ਸੂਬੇ ਦੇ ਕਈ ਕਾਲਜਾਂ ਵਿਚ ‘ਭੂਤ’ ਹੀ ਪਡ਼੍ਹ ਤੇ ਪਡ਼੍ਹਾ ਰਹੇ ਹਨ। ਇਹ ਖ਼ੁਲਾਸਾ ਪੰਜਾਬੀ ਯੂਨੀਵਰਸਿਟੀ ਵੱਲੋਂ ਆਪਣੇ ਨਾਲ ਸਬੰਧਤ ਕਾਲਜਾਂ ਵਿਚ ਕੀਤੀ ਗਈ ਛਾਪੇਮਾਰੀ ਦੌਰਾਨ ਹੋਇਆ ਹੈ। ਫਿਲਹਾਲ ਯੂਨੀਵਰਸਿਟੀ ਵੱਲੋਂ ‘ਭੂਤਾਂ’ ਵਾਲੇ ਇਨ੍ਹਾਂ 16 ਕਾਲਜਾਂ ਨੂੰ ਨੋਟਿਸ ਜਾਰੀ ਕੀਤਾ ਹੈ। ਡੰਮੀ ਅਧਿਆਪਕ ਤੇ ਵਿਦਿਆਰਥੀਆਂ ਦੇ ਨਾਮ ’ਤੇ ਚੱਲ ਰਹੇ ਕਾਲਜਾਂ ਦੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਕੁਝ ਕਾਲਜਾਂ ਦੇ ਕਮਰਿਆਂ ਨੂੰ ਲੱਗੇ ਤਾਲੇ ਕਈ ਸਾਲਾਂ ਤੋਂ ਨਹੀਂ ਖੁੱਲ੍ਹੇ ਤੇ ਜਿਹਡ਼ੇ ਅਧਿਕਾਰੀ ਕਾਲਜ ਵੱਲੋਂ ਪਡ਼੍ਹਾਉਂਦੇ ਦੱਸੇ ਜਾ ਰਹੇ, ਉਹ ਕਾਲਜਾਂ ਵਿਚ ਮੌਜੂਦ ਹੀ ਨਹੀਂ ਹਨ। ਯੂਨੀਵਰਸਿਟੀ ਨੂੰ ਇਨ੍ਹਾਂ ਕਾਲਜਾਂ ਵਿਰੁੱਧ ਅਯੋਗ ਸਟਾਫ, ਗ਼ੈਰ-ਹਾਜ਼ਰ ਵਿਦਿਆਰਥੀ, ਡੰਮੀ ਅਧਿਆਪਕਾਂ, ਅਧਿਆਪਕਾਂ ਨੂੰ ਘੱਟ ਤਨਖ਼ਾਹ, ਮਾਡ਼ੇ ਬੁਨਿਆਦੀ ਢਾਂਚੇ ਆਦਿ ਸਬੰਧੀ ਕਈ ਸ਼ਿਕਾਇਤਾਂ ਮਿਲੀਆਂ ਸਨ ਅਤੇ ਸੱਚਾਈ ਦੀ ਤਹਿ ਤਕ ਜਾਣ ਲਈ ਛਾਪੇਮਾਰੀ ਕੀਤੀ ਗਈ।
ਸੀਨੀਅਰ ਪ੍ਰੋਫੈਸਰਾਂ ਦੀ ਅਗਵਾਈ ਵਿਚ ਪੰਜ ਟੀਮਾਂ ਨੇ ਇਨ੍ਹਾਂ ਕਾਲਜਾਂ ਉੱਤੇ ਛਾਪੇਮਾਰੀ ਕੀਤੀ ਅਤੇ ਉਨ੍ਹਾਂ ਵੱਲੋਂ ਪੇਸ਼ ਰਿਪੋਰਟਾਂ ਅਨੁਸਾਰ ਇਨ੍ਹਾਂ ਕਾਲਜਾਂ ਵਿੱਚੋਂ ਕਈਆਂ ’ਚ ਤਾਂ ਕੋਈ ਵੀ ਵਿਦਿਆਰਥੀ ਮੌਜੂਦ ਨਹੀਂ ਸੀ ਅਤੇ ਕਈਆਂ ਵਿਚ ਬਹੁਤ ਘੱਟ ਵਿਦਿਆਰਥੀ ਮੌਜੂਦ ਸਨ। ਛਾਪੇਮਾਰੀ ਸਮੇਂ ਸਾਰੇ ਕਾਲਜਾਂ ਵਿਚ ਪ੍ਰਿੰਸੀਪਲ ਦੇ ਨਾਲ-ਨਾਲ ਜ਼ਿਆਦਾਤਰ ਸਟਾਫ਼ ਮੈਂਬਰ ਵੀ ਗਾਇਬ ਪਾਏ ਗਏ। ਜ਼ਿਆਦਾਤਰ ਕਲਾਸ-ਰੂਮਾਂ ਨੂੰ ਤਾਲੇ ਲੱਗੇ ਹੋਏ ਸਨ ਅਤੇ ਇੰਝ ਜਾਪਦਾ ਸੀ ਕਿ ਲੰਬੇ ਸਮੇਂ ਤੋਂ ਇੱਥੇ ਕੋਈ ਕਲਾਸ ਨਹੀਂ ਲੱਗੀ। ਇਕ ਕਾਲਜ ਵਿਚ ਤਾਂ ਕਾਲਜ ਦੇ ਗੇਟ ਨੂੰ ਵੀ ਤਾਲਾ ਲੱਗਿਆ ਹੋਇਆ ਸੀ। ਇਕ ਕਾਲਜ ਦੂਜੇ ਕਾਲਜ ਦੀ ਇਮਾਰਤ ਵਿਚ ਆਪਣੀਆਂ ਕਲਾਸਾਂ ਲਗਾ ਰਿਹਾ ਸੀ। ਕੁਡ਼ੀਆਂ ਦੇ ਇਕ ਕਾਲਜ ਵਿੱਚ, ਕੁਡ਼ੀਆਂ ਦੇ ਕਾਲਜ ਵਾਲੀ ਇਮਾਰਤ ਵਿੱਚ ਮੁੰਡਿਆਂ ਦਾ ਹੋਸਟਲ ਚੱਲ ਰਿਹਾ ਸੀ। ਇਕ ਫਿਜੀਕਲ ਐਜੂਕੇਸ਼ਨ ਕਾਲਜ ਦਾ ਐਥਲੈਟਿਕ ਟਰੈਕ ਅਣਚਾਹੇ ਘਾਹ ਅਤੇ ਜੰਗਲੀ ਬੂਟੀਆਂ ਨਾਲ ਢਕਿਆ ਹੋਇਆ ਸੀ ਅਤੇ ਐਥਲੈਟਿਕ ਟਰੈਕ ਅਤੇ ਹੋਰ ਖੇਡ ਸਹੂਲਤਾਂ ਲੰਬੇ ਸਮੇਂ ਤੋਂ ਨਿਯਮਤ ਵਰਤੋਂ ਵਿੱਚ ਨਹੀਂ ਸਨ। ਇਕ ਲਾਅ ਕਾਲਜ ਵਿਚ ਐੱਲ.ਐੱਲ.ਬੀ. ਕੋਰਸ ਦਾ ਕੋਈ ਵੀ ਵਿਦਿਆਰਥੀ ਹਾਜ਼ਰ ਨਹੀਂ ਸੀ, ਜਦੋਂ ਕਿ ਬੀ.ਏ.ਐੱਲ.ਐੱਲ.ਬੀ. ਕੋਰਸ ਦੇ ਬਹੁਤ ਥੋਡ਼੍ਹੇ ਵਿਦਿਆਰਥੀ ਦੋ ਅਯੋਗ ਅਧਿਆਪਕਾਂ ਦੁਆਰਾ ਪਡ਼੍ਹਾਏ ਜਾ ਰਹੇ ਸਨ, ਜਿਨ੍ਹਾਂ ਵਿੱਚੋਂ ਇੱਕ ਅਧਿਆਪਕ ਅਜੇ ਐੱਮਏ ਕਰ ਰਿਹਾ ਸੀ। ਇਸ ਤੋਂ ਇਲਾਵਾ ਇਨ੍ਹਾਂ ਕਾਲਜਾਂ ਵਿੱਚੋਂ ਕਿਸੇ ਵਿਚ ਵੀ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਹਾਜ਼ਰੀ ਦਾ ਸਹੀ ਰਿਕਾਰਡ ਨਹੀਂ ਰੱਖਿਆ ਗਿਆ ਸੀ।
ਕਾਲਜ ਯੂਨੀਵਰਸਿਟੀ ਦੇ ਰਹੇ ਸੀ ਗਲਤ ਜਾਣਕਾਰੀ
ਅਕਾਦਮਿਕ ਭ੍ਰਿਸ਼ਟਾਚਾਰ ਸਮੇਤ ਹਰ ਤਰ੍ਹਾਂ ਦੇ ਭ੍ਰਿਸ਼ਟਾਚਾਰ ਵਿਰੁੱਧ ‘ਜ਼ੀਰੋ ਟੌਲਰੈਂਸ’ ਦੀ ਨੀਤੀ ’ਤੇ ਅੱਗੇ ਵਧਦਿਆਂ ਪੰਜਾਬੀ ਯੂਨੀਵਰਸਿਟੀ ਨੇ ਹਾਲ ਹੀ ਵਿੱਚ ਆਪਣੇ 16 ਮਾਨਤਾ ਪ੍ਰਾਪਤ ਕਾਲਜਾਂ ’ਤੇ ਇੱਕੋ ਸਮੇਂ ਅਚਨਚੇਤ ਛਾਪੇਮਾਰੀ ਕਰਕੇ ਉਨ੍ਹਾਂ ਨੂੰ ਡੰਮੀ ਦਾਖ਼ਲਿਆਂ ਸਮੇਤ ਵੱਖ-ਵੱਖ ਗਡ਼ਬਡ਼ੀਆਂ ਲਈ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਹਨ। ਡੀਨ ਕਾਲਜ ਡਾ. ਗੁਰਪ੍ਰੀਤ ਸਿੰਘ ਲਹਿਲ ਨੇ ਦੱਸਿਆ ਕਿ ਪਾਰਦਰਸ਼ਤਾ ਲਈ ਸਾਰੇ ਮਾਨਤਾ ਪ੍ਰਾਪਤ ਕਾਲਜਾਂ ਵਿਚਲੇ ਸਾਰੇ ਕੋਰਸਾਂ, ਵਿਦਿਆਰਥੀਆਂ ਅਤੇ ਫੈਕਲਟੀ ਬਾਰੇ ਸੂਚਨਾ ਹਾਲ ਹੀ ਵਿੱਚ ਕਾਲਜਾਂ ਤੋਂ ਜਾਣਕਾਰੀ ਲੈ ਕੇ ਬਣਾਏ ਗਏ ਡੈਟਾਬੇਸ ਤੋਂ ਯੂਨੀਵਰਸਿਟੀ ਦੀ ਵੈੱਬਸਾਈਟ ’ਤੇ ਅਪਲੋਡ ਕੀਤੀ ਗਈ ਸੀ ਪਰ ਇਨ੍ਹਾਂ ਕਾਲਜਾਂ ਨੇ ‘ਡੰਮੀ ਫੈਕਲਟੀ ਡਾਟਾ’ ਸਪਲਾਈ ਕੀਤਾ, ਕਿਉਂਕਿ ਛਾਪੇਮਾਰੀ ਦੌਰਾਨ ਇਨ੍ਹਾਂ ਕਾਲਜਾਂ ਵੱਲੋਂ ਡੈਟਾਬੇਸ ਵਿੱਚ ਅਪਲੋਡ ਕੀਤੇ ਗਏ ਜ਼ਿਆਦਾਤਰ ਅਧਿਆਪਕ ਗਾਇਬ ਪਾਏ ਗਏ।
ਇਨ੍ਹਾਂ ਨੂੰ ਨੋਟਿਸ ਜਾਰੀ
ਪੰਜਾਬੀ ਯੂਨੀਵਰਸਿਟੀ ਯੂਨੀਵਰਸਿਟੀ ਵੱਲੋਂ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ, ਉਨ੍ਹਾਂ ਵਿਚ ਨੈਨਸੀ ਕਾਲਜ ਆਫ ਐਜੂਕੇਸ਼ਨ, ਨੈਨਸੀ ਕਾਲਜ ਆਫ ਲਾਅ, ਹਾਰਦਿਕ ਕਾਲਜ ਆਫ ਐਜੂਕੇਸ਼ਨ, ਰਹਿਬਰ ਇੰਸਟੀਚਿਊਟ ਆਫ ਐਜੂਕੇਸ਼ਨ, ਆਸਰਾ ਕਾਲਜ ਆਫ ਐਜੂਕੇਸ਼ਨ, ਰਾਮ ਆਸਰਾ ਕਾਲਜ ਆਫ ਐਜੂਕੇਸ਼ਨ, ਵਿਦਿਆ ਸਾਗਰ ਕਾਲਜ ਆਫ ਐਜੂਕੇਸ਼ਨ, ਕਰਨਲ ਕਾਲਜ ਆਫ ਐਜੂਕੇਸ਼ਨ, ਕਰਨਲ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ, ਸ਼ਿਵ ਸ਼ਕਤੀ ਕਾਲਜ ਆਫ਼ ਐਜੂਕੇਸ਼ਨ ਫਾਰ ਗਰਲਜ਼, ਬਗਲਾ ਮੁਖੀ ਕਾਲਜ ਆਫ਼ ਐਜੂਕੇਸ਼ਨ, ਮਹਾਰਾਜਾ ਅਗਰਸੈਨ ਕਾਲਜ ਆਫ਼ ਐਜੂਕੇਸ਼ਨ, ਸਵਾਮੀ ਦਯਾਨੰਦ ਕਾਲਜ ਆਫ਼ ਐਜੂਕੇਸ਼ਨ, ਸਵਾਮੀ ਵਿਵੇਕਾਨੰਦ ਕਾਲਜ ਆਫ਼ ਐਜੂਕੇਸ਼ਨ, ਯੂਨੀਵਰਸ ਪ੍ਰੋਫੈਸ਼ਨਲ ਕਾਲਜ ਆਫ਼ ਐਜੂਕੇਸ਼ਨ ਅਤੇ ਆਰੀਅਨਜ਼ ਕਾਲਜ ਆਫ਼ ਐਜੂਕੇਸ਼ਨ ਦਾ ਨਾਮ ਸ਼ਾਮ ਹੈ।