ਚੰਡੀਗੜ੍ਹ: ਪੰਜਾਬ ‘ਚ ਕੋਰੋਨਾਵਾਇਰਸ ਦਾ ਖੌਫ਼ ਚਾਰੇ ਪਾਸੇ ਨਜ਼ਰ ਆਉਣ ਲੱਗਾ ਹੈ। ਸੂਬੇ ‘ਚ ਕੋਰੋਨਾਵਾਇਰਸ ਨੂੰ ਰੋਕ ਲਾਉਣ ਲਈ ਅੱਜ ਰਾਤ ਤੋਂ ਸਾਰੀਆਂ ਸਰਕਾਰੀ ਤੇ ਪ੍ਰਾਈਵੇਟ ਬੱਸਾਂ ਬੰਦ ਹੋ ਜਾਣਗੀਆਂ। ਸਰਕਾਰ ਨੇ ਰਾਜ ‘ਚ ਸਾਰੀਆਂ ਜਨਤਕ ਟ੍ਰਾਂਸਪੋਰਟ ਸੁਵਿਧਾਵਾਂ ਨੂੰ ਬੰਦ ਕਰਨ ਦਾ ਫੈਸਲਾ ਲਿਆ ਹੈ। ਆਟੋ ਤੇ ਟੈਕਸੀਆਂ ਦੇ ਚੱਲਣ ਤੇ ਵੀ ਰੋਕ ਲਾ ਦਿੱਤੀ ਗਈ ਹੈ।ਪੰਜਾਬ ਸਰਕਾਰ ਨੇ ਐਡਵਾਈਜ਼ਰੀ ਜਾਰੀ ਕੀਤੀ ਹੈ ਕਿ ਜੇ ਲੋਕਾਂ ਲਈ ਬਹੁਤ ਜ਼ਰੂਰੀ ਨਾ ਹੋਵੇ ਤਾਂ ਸਰਕਾਰੀ ਦਫ਼ਤਰ ਆਉਣ ਤੋਂ ਪਰਹੇਜ਼ ਕਰਨ। ਅਮਰਿੰਦਰ ਸਿੰਘ ਸਰਕਾਰ ਨੇ ਰਾਜ ਕੁਦਰਤੀ ਆਫ਼ਤ ਪ੍ਰਬੰਧਨ ਫੰਡ ਵਿੱਚੋਂ ਕੋਰੋਨਾ ਵਾਇਰਸ ਦਾ ਮੁਕਾਬਲਾ ਕਰਨ ਲਈ ਜ਼ਿਲ੍ਹਿਆਂ ਨੂੰ 25 ਕਰੋੜ ਰੁਪਏ ਜਾਰੀ ਕੀਤੇ ਹਨ। ਇਹ ਫੈਸਲਾ ਕੋਰੋਨਾ ਵਾਇਰਸ ਸਬੰਧੀ ਮੰਤਰੀਆਂ ਦੇ ਸਮੂਹ ਦੀ ਬੈਠਕ ਵਿੱਚ ਲਿਆ ਗਿਆ।
ਕੈਬਨਿਟ ਮੰਤਰੀ ਬ੍ਰਹਮਾ ਮਹਿੰਦਰਾ ਨੇ ਦੱਸਿਆ ਕਿ ਕੋਰੋਨਾ ਵਾਇਰਸ ਨੂੰ ਰੋਕਣ ਲਈ ਪੰਜਾਬ ਸਰਕਾਰ ਨੇ ਸਾਵਧਾਨੀ ਵਾਲੇ ਕਈ ਕਦਮ ਚੁੱਕੇ ਹਨ। ਬੱਸਾਂ, ਆਟੋ, ਟੈਕਸੀ ਸਾਰੇ ਪਬਲਿਕ ਟ੍ਰਾਂਸਪੋਰਟ ਤੇ ਰੋਕ ਲਾਈ ਗਈ ਹੈ। ਲੋਕ ਆਪਣੇ ਵਾਹਨਾਂ ਤੇ ਯਾਤਰਾ ਕਰ ਸਕਦੇ ਹਨ। 20 ਤੋਂ ਵੱਧ ਲੋਕਾਂ ਦੇ ਇੱਕਠੇ ਹੋਣ ਤੇ ਵੀ ਰੋਕ ਹੈ।
ਮੈਰਿਜ ਪੈਲੇਸ, ਹੋਟਲ, ਬੈਂਕਿਉਟ ਹਾਲ ਆਦਿ ਨੂੰ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤਾ ਗਿਆ ਹੈ। ਹੋਮ ਡਿਲਿਵਰੀ ਤੇ ਪੈਕਿੰਗ ਦੀ ਮਨਾਹੀ ਨਹੀਂ ਹੋਵੇਗੀ। ਸਰਕਾਰ ਨੇ ਪੰਜਾਬ ਸਕੂਲ ਸਿੱਖਿਆ ਬੋਰਡ (ਪੀਐਸਈਬੀ) ਦੀਆਂ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ 31 ਮਾਰਚ ਤੱਕ ਮੁਲਤਵੀ ਕਰ ਦਿੱਤੀਆਂ ਹਨ।
ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਸਾਰੇ ਡਿਪਟੀ ਕਮਿਸ਼ਨਰਾਂ, ਪੁਲਿਸ ਕਮਿਸ਼ਨਰਾਂ, ਐਸਐਸਪੀ ਤੇ ਸੀਨੀਅਰ ਮੈਡੀਕਲ ਅਫ਼ਸਰਾਂ ਤੇ ਸਿਵਲ ਸਰਜਨਜ਼ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਨੂੰ ਕਿਸੇ ਵੀ ਸਥਿਤੀ ਵਿੱਚ ਆਪਣਾ ਸਟੇਸ਼ਨ ਨਾ ਛੱਡਣ ਦੇ ਆਦੇਸ਼ ਦਿੱਤੇ ਗਏ ਹਨ। ਇਹ ਸਾਰੇ ਕਦਮ ਸਾਵਧਾਨੀ ਵਜੋਂ ਚੁੱਕੇ ਗਏ ਹਨ।
ਸਿਹਤ ਵਿਭਾਗ ਦੀਆਂ ਨਜ਼ਰਾਂ ਤੋਂ ਭੱਜ ਰਹੇ ਲੋਕਾਂ ਨੂੰ ਧਿਆਨ ਵਿੱਚ ਰੱਖਦਿਆਂ, ਸਰਕਾਰ ਹੁਣ ਘਰਾਂ ‘ਚ ਕੁਆਰੰਟੀਨ ਲੋਕਾਂ ‘ਤੇ ਮੋਹਰ ਲਾ ਰਹੀ ਹੈ ਤਾਂ ਜੋ ਉਨ੍ਹਾਂ ਦੀ ਵੱਖਰੀ ਪਛਾਣ ਕੀਤੀ ਜਾ ਸਕੇ। ਸਿਹਤ ਵਿਭਾਗ ਨੇ ਰਾਜ ਵਿੱਚ ਇੱਕ ਹਜ਼ਾਰ ਆਈਸੋਲੇਸ਼ਨ ਵਾਰਡ ਤਿਆਰ ਕੀਤੇ ਹਨ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਆਫ਼ਤ ਨਾਲ ਨਜਿੱਠਿਆ ਜਾ ਸਕੇ। ਜਿਹੜੇ ਲੋਕ ਚੰਡੀਗੜ੍ਹ ਵਿੱਚ ਘਰ ਅੰਦਰ ਆਈਸੋਲੇਸ਼ਨ ਕਰ ਰਹੇ ਹਨ, ਹੁਣ ਉਨ੍ਹਾਂ ਦੀਆਂ ਗੁੱਟਾਂ ‘ਤੇ ਮੋਹਰ ਲਗਾਉਣੀ ਸ਼ੁਰੂ ਕਰ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਰਾਜ ਸਰਕਾਰ ਪਹਿਲਾਂ ਹੀ ਸਾਰੇ ਸਰਕਾਰੀ ਅਤੇ ਨਿੱਜੀ ਸਕੂਲ, ਕਾਲਜ, ਯੂਨੀਵਰਸਿਟੀਆਂ 31 ਮਾਰਚ ਤੱਕ ਬੰਦ ਕਰ ਚੁੱਕੀ ਹੈ। ਜਿੰਮ, ਸ਼ਾਪਿੰਗ ਮਾਲ, ਸਿਨੇਮਾ ਘਰ ਆਦਿ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤੇ ਗਏ ਹਨ।ਮੈਡੀਕਲ ਕਾਲਜ (ਸੀਨੀਅਰ ਵਿਦਿਆਰਥੀਆਂ ਲਈ) ਖੁੱਲੇ ਰੱਖੇ ਗਏ ਹਨ ਤਾਂ ਜੋ ਐਮਰਜੈਂਸੀ ਵਿੱਚ ਉਨ੍ਹਾਂ ਦੀਆਂ ਸੇਵਾਵਾਂ ਲਈਆਂ ਜਾ ਸਕਣ। ਸਰਕਾਰ ਨੇ ਅਜਿਹੇ ਐਮਬੀਬੀਐਸ ਡਿਗਰੀ ਧਾਰਕਾਂ ਨਾਲ ਸੰਪਰਕ ਕਰਨ ਦਾ ਫੈਸਲਾ ਕੀਤਾ ਹੈ ਜਿਨ੍ਹਾਂ ਨੂੰ ਹਾਲੇ ਨੌਕਰੀ ਨਹੀਂ ਮਿਲੀ ਹੈ। ਉਨ੍ਹਾਂ ਨੂੰ ਸਵੈਇੱਛੁਕ ਅਧਾਰ ‘ਤੇ ਤਿਆਰ ਰਹਿਣ ਲਈ ਕਿਹਾ ਜਾ ਰਿਹਾ ਹੈ।