National

ਪੰਜਾਬ ਚੋਣਾਂ ‘ਚ ਰਾਹੁਲ ਕੋਲ ਚੰਨੀ ‘ਤੇ ਐੱਸਸੀ ਜਾਤੀ ਦਾ ਕਾਰਡ ਖੇਡਣ ਤੋਂ ਇਲਾਵਾ ਨਹੀਂ ਸੀ ਕੋਈ ਬਦਲ

ਪੰਜਾਬ ਵਿਚ ਮੁੱਖ ਮੰਤਰੀ ਦਾ ਚਿਹਰਾ ਚਰਨਜੀਤ ਸਿੰਘ ਚੰਨੀ ਹੋਣਗੇ, ਇਸ ਦੀ ਪਟਕਥਾ ਕਾਂਗਰਸ ’ਚ ਉਦੋਂ ਹੀ ਲਿਖੀ ਜਾ ਚੁੱਕੀ ਸੀ ਜਦੋਂ ਪਾਰਟੀ ਨੇ ਚੰਨੀ ਨੂੰ ਦੋ ਵਿਧਾਨ ਸਭਾ ਸੀਟਾਂ ਤੋਂ ਲਡ਼ਾਉਣ ਦਾ ਫ਼ੈਸਲਾ ਕੀਤਾ। ਕਾਂਗਰਸ ਨੇ 18 ਫੀਸਦੀ ਜੱਟ ਵੋਟ ਬੈਂਕ ਦੀ ਜਗ੍ਹਾ 34 ਫੀਸਦੀ ਐੱਸਸੀ ਵੋਟ ਬੈਂਕ ਨੂੰ ਤਵੱਜੋਂ ਦਿੱਤੀ ਹੈ। 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ 18 ਫੀਸਦੀ ਜੱਟ ਵੋਟ ਬੈਂਕ ਨੂੰ ਲੈ ਕੇ ਬਿਲਕੁੱਲ ਚਿੰਤਤ ਨਹੀਂ ਦਿਖਾਈ ਦੇ ਰਹੀ ਹੈ। ਇਹੀ ਕਾਰਨ ਹੈ ਕਿ ਕਾਂਗਰਸ ਨੇ ਨਵਜੋਤ ਸਿੰਘ ਸਿੱਧੂ ਦੀ ਜਗ੍ਹਾ ਚੰਨੀ ਨੂੰ ਮੁੱਖ ਮੰਤਰੀ ਅਹੁਦੇ ਦਾ ਚਿਹਰਾ ਬਣਾ ਕੇ ਐੱਸਸੀ ਵਰਗ ’ਤੇ ਦਾਅ ਖੇਡਿਆ ਹੈ।

ਲੁਧਿਆਣਾ ’ਚ ਮੁੱਖ ਮੰਤਰੀ ਅਹੁਦੇ ਦਾ ਚਿਹਰਾ ਐਲਾਨਦੇ ਸਮੇਂ ਰਾਹੁਲ ਗਾਂਧੀ ਨੇ ਸਿੱਧੂ ਦੀ ਤਾਰੀਫ ਵਿਚ ਤਾਂ ਪੁਲ ਬੰਨ੍ਹੇ ਹੀ, ਨਾਲ ਹੀ ਸਟੇਜ ਤੋਂ ਸੁਨੀਲ ਜਾਖਡ਼ ਨੂੰ ‘ਹੀਰਾ’ ਅਤੇ ‘ਬੇਹੱਦ ਸੰਜੀਦਾ’ ਨੇਤਾ ਦੱਸ ਕੇ ਹਿੰਦੂਆਂ ਨੂੰ ਵੀ ਹਮਾਇਤ ਵਿਚ ਲੈਣ ਦੀ ਭਰਪੂਰ ਕੋਸ਼ਿਸ਼ ਕੀਤੀ।

