ਪੰਜਾਬ ਯੂਨੀਵਰਸਿਟੀ (ਪੀਯੂ) ਕੈਂਪਸ ਵਿੱਚ 5 ਸਤੰਬਰ ਨੂੰ ਹੋਣ ਜਾ ਰਹੀਆਂ ਵਿਦਿਆਰਥੀ ਕੌਂਸਲ ਚੋਣਾਂ ਲਈ ਅੱਜ ਵੱਖ-ਵੱਖ ਜਥੇਬੰਦੀਆਂ ਦੇ ਅਤੇ ਅਜ਼ਾਦ ਉਮੀਦਵਾਰਾਂ ਨੇ ਸ਼ਕਤੀ ਪ੍ਰਦਰਸ਼ਨ ਕੀਤਾ ਅਤੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ। ਪੂਰਾ ਦਿਨ ਸਟੂਡੈਂਟਸ ਸੈਂਟਰ ’ਤੇ ਅਤੇ ਪੀਯੂ ਦੇ ਵੱਖ-ਵੱਖ ਵਿਭਾਗਾਂ ਵਿੱਚ ਜਥੇਬੰਦੀਆਂ ਵੱਲੋਂ ਚੋਣ ਪ੍ਰਚਾਰ ਦਾ ਸਿਲਸਿਲਾ ਜਾਰੀ ਰਿਹਾ। ਅੱਜ ਨਾਮਜ਼ਦਗੀ ਪੱਤਰ ਦਾਖਲ ਕਰਨ, ਕਾਗਜ਼ਾਂ ਦੀ ਜਾਂਚ-ਪੜਤਾਲ, ਕਾਗਜ਼ ਵਾਪਸ ਲੈਣ ਅਤੇ ਇਤਰਾਜ਼ ਲਗਾਉਣ ਲਈ ਵੱਖ-ਵੱਖ ਸਮੇਂ ਨਿਸ਼ਚਿਤ ਕੀਤੇ ਗਏ ਸਨ। ਇਸੇ ਦੌਰਾਨ ਅੱਜ ਦੇਰ ਸ਼ਾਮ ਅਥਾਰਿਟੀ ਵੱਲੋਂ ਜਾਰੀ ਕੀਤੀ ਗਈ ਪ੍ਰੋਵਿਜ਼ਨਲ ਲਿਸਟ ਮੁਤਾਬਕ ਪ੍ਰਧਾਨਗੀ ਦੇ ਅਹੁਦੇ ਲਈ ਕੁੱਲ 29 ਉਮੀਦਵਾਰ, ਮੀਤ ਪ੍ਰਧਾਨ ਲਈ 31, ਸਕੱਤਰ ਲਈ 26 ਤੇ ਜੁਆਇੰਟ ਸਕੱਤਰ ਲਈ 26 ਉਮੀਦਵਾਰਾਂ ਨੇ ਨਾਮਜ਼ਦਗੀਆਂ ਭਰੀਆਂ ਹਨ। ਅਥਾਰਿਟੀ ਵੱਲੋਂ ਫਾਈਨਲ ਅਤੇ ਯੋਗ ਉਮੀਦਵਾਰਾਂ ਦੀ ਸੂਚੀ ਭਲਕੇ 30 ਅਗਸਤ ਨੂੰ ਜਾਰੀ ਕੀਤੀ ਜਾਵੇਗੀ।
ਇਸ ਪਹਿਲਾਂ ਚੋਣਾਂ ਨੂੰ ਲੈ ਕੇ ਅੱਜ ਯੂਨੀਵਰਿਸਟੀ ਦੇ ਗੇਟਾਂ ਉੱਤੇ ਸਕਿਊਰਿਟੀ ਸਟਾਫ਼ ਦੇ ਨਾਲ-ਨਾਲ ਚੰਡੀਗੜ੍ਹ ਪੁਲੀਸ ਵੱਲੋਂ ਵੀ ਵਾਹਨਾਂ ਦੀ ਚੈਕਿੰਗ ਕੀਤੀ ਗਈ ਜਿਸ ਦੇ ਚੱਲਦਿਆਂ ਬਾਹਰੀ ਵਾਹਨਾਂ ਅਤੇ ਵਿਅਕਤੀਆਂ ਨੂੰ ਕੈਂਪਸ ਦੇ ਅੰਦਰ ਦਾਖਲ ਨਹੀਂ ਹੋਣ ਦਿੱਤਾ ਗਿਆ।
ਇਸ ਦੌਰਾਨ ਆਮ ਆਦਮੀ ਪਾਰਟੀ (ਆਪ) ਦੇ ਵਿਦਿਆਰਥੀ ਵਿੰਗ ਛਾਤਰ ਯੁਵਾ ਸੰਘਰਸ਼ ਸਮਿਤੀ (ਸੀਵਾਈਐੱਸਐੱਸ) ਦੇ ਪ੍ਰਧਾਨਗੀ ਉਮੀਦਵਾਰ ਪ੍ਰਿੰਸ ਚੌਧਰੀ ਨੇ ਅੱਜ ਭਾਰੀ ਇਕੱਠ ਕਰਕੇ ਆਪਣਾ ਸ਼ਕਤੀ ਪ੍ਰਦਰਸ਼ਨ ਕੀਤਾ ਅਤੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ। ਪ੍ਰਿੰਸ ਚੌਧਰੀ ਲਾਅ ਵਿਭਾਗ ਦਾ ਵਿਦਿਆਰਥੀ ਹੈ ਜੋ ਕਿ ਐੱਲਐੱਲਐੱਮ ਦੀ ਪੜ੍ਹਾਈ ਕਰ ਰਿਹਾ ਹੈ। ਕੌਂਸਲ ਚੋਣਾਂ ਦੇ ਮੱਦੇਨਜ਼ਰ ਸੀਵਾਈਐੱਸਐੱਸ ਨੇ ਆਪਣੇ ਸੰਗਠਨ ਦਾ ਵਿਸਥਾਰ ਵੀ ਕੀਤਾ ਜਿਸ ਵਿੱਚ ਅੰਮ੍ਰਿਤਪਾਲ ਸਿੰਘ ਢਿੱਲੋਂ ਨੂੰ ਪ੍ਰਧਾਨ, ਰਜਤ ਕੰਬੋਜ ਨੂੰ ਚੇਅਰਮੈਨ, ਆਰੀਅਨ ਕੰਬੋਜ ਨੂੰ ਪਾਰਟੀ ਪ੍ਰਧਾਨ, ਦੀਪਾਂਸ਼ੂ ਨੂੰ ਪਾਰਟੀ ਚੇਅਰਮੈਨ, ਰਿਤਵਿਜ ਚੌਬੇ ਨੂੰ ਮੀਤ ਪ੍ਰਧਾਨ, ਵਿਸ਼ਾਲ ਨੂੰ ਵਾਈਸ ਚੇਅਰਮੈਨ, ਉਦੈਵੀਰ ਧਾਲੀਵਾਲ ਨੂੰ ਆਲ ਕਾਲਜ ਪ੍ਰਧਾਨ, ਵਤਨਵੀਰ ਸਿੰਘ ਨੂੰ ਕਾਰਜਕਾਰੀ ਪ੍ਰਧਾਨ, ਪ੍ਰਭਨੂਰ ਨੂੰ ਪਾਰਟੀ ਇੰਚਾਰਜ ਅਤੇ ਕੰਵਲਪ੍ਰੀਤ ਜੱਜ ਨੂੰ ਚੀਫ਼ ਪੈਟਰਨ ਨਿਯੁਕਤ ਕੀਤਾ ਗਿਆ ਹੈ।
ਭਾਜਪਾ ਦੇ ਵਿਦਿਆਰਥੀ ਵਿੰਗ ਏਬੀਵੀਪੀ ਵੱਲੋਂ ਚਾਰ ਅਹੁਦਿਆਂ ਲਈ ਨਾਮਜ਼ਦਗੀਆਂ ਕਰਵਾਈਆਂ ਗਈਆਂ ਜਿਨ੍ਹਾਂ ਵਿੱਚ ਪ੍ਰਧਾਨਗੀ ਲਈ ਅਰਪਿਤਾ ਮਲਿਕ, ਵਾਈਸ ਪ੍ਰਧਾਨ ਲਈ ਅਭਿਸ਼ੇਕ ਕਪੂਰ, ਜੁਆਇੰਟ ਸਕੱਤਰ ਲਈ ਜਸਵਿੰਦਰ ਸਿੰਘ ਰਾਣਾ, ਜਨਰਲ ਸਕੱਤਰ ਲਈ ਅਰਵ ਕੁਮਾਰ ਨੇ ਨਾਮਜ਼ਦਗੀਆਂ ਭਰੀਆਂ।
ਐੱਨਐੱਸਯੂਆਈ. ਤੋਂ ਬਾਗੀ ਹੋਏ ‘ਬੂਰਾ’ ਨੇ ਖੜ੍ਹਾ ਕੀਤਾ ਆਜ਼ਾਦ ਉਮੀਦਵਾਰ
ਕਾਂਗਰਸ ਪਾਰਟੀ ਦੇ ਵਿਦਿਆਰਥੀ ਵਿੰਗ ਐੱਨਐੱਸਯੂਆਈ ਤੋਂ ਬਾਗੀ ਹੋਏ ਚੇਅਰਮੈਨ ਸਿਕੰਦਰ ਬੂਰਾ, ਪ੍ਰਗਟ ਬਰਾੜ ਨੇ ਅੱਜ ਕੈਮਿਸਟਰੀ ਵਿਭਾਗ ਦੇ ਪੀਐੱਚਡੀ ਸਕਾਲਰ ਅਨੁਰਾਗ ਦਲਾਲ ਨੂੰ ਪ੍ਰਧਾਨਗੀ ਅਹੁਦੇ ਲਈ ਆਜ਼ਾਦ ਉਮੀਦਵਾਰ ਵਜੋਂ ਖੜ੍ਹਾ ਕਰ ਦਿੱਤਾ ਹੈ। ਅੱਜ ਗਾਂਧੀ ਭਵਨ ਵਿਖੇ ਵਿਦਿਆਰਥੀਆਂ ਦਾ ਵੱਡਾ ਇਕੱਠ ਕਰਕੇ ਅਨੁਰਾਗ ਦੇ ਨਾਮਜ਼ਦਗੀ ਦਾਖਲ ਕਰਵਾਈ ਗਈ।
ਪੀਐੱਸਯੂ ਲਲਕਾਰ ਤੋਂ ਸਾਰ੍ਹਾ ਨੇ ਪ੍ਰਧਾਨਗੀ ਉਮੀਦਵਾਰ ਵਜੋਂ ਭਰੀ ਨਾਮਜ਼ਦਗੀ
ਪੀਐੱਸਯੂ (ਲਲਕਾਰ) ਤੋਂ ਪ੍ਰਧਾਨਗੀ ਦੀ ਉਮੀਦਵਾਰ ਵਿਦਿਆਰਥਣ ਸਾਰ੍ਹਾ ਨੇ ਵੀ ਅੱਜ ਆਪਣੇ ਵੱਡੀ ਗਿਣਤੀ ਸਮਰਥਕਾਂ ਸਮੇਤ ਨਾਮਜ਼ਦਗੀ ਕਾਗਜ਼ ਦਾਖਲ ਕਰਵਾਏ। ਸ਼ਾਮ ਸਮੇਂ ਜਥੇਬੰਦੀ ਦੇ ਕਾਰਕੁਨਾਂ ਵੱਲੋਂ ਲੜਕੀਆਂ ਦੇ ਹੋਸਟਲ ਨੰਬਰ 3 ਅਤੇ 4 ਵਿਚਾਲੇ ਨੁੱਕੜ ਨਾਟਕ ‘ਰਾਜਾ ਕਾ ਬਾਜਾ’ ਵੀ ਖੇਡਿਆ ਗਿਆ ਜਿਸ ਰਾਹੀਂ ਯੂਨੀਵਰਸਿਟੀ ਦੀ ਵਿਦਿਆਰਥੀ ਸਿਆਸਤ ਵਿੱਚ ਲੜਕੀਆਂ ਦੇ ਅੱਗੇ ਆਉਣ ਦੀ ਜ਼ਰੂਰਤ ਦਰਸਾਈ ਗਈ ਅਤੇ ਸਾਰ੍ਹਾ ਨੂੰ ਪ੍ਰਧਾਨ ਬਣਾਉਣ ਲਈ ਵੋਟਾਂ ਦੀ ਮੰਗ ਕੀਤੀ ਗਈ।