ ਨੇ ਐਡਵਾਂਸ ਵੋਟਿੰਗ ਦਾ ਇਸਤੇਮਾਲ ਕੀਤਾ ਅਤੇ ਤਕਰੀਬਨ 5.8 ਮਿਲੀਅਨ ਲੋਕਾਂ ਨੇ ਫੈਡਰਲ ਚੋਣਾਂ 2021 ਲਈ ਐਡਵਾਂਸ ਵੋਟ ਪਾਈ। ਜੋ ਕਿ 2015 ਦੀਆਂ ਐਡਵਾਂਸ ਵੋਟਾਂ ਤੋਂ 59 ਫੀਸਦੀ ਵੱਧ ਹੈ। ਇਸ ਵਾਰ ਕੈਨੇਡਾ ‘ਚ ਕੋਰੋਨਾ ਵਾਇਰਸ ਮਹਾਂਮਾਰੀ ਦੇ ਚੱਲਦੇ ਸਿਆਸੀ ਪਾਰਟੀਆਂ ਵਲੋਂ ਵੀ ਐਡਵਾਂਸ ਵੋਟਿੰਗ ਨੂੰ ਵੱਧ ਉਤਸ਼ਾਹਿਤ ਕੀਤਾ ਗਿਆ ਸੀ। ਜ਼ਿਰਕਯੋਗ ਹੈ ਕਿ 2019 ‘ਚ ਲਿਬਰਲ ਪਾਰਟੀ ਬਹੁਮੱਤ ਹਾਸਲ ਕਰਨ ਤੋਂ ਸਿਰਫ਼ 13 ਸੀਟਾਂ ਕਾਰਨ ਖੁੱਝ ਗਈ ਸੀ ਅਤੇ ਕੋਵਿਡ-19 ਮਹਾਂਮਾਰੀ ਦੌਰਾਨ ਕੀਤੇ ਕੰਮਾਂ ਦੇ ਚੱਲਦੇ ਜਸਟਿਨ ਟਰੂਡੋ ਨੇ ਸਮੇਂ ਤੋਂ ਪਹਿਲਾਂ ਫੈਡਰਲ ਚੋਣਾਂ ਦਾ ਐਲਾਨ ਕਰ ਦਿੱਤਾ। ਮਹਾਂਮਾਰੀ ਦੇ ਦੌਰ ‘ਚ ਚੋਣਾਂ ਕਰਵਾਉਣ ਦੇ ਫੈਸਲੇ ਦਾ ਭਾਵੇਂ ਕਿ ਕਾਫੀ ਵਿਰੋਧ ਵੀ ਹੋਇਆ ਪਰ ਲੋਕ ਨਵੀਂ ਸਰਕਾਰ ਬਣਾਉਣ ਲਈ ਵੋਟਿੰਗ ਪ੍ਰਤੀ ਉਤਸ਼ਾਹ ਵਿਖਾ ਰਹੇ ਹਨ।
ਸਰਵੇਖਣਾਂ ‘ਚ ਕਿਸੇ ਵੀ ਪਾਰਟੀ ਨੂੰ ਅਜੇ ਵੀ ਸ਼ਪੱਸ਼ਟ ਬਹੁਮਤ ਮਿਲਦਾ ਨਹੀਂ ਵਿਖ ਰਿਹਾ। ਸਰਵੇਖਣਾਂ ਅਨੁਸਾਰ ਲਿਬਰਲ ਪਾਰਟੀ ਨੂੰ 146 ਮਿਲ ਸਕਦੀਆਂ ਅਤੇ ਕੰਜ਼ਰਵੇਟਿਵ 126 ਸੀਟਾਂ। ਸੀਬੀਸੀ ਅਨੁਸਾਰ ਲਿਬਰਲ ਪਾਰਟੀ ਨੂੰ ਬਹੁਮੱਤ ਹਾਸਲ ਕਰਨ ਦੀ 16% ਉਮੀਦ ਹੈ।
ਲੈਜੇਰ ਵੱਲੋਂ ਕਰਵਾਏ ਗਏ ਇੱਕ ਸਰਵੇਖਣ ਅਨੁਸਾਰ ਦੋਵਾਂ ਪਾਰਟੀਆਂ ਨੂੰ ਤੈਅਸ਼ੁਦਾ ਵੋਟਰਾਂ ਦਾ 32 ਫੀਸਦੀ ਸਮਰਥਨ ਹਾਸਲ ਹੋ ਰਿਹਾ ਹੈ ਜਦਕਿ ਐਨਡੀਪੀ 20 ਫੀਸਦੀ ਸਮਰਥਨ ਨਾਲ ਤੀਜੀ ਥਾਂ ਉੱਤੇ ਚੱਲ ਰਹੀ ਹੈ। ਇਹੋ ਜਿਹਾ ਹੀ ਇੱਕ ਸਰਵੇਖਣ ਦੋ ਹਫਤੇ ਪਹਿਲਾਂ ਕਰਵਾਇਆ ਗਿਆ ਸੀ, ਉਸ ਸਮੇਂ ਕੰਜ਼ਰਵੇਟਿਵ 34 ਫੀ ਸਦੀ ਨਾਲ ਅੱਗੇ ਚੱਲ ਰਹੇ ਸਨ ਤੇ ਲਿਬਰਲ 30 ਫੀਸਦੀ ਨਾਲ ਦੂਜੇ ਸਥਾਨ ਉੱਤੇ ਸਨ ਜਦਕਿ ਐਨਡੀਪੀ ਨੂੰ 24 ਫੀਸਦੀ ਸਮਰਥਨ ਹਾਸਲ ਹੋ ਰਿਹਾ ਸੀ।
ਇਹ ਸਰਵੇਖਣ ਇੰਟਰਨੈੱਟ ਉੱਤੇ ਆਧਾਰਤ ਸੀ। ਇਸ ਦੌਰਾਨ ਟਰੂਡੋ ਨੇ ਓਟੂਲ ਉੱਤੇ ਨਿਜੀ ਹਮਲੇ ਕਰਨ ਦਾ ਦੋਸ਼ ਲਾਇਆ। ਟਰੂਡੋ ਨੇ ਇਹ ਵੀ ਆਖਿਆ ਕਿ ਐਂਟੀ ਵੈਕਸਰ ਮੂਵਮੈਂਟ ਵਿੱਚ ਵੀ ਓਟੂਲ ਦੇ ਹਮਾਇਤੀ ਸਨ। ਪਰ ਇਸ ਬਾਰੇ ਉਹ ਕੋਈ ਠੋਸ ਸਬੂਤ ਨਹੀਂ ਦੇ ਸਕੇ।