ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਦੇਸ਼ ‘ਚ ਵੱਧ ਰਹੇ ਰੋਸ ਪ੍ਰਦਰਸ਼ਨਾਂ ਕਾਰਨ ਵੱਖ ਵੱਖ ਸੂਬਿਆਂ ਦੇ ਪ੍ਰੀਮੀਅਰਾਂ ਨਾਲ ਪੁਲਿਸ ਵਰਦੀ ‘ਚ ਕੈਮਰੇ ਲਵਾਉਣ ਬਾਰੇ ਗੱਲਬਾਤ ਕਰਨਗੇ। ਟਰੂਡੋ ਨੇ ਕਿਹਾ ਕਿ ਇਸ ਨਾਲ ਪੁਲਿਸ ਅਧਿਕਾਰੀਆਂ ਅਤੇ ਲੋਕਾਂ ਨਾਲ ਗੱਲਬਾਤ ਦੇ ਸਹੀ ਦਸਤਾਵੇਜ਼ ਮਿਲ ਸਕਣਗੇ ਅਤੇ ਸ਼ਿਕਾਇਤਾਂ ਦਾ ਹੱਲ ਕਰਨਾ ਸੌਖਾ ਹੋ ਸਕੇਗਾ ਅਤੇ ਇਸ ਗੱਲ ਦਾ ਵੀ ਸਬੂਤ ਹੋਵੇਗਾ ਕਿ ਕੋਈ ਪੁਲਿਸ ਅਧਿਕਾਰੀ ਜਾਤੀਵਾਦ ਤਹਿਤ ਗਲਤ ਤਰੀਕੇ ਨਾਲ ਪੇਸ਼ ਤਾਂ ਨਹੀਂ ਆ ਰਿਹਾ । ਟਰੂਡੋ ਨੇ ਕਿਹਾ ਕਿ ਇਸ ਸਮੇਂ ਕਈ ਥਾਵਾਂ ਅਜਿਹੀਆਂ ਹਨ ਜਿਥੇ ਪੁਲਿਸ ਕਰਮਚਾਰੀ ਵੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ, ਰੋਸ ਪ੍ਰਦਰਸ਼ਨਾਂ ਦੇ ਚੱਲਦੇ ਉਨ੍ਹਾਂ ਦੇ ਮਨਾਂ ‘ਚ ਵੀ ਕਈ ਤਰ੍ਹਾਂ ਦੇ ਡਰ ਪੈਦਾ ਹੋ ਗਏ ਹਨ। ਸੋਮਵਾਰ ਦੀ ਰੋਜ਼ਾਨਾ ਬ੍ਰੀਫਿੰਗ ਦੌਰਾਨ ਟਰੂਡੋ ਨੇ ਕਿਹਾ ਕਿ ਨਸਲਵਾਦ ਕਈ ਸਦੀਆਂ ਤੋਂ ਚੱਲਿਆ ਆ ਰਿਹਾ ਹੈ ਅਤੇ ਇਸ ਦਾ ਹੱਲ ਵੀ ਰਾਤੋ-ਰਾਤ ਤਾਂ ਨਹੀਂ ਕੀਤਾ ਜਾ ਸਕਦਾ ਪਰ ਅੱਜ ਜੋ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਉਨ੍ਹਾਂ ਇਹ ਅਹਿਸਾਸ ਜ਼ਰੂਰ ਕਰਵਾਇਆ ਹੈ ਕਿ ਇਸ ਸਮੱਸਿਆ ਦਾ ਹੱਲ ਜਲਦ ਕੀਤੇ ਜਾਣ ਦੀ ਜ਼ਰੂਰਤ ਹੈ।