ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨਿਚਰਵਾਰ ਨੂੰ 8,070 ਕਰੋੜ ਰੁਪਏ ਦੀ ਬੈਰਾਬੀ-ਸਾਈਰੰਗ ਰੇਲਵੇ ਲਾਈਨ ਦਾ ਉਦਘਾਟਨ ਕਰਨ ਲਈ ਆਈਜ਼ੌਲ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸਵੇਰੇ 9:10 ਵਜੇ ਲੈਂਗਪੁਈ ਹਵਾਈ ਅੱਡੇ ’ਤੇ ਉਤਰੇ ਹਨ। ਉਨ੍ਹਾਂ ਵੱਲੋਂ ਹਵਾਈ ਅੱਡੇ ਤੋਂ ਹੀ ਰੇਲਵੇ ਲਾਈਨ ਅਤੇ ਹੋਰ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ ਜਾਣੀ ਹੈ। ਉਨ੍ਹਾਂ ਦੱਸਿਆ ਕਿ ਸ੍ਰੀ ਮੋਦੀ ਨੇ ਹੈਲੀਕਾਪਟਰ ਰਾਹੀਂ ਆਈਜ਼ੌਲ ਦੇ ਲਾਮੁਆਲ ਗਰਾਊਂਡ ਵਿੱਚ ਜਨ ਸਭਾ ਨੂੰ ਸੰਬੋਧਨ ਕਰਨ ਲਈ ਜਾਣਾ ਸੀ, ਪਰ ਖਰਾਬ ਮੌਸਮ ਕਾਰਨ ਉਹ ਉੱਥੇ ਨਹੀਂ ਜਾ ਸਕਣਗੇ।
ਉਹ ਵਰਚੁਅਲ ਤੌਰ ‘ਤੇ ਜਨ ਸਭਾ ਨੂੰ ਸੰਬੋਧਨ ਕਰਨਗੇ। ਮਿਜ਼ੋਰਮ ਦੇ ਰਾਜਪਾਲ ਵੀ.ਕੇ. ਸਿੰਘ, ਮੁੱਖ ਮੰਤਰੀ ਲਾਲਦੁਹੋਮਾ ਅਤੇ ਰੇਲਵੇ ਮੰਤਰੀ ਅਸ਼ਵਿਨੀ ਵੈਸ਼ਨਵ ਲਾਮੁਆਲ ਗਰਾਊਂਡ ਆਈਜ਼ੌਲ ਵਿੱਚ ਮੌਜੂਦ ਹਨ। ਨਵੀਂ ਰੇਲਵੇ ਲਾਈਨ ਦਾ ਉਦਘਾਟਨ ਕਰਨ ਤੋਂ ਇਲਾਵਾ ਮੋਦੀ ਆਈਜ਼ੌਲ ਅਤੇ ਦਿੱਲੀ ਵਿਚਕਾਰ ਪਹਿਲੀ ਰਾਜਧਾਨੀ ਐਕਸਪ੍ਰੈਸ, ਸਾਈਰੰਗ ਅਤੇ ਗੁਹਾਟੀ ਤੇ ਕੋਲਕਾਤਾ ਵਿਚਕਾਰ ਦੋ ਹੋਰ ਰੇਲ ਗੱਡੀਆਂ ਨੂੰ ਵੀ ਹਰੀ ਝੰਡੀ ਦੇਣਗੇ।
ਅਧਿਕਾਰੀ ਨੇ ਦੱਸਿਆ ਕਿ ਮੋਦੀ ਹੋਰ ਪਹਿਲਕਦਮੀਆਂ ਜਿਨ੍ਹਾਂ ਵਿੱਚ 45 ਕਿਲੋਮੀਟਰ ਆਈਜ਼ੌਲ ਬਾਈਪਾਸ ਸੜਕ, 30 ਟੀ.ਐਮ.ਟੀ.ਪੀ.ਏ. ਗੈਸ ਬੋਤਲਿੰਗ ਪਲਾਂਟ ਅਤੇ ਰਾਜ ਭਰ ਵਿੱਚ ਕਈ ਸੜਕ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਣਗੇ ਉਹ ਮਾਮਿਤ ਜ਼ਿਲ੍ਹੇ ਦੇ ਕਾਵਰਥਾ ਵਿੱਚ ਇੱਕ ਰਿਹਾਇਸ਼ੀ ਸਕੂਲ ਅਤੇ ਆਈਜ਼ੌਲ ਦੇ ਤਲਾਂਗਨੁਆਮ ਵਿੱਚ ਏਕਲਵਿਆ ਮਾਡਲ ਰਿਹਾਇਸ਼ੀ ਸਕੂਲ ਦਾ ਉਦਘਾਟਨ ਵੀ ਕਰਨਗੇ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਬਾਅਦ ਵਿੱਚ ਮਨੀਪੁਰ ਦੇ ਚੂਰਾਚੰਦਪੁਰ ਸ਼ਹਿਰ ਲਈ ਰਵਾਨਾ ਹੋਣਗੇ।