ਇਸ ਸਾਲ ਆਸਟ੍ਰੇਲੀਆ ‘ਚ ਹੋਣ ਵਾਲੇ ਟੀ-20 ਵਿਸ਼ਵ ਕੱਪ 2022 ਲਈ ਟਿਕਟਾਂ ਦੀ ਵਿਕਰੀ ਸ਼ੁਰੂ ਹੋ ਗਈ ਹੈ। ਜਦੋਂ ਵੀ ਭਾਰਤ ਅਤੇ ਪਾਕਿਸਤਾਨ (ਭਾਰਤ ਬਨਾਮ ਪਾਕਿਸਤਾਨ) ਦੀਆਂ ਟੀਮਾਂ ਕਿਸੇ ਵੀ ਮੰਚ ‘ਤੇ ਆਹਮੋ-ਸਾਹਮਣੇ ਹੁੰਦੀਆਂ ਹਨ ਤਾਂ ਪ੍ਰਸ਼ੰਸਕਾਂ ਦਾ ਜੋਸ਼ ਸਿਖਰ ‘ਤੇ ਹੁੰਦਾ ਹੈ ਅਤੇ ਟਿਕਟਾਂ ਦੀ ਖਰੀਦਦਾਰੀ ‘ਚ ਵੀ ਅਜਿਹਾ ਹੀ ਦੇਖਣ ਨੂੰ ਮਿਲਿਆ। T20 ਵਿਸ਼ਵ ਕੱਪ-2022 ਵਿੱਚ ਭਾਰਤ-ਪਾਕਿਸਤਾਨ (T20 WC- IND vs PAK) ਮੈਚ 23 ਅਕਤੂਬਰ ਨੂੰ ਮੈਲਬੌਰਨ ‘ਚ ਹੋਣਾ ਹੈ ਪਰ ਇਸ ਦੀਆਂ ਟਿਕਟਾਂ ਪੰਜ ਮਿੰਟਾਂ ਵਿੱਚ ਹੀ ਵਿਕ ਗਈਆਂ।
ਆਈਸੀਸੀ ਦਾ ਇਹ ਟੂਰਨਾਮੈਂਟ 16 ਅਕਤੂਬਰ ਤੋਂ 13 ਨਵੰਬਰ ਤਕ ਖੇਡਿਆ ਜਾਣਾ ਹੈ। ਇਸ ਦੇ ਲਈ ਪ੍ਰਸ਼ੰਸਕ ਸਟੇਡੀਅਮ ਜਾ ਕੇ ਮੈਚ ਦਾ ਆਨੰਦ ਲੈਣ ਦੇ ਮਕਸਦ ਨਾਲ ਟਿਕਟਾਂ ਖਰੀਦ ਸਕਦੇ ਹਨ। ਇਹ ਟਿਕਟਾਂ t20worldcup.com ‘ਤੇ ਉਪਲਬਧ ਹਨ। ਇਸ ਵਿੱਚ ਫਾਈਨਲ ਸਮੇਤ 45 ਮੈਚਾਂ ਦੀਆਂ ਟਿਕਟਾਂ ਖਰੀਦੀਆਂ ਜਾ ਸਕਦੀਆਂ ਹਨ। ਆਈਸੀਸੀ ਨੇ ਇਕ ਬਿਆਨ ‘ਚ ਕਿਹਾ, “ਬੱਚਿਆਂ ਲਈ ਟਿਕਟਾਂ ਪਹਿਲੇ ਦੌਰ ਤੇ ਸੁਪਰ 12 ਪੜਾਅ ਲਈ $5 ਦੀ ਹੈ, ਜਦੋਂਕਿ ਬਾਲਗਾਂ ਲਈ $20 ਦੀ।”