ਪੁਲਿਸ ਨੇ ਜਗਦੀਸ਼ ਭੋਲਾ ਡਰੱਗ ਰੈਕੇਟ ਵਿਚ ਭਗੌੜੇ ਹੋਏ ਹਰਪ੍ਰੀਤ ਸਿੰਘ ਅਤੇ ਮਸ਼ਹੂਰ ਪੰਜਾਬੀ ਫਿਲਮ ਨਿੱਕਾ ਜ਼ੈਲਦਾਰ ਦੇ ਨਿਰਮਾਤਾ ਅਮਨੀਤ ਸ਼ੇਰ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਪੁਲੀਸ ਨੇ ਉਹਨਾਂ ਕੋਲੋਂ 32 ਬੋਰ ਪਿਸਤੌਲ ਸਮੇਤ 14 ਕਾਰਤੂਸ, ਰਾਈਫਲ 30 ਬੋਰ ਸਮੇਤ 12 ਕਾਰਤੂਸ, 5 ਕਾਰਤੂਸ, 12 ਬੋਰ ਬੰਦੂਕ ਅਤੇ ਜਾਅਲੀ ਦਸਤਾਵੇਜ਼ ਤੇ ਇਕ ਔਡੀ ਕਾਰ ਬਰਾਮਦ ਕੀਤੀ ਹੈ।
ਹਰਪ੍ਰੀਤ ਸਿੰਘ ਖਿਲਾਫ਼ ਪਹਿਲਾਂ ਵੀ ਫ਼ਤਹਿਗੜ੍ਹ ਸਾਹਿਬ ਵਿਖੇ ਆਈਪੀਸੀ ਅਤੇ ਐਨਡੀਪੀਐਸ ਐਕਟ ਦੀਆਂ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਹਨ। ਉਸ ਨੂੰ ਮਾਰਚ 2013 ਵਿਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਜ਼ਮਾਨਤ ਦਿੱਤੀ ਸੀ। ਪੁਲਿਸ ਨੇ ਮੁਲਜ਼ਮ ਕੋਲੋਂ ਇਕ ਜਾਅਲੀ ਪਾਸਪੋਰਟ ਅਤੇ ਅਧਾਰ ਕਾਰਡ ਬਰਾਮਦ ਕੀਤੇ ਹਨ। ਪੁਲਿਸ ਦੇ ਸੂਤਰਾਂ ਨੇ ਦਾਅਵਾ ਕੀਤਾ ਹੈ ਕਿ ਹਰਪ੍ਰੀਤ ਵਿਦੇਸ਼ ਭੱਜਣ ਦੀ ਯੋਜਨਾ ਬਣਾ ਰਿਹਾ ਸੀ।ਐਸਐਸਐਪੀ ਸੁਰਿੰਦਰ ਸਿੰਘ ਲਾਂਬਾ ਨੇ ਦੱਸਿਆ ਕਿ ਪੁਲਿਸ ਨੇ ਜਾਅਲੀ ਦਸਤਾਵੇਜ਼ ਤੋਂ ਇਲਾਵਾ ਹਥਿਆਰ ਅਤੇ ਕਾਰ ਵੀ ਬਰਾਮਦ ਕੀਤੀ ਹੈ। ਐਸਐਸਪੀ ਨੇ ਤਸਕਰੀ ਵਿਚ ਮੁਲਜ਼ਮਾਂ ਦੇ ਅੰਤਰਰਾਸ਼ਟਰੀ ਲਿੰਕ ਹੋਣ ਦਾ ਦਾਅਵਾ ਕੀਤਾ। ਉਹਨਾਂ ਕਿਹਾ ਕਿ ਪੁਲਿਸ ਵੱਲੋਂ ਜਾਂਚ ਜਾਰੀ ਹੈ ਤੇ ਉਹਨਾਂ ਨੂੰ ਉਮੀਦ ਹੈ ਕਿ ਜਾਂਚ ਵਿਚ ਨਵੇਂ ਤੱਥਾਂ ਦਾ ਪ੍ਰਗਟਾਵਾ ਹੋਵੇਗਾ।