ਮੁੱਖ ਮੰਤਰੀ ਅਹੁਦੇ ਦਾ ਚਿਹਰਾ ਐਲਾਨਦੇ ਸਮੇਂ ਰਾਹੁਲ ਗਾਂਧੀ ਨੇ ਭਾਵੇਂ ਹੀ ਇਹ ਕਿਹਾ, ‘ਹੀਰੇ ’ਚੋਂ ਹੀਰਾ ਕੱਢਣਾ ਬੇਹੱਦ ਮੁਸ਼ਕਲ ਕੰਮ ਹੈ’ ਪਰ ਅਸਲੀਅਤ ਇਹ ਹੈ ਕਿ ਕਾਂਗਰਸ ਕੋਲ ਚਰਨਜੀਤ ਸਿੰਘ ਚੰਨੀ ਦਾ ਕੋਈ ਬਦਲ ਹੀ ਨਹੀਂ ਸੀ। ਕਾਂਗਰਸ ਜੇ ਸਿੱਧੂ ’ਤੇ ਦਾਅ ਖੇਡਦੀ ਤਾਂ ਵੀ ਕਾਂਗਰਸ ਨੂੰ 18 ਫੀਸਦੀ ਜੱਟ ਵੋਟ ਬੈਂਕ ਦਾ ਵੱਡਾ ਲਾਭ ਮਿਲਦਾ ਹੋਇਆ ਦਿਖਾਈ ਨਹੀਂ ਦੇ ਰਿਹਾ ਸੀ ਕਿਉਂਕਿ ਜੱਟ ਵੋਟ ਬੈਂਕ ਸ਼ੋ੍ਰਮਣੀ ਅਕਾਲੀ ਦਲ, ਸੰਯੁਕਤ ਸਮਾਜ ਮੋਰਚਾ, ਆਮ ਆਦਮੀ ਪਾਰਟੀ ’ਚ ਵੰਡਿਆ ਹੋਇਆ ਹੈ। ਕਾਂਗਰਸ ਦੇ ਵਿਧਾਇਕ ਵੀ ਲਗਾਤਾਰ ਇਹ ਫੀਡਬੈਕ ਦੇ ਰਹੇ ਸਨ ਕਿ ਜੱਟ ਵੋਟ ਬੈਂਕ ਖਿੱਲਰਿਆ ਹੋਇਆ ਹੈ, ਅਜਿਹੇ ’ਚ ਲੋਡ਼ ਹੈ ਦਲਿਤ ਵੋਟ ਨੂੰ ਸਹੇਜਣ ਦੀ। ਕਿਉਂਕਿ ਸ਼ੋ੍ਰਮਣੀ ਅਕਾਲੀ ਦਲ ਦਾ ਬਹੁਜਨ ਸਮਾਜ ਪਾਰਟੀ ਨਾਲ ਸਮਝੌਤਾ ਹੋਣ ਕਾਰਨ ਕਿਸੇ ਵੀ ਸੂਰਤ ’ਚ ਐੱਸਸੀ ਵੋਟ ਬੈਂਕ ਨਾ ਖਿਸਕੇ। ਉਥੇ ਜੋ ਜੱਟ ਕਾਂਗਰਸ ਨਾਲ ਹਨ, ਉਹ ਹਰ ਹਾਲ ਵਿਚ ਪਾਰਟੀ ਦੇ ਨਾਲ ਹੀ ਰਹਿਣਗੇ।

ਇਹੀ ਕਾਰਨ ਹੈ ਕਿ ਭਾਵੇਂ ਹੀ ਕਾਂਗਰਸ ਨੇ ਆਮ ਲੋਕਾਂ ਤੋਂ ਰਾਇ ਲਈ ਪਰ ਰਾਹੁਲ ਗਾਂਧੀ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਕਿੰਨੇ ਫੀਸਦੀ ਲੋਕਾਂ ਨੇ ਚੰਨੀ ਨੂੰ ਜਾਂ ਫਿਰ ਸਿੱਧੂ ਨੂੰ ਪਸੰਦ ਕੀਤਾ ਜਾਂ ਫਿਰ ਕਿਸ ਨੂੰ ਪਸੰਦ ਨਹੀਂ ਕੀਤਾ। ਉਥੇ ਸਿੱਧੂ ਦੀ ਪਰੇਸ਼ਾਨੀ ਇਹ ਵੀ ਸੀ ਕਿ ਆਪਣੇ ਹਮਲਾਵਰ ਰੁਖ ਅਤੇ ‘ਮੈਂ ਤੇ ਮੇਰਾ’ ਕਾਰਨ ਉਹ ਅਲੱਗ-ਥਲੱਗ ਪੈਣ ਲੱਗੇ ਸਨ। ਕਾਂਗਰਸ ਦੀ ਚਿੰਤਾ ਜੱਟ ਤੋਂ ਜ਼ਿਆਦਾ ਵੋਟ ਬੈਂਕ ਨੂੰ ਲੈ ਕੇ ਰਹੀ ਹੈ। ਇਹੀ ਕਾਰਨ ਹੈ ਕਿ ਸਟੇਜ ’ਤੇ ਰਾਹੁਲ ਗਾਂਧੀ ਨੇ ਸੁਨੀਲ ਜਾਖਡ਼ ਨੂੰ ਨਾ ਸਿਰਫ ਵਿਸ਼ੇਸ਼ ਤਵੱਜੋ ਦਿੱਤੀ ਬਲਕਿ ਉਨ੍ਹਾਂ ਨੂੰ ਬੇਹੱਦ ਸੰਜੀਦਾ ਅਤੇ ਪੰਜਾਬ ਦੇ ਇਤਿਹਾਸ ਨੂੰ ਸਮਝਣ ਵਾਲਾ ਹੀਰਾ ਇਨਸਾਨ ਦੱਸਿਆ। ਰਾਹੁਲ ਨੇ ਜਾਖਡ਼ ਦੇ ਹਿੰਦੂ ਹੋਣ ਕਾਰਨ ਮੁੱਖ ਮੰਤਰੀ ਨਾ ਬਣ ਸਕਣ ਵਾਲੇ ਜ਼ਖਮ ’ਤੇ ਵੀ ਮਰ੍ਹਮ ਲਗਾਉਣ ਦੀ ਕੋਸ਼ਿਸ਼ ਕੀਤੀ। ਰਾਹੁਲ ਨੂੰ ਪਤਾ ਹੈ ਕਿ ਐੱਸਸੀ ਮੁੱਖ ਮੰਤਰੀ ਚਿਹਰਾ ਦੇਣ ਦੇ ਬਾਵਜੂਦ 2022 ’ਚ ਕਾਂਗਰਸ ਦੀ ਕਿਸ਼ਤੀ ਉਦੋਂ ਤਕ ਪਾਰ ਨਹੀਂ ਲੱਗ ਸਕਦੀ ਜਦੋਂ ਤਕ ਰਾਜ 43 ਫੀਸਦੀ ਹਿੰਦੂ ਮਤਦਾਤਾ ਕਾਂਗਰਸ ’ਤੇ ਵਿਸ਼ਵਾਸ ਨਹੀਂ ਕਰਦਾ। ਇਹੀ ਕਾਰਨ ਹੈ ਕਿ ਮੁੱਖ ਮੰਤਰੀ ਦਾ ਚਿਹਰਾ ਐਲਾਨਦੇ ਸਮੇਂ ਰਾਹੁਲ ਨੇ ਜਾਖਡ਼ ਨੂੰ ਆਪਣੇ ਨਾਲ ਰੱਖਿਆ।

ਪਾਰਟੀ ਸੂਤਰ ਦੱਸਦੇ ਹਨ ਕਿ ਜੇ ਪਾਰਟੀ ਇਸ ਸਟੇਜ ’ਤੇ ਆ ਕੇ ਮੁੱਖ ਮੰਤਰੀ ਦਾ ਚਿਹਰਾ ਬਦਲਦੀ ਤਾਂ ਭਾਰੀ ਨੁਕਸਾਨ ਹੋ ਸਕਦਾ ਸੀ। 111 ਦਿਨ ਦੀ ਸਰਕਾਰ ਦੌਰਾਨ ਚੰਨੀ ਨਾ ਸਿਰਫ ਬੇਹੱਦ ਲੋਕਪ੍ਰਿਆ ਹੋਏ ਬਲਕਿ ਸਿੱਧੂ ਦਾ ਗਰਾਫ ਵੀ ਲਗਾਤਾਰ ਡਿੱਗਦਾ ਰਿਹਾ। ਅਜਿਹੇ ’ਚ ਜੇ ਯੁੱਧ (ਚੋਣਾਂ) ਦੌਰਾਨ ਪਾਰਟੀ ਆਪਣਾ ਘੋਡ਼ਾ (ਚੰਨੀ) ਬਦਲਦੀ ਤਾਂ ਜੱਟ ਵੋਟ ਬੈਂਕ ਤਾਂ ਪਾਰਟੀ ਨੂੰ ਆਉਂਦਾ ਨਹੀਂ, ਉਲਟਾ ਐੱਸਸੀ ਵੋਟ ਬੈਂਕ ਵੀ ਖਿਸਕ ਜਾਂਦਾ।

ਸਿੱਧੂ ਹਾਲੇ ਵੀ ਨੇ ਪਾਰਟੀ ਲਈ ਅਣਸੁਲਝੀ ਪਹੇਲੀ

ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਦਾ ਚਿਹਰਾ ਬਣਨ ਤੋਂ ਬਾਅਦ ਭਾਵੇਂ ਹੀ ਸਿੱਧੂ ਨੇ ਪੂਰੀ ਗਰਮਜੋਸ਼ੀ ਦਿਖਾਈ ਹੋਵੇ ਅਤੇ ਚੰਨੀ ਦਾ ਹੱਥ ਫਡ਼ ਕੇ ਉੱਚਾ ਕੀਤਾ ਹੋਵੇ ਪਰ ਪਾਰਟੀ ਲਈ ਉਹ ਵੀ ਅਣਸੁਲਝੀ ਪਹੇਲੀ ਹੈ। ਸਿੱਧੂ ਨੇ ਭਾਵੇਂ ਹੀ ਰਾਹੁਲ ਗਾਂਧੀ ਨੂੰ ਭਰੋਸਾ ਦਿਵਾਇਆ ਹੋਵੇ ਕਿ ਉਹ ਚੰਨੀ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਚੱਲਣਗੇ ਪਰ ਪਾਰਟੀ ਦੇ ਸੀਨੀਅਰ ਆਗੂ ਖੁਦ ਇਹ ਮੰਨਦੇ ਹਨ ਕਿ ਸਿੱਧੂੁ ਦਾ ਵੱਖਰਾ ਰੁਖ ਕੀ ਹੋਵੇਗਾ, ਇਸ ਦਾ ਪਤਾ ਇਕ ਦੋ ਦਿਨਾਂ ਵਿਚ ਹੀ ਚੱਲੇਗਾ।

Related posts

Peel Police Officer Suspended for Involvement in Protest Outside Brampton Hindu Temple Amid Diplomatic Tensions

Gagan Oberoi

ਭਾਰਤ ‘ਚ ਵਧੀ ਕੋਰੋਨਾ ਦੀ ਚੁਣੌਤੀ, ਪੰਜਾਬ ‘ਚ ਵੀ ਇੱਕ ਦੀ ਮੌਤ, ਮਰੀਜ਼ਾਂ ਦੀ ਗਿਣਤੀ 197 ਹੋਈ

Gagan Oberoi

Snowfall Warnings Issued for Eastern Ontario and Western Quebec

Gagan Oberoi

Leave a Comment