ਸੰਯੁਕਤ ਰਾਸ਼ਟਰ ਮਹਾਸਭਾ ਵਿਚ ਇਕ ਅਹਿਮ ਮਤਾ ਪਾਸ ਹੋਇਆ ਜਿਸ ਵਿਚ ਭਾਰਤ ਸਣੇ 142 ਦੇਸ਼ਾਂ ਨੇ ਸਮਰਥਨ ਦਿੱਤਾ। ਇਹ ਮਤਾ ਫਰਾਂਸ ਦੇ ਪੇਸ਼ ਕੀਤਾ ਜਿਸ ਦਾ ਮੰਤਵ ਇਜ਼ਰਾਈਲ ਤੇ ਫਲਸਤੀਨ ਵਿਚ ਸ਼ਾਂਤੀ ਸਥਾਪਤ ਕਰਨ ਨੂੰ ਹੁਲਾਰਾ ਦੇਣਾ ਸੀ ਤੇ ਦੋ ਰਾਜ ਪ੍ਰਣਾਲੀ ਨੂੰ ਲਾਗੂ ਕਰਨਾ ਸੀ। ਭਾਰਤ ਨੇ ਸੰਯੁਕਤ ਰਾਸ਼ਟਰ ਵਿਚ ਫਲਸਤੀਨ ਨੂੰ ਰਾਜ ਦਾ ਦਰਜਾ ਦੇਣ ਦੇ ਹੱਕ ਵਿਚ ਵੋਟ ਪਾਈ। ਇਸ ਪ੍ਰਸਤਾਵ ਵਿਚ ਅਕਤੂਬਰ 2023 ਵਿਚ ਹਮਾਸ ਵਲੋਂ ਇਜ਼ਰਾਈਲ ’ਤੇ ਕੀਤੇ ਗਏ ਹਮਲੇ ਦੀ ਵੀ ਨਿਖੇਧੀ ਕੀਤੀ ਗਈ ਜਿਸ ਵਿਚ 1200 ਲੋਕ ਮਾਰੇ ਗਏ ਸਨ ਤੇ ਢਾਈ ਸੌ ਤੋਂ ਜ਼ਿਆਦਾ ਨੂੰ ਬੰਦੀ ਬਣਾਇਆ ਗਿਆ ਸੀ। ਇਸ ਦੇ ਨਾਲ ਹੀ ਗਾਜ਼ਾ ਵਿਚ ਇਜ਼ਰਾਈਲ ਦੀ ਜਵਾਬੀ ਕਾਰਵਾਈ ਦੀ ਵੀ ਨਿਖੇਧੀ ਕੀਤੀ ਗਈ ਜਿਸ ਵਿਚ ਤਬਾਹੀ ਦਾ ਜ਼ਿਕਰ ਕੀਤਾ ਗਿਆ।