International

ਪੈਰਿਸ ਓਲੰਪਿਕ ਦਾ ਰੰਗਾਰੰਗ ਆਗਾਜ਼

ਫਰਾਂਸ ਦੀ ਰਾਜਧਾਨੀ ਪੈਰਿਸ ਵਿਚ ਅੱਜ ਓਲੰਪਿਕ ਖੇਡਾਂ ਦਾ ਰਸਮੀ ਆਗਾਜ਼ ਹੋ ਗਿਆ। ਓਲੰਪਿਕ ਖੇਡਾਂ ਦੇ ਉਦਘਾਟਨੀ ਸਮਾਗਮ ਦਾ ਰਵਾਇਤੀ ‘ਅਥਲੀਟ ਮਾਰਚ’ ਸਟੇਡੀਅਮ ਦੀ ਥਾਂ ਸੀਨ ਨਦੀ ’ਤੇ ਹੋਇਆ। ਮਾਰਚ ਵਿਚ ਸ਼ਾਮਲ ਵੱਖ ਵੱਖ ਦੇਸ਼ਾਂ ਦੇ 6800 ਅਥਲੀਟਾਂ ਨੇ 90 ਤੋਂ ਵੱਧ ਕਿਸ਼ਤੀਆਂ ਵਿਚ ਸਵਾਰ ਹੋ ਕੇ ਸੀਨ ਨਦੀ ਰਸਤੇ 6 ਕਿਲੋਮੀਟਰ ਦਾ ਪੈਂਡਾ ਤੈਅ ਕੀਤਾ। ਖੇਡਾਂ ਦੇ ਇਸ ਮਹਾਂਕੁੰਭ ਵਿਚ 10,700 ਅਥਲੀਟ ਸ਼ਾਮਲ ਹੋਣਗੇ।

ਉਦਘਾਟਨੀ ਸਮਾਗਮ ਤੋਂ ਪਹਿਲਾਂ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਂ ਤੇ ਉਨ੍ਹਾਂ ਦੀ ਪਤਨੀ ਬ੍ਰਿਗੇਟ ਮੈਕਰੋਂ ਨੇ ਰਾਸ਼ਟਰਪਤੀ ਪੈਲੇਸ ਵਿਚ ਵਿਦੇਸ਼ੀ ਮਹਿਮਾਨਾਂ ਤੇ ਆਲਮੀ ਆਗੂਆਂ ਦਾ ਰਸਮੀ ਸਵਾਗਤ ਕੀਤਾ। ਪੈਰਿਸ ਤੀਜੀ ਵਾਰ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਕਰ ਰਿਹਾ ਹੈ। ਇਸ ਤੋਂ ਪਹਿਲਾਂ ਫਰਾਂਸ ਨੂੰ ਇਕ ਸਦੀ ਪਹਿਲਾਂ 1924 ਵਿਚ ਖੇਡਾਂ ਦੇ ਮਹਾਕੁੰਭ ਦੀ ਮੇਜ਼ਬਾਨੀ ਦਾ ਮੌਕਾ ਮਿਲਿਆ ਸੀ।

ਝੰਡਾਬਰਦਾਰ ਪੀਵੀ ਸਿੰਧੂ ਅਤੇ ਅਚੰਤਾ ਸ਼ਰਤ ਕਮਲ ਦੀ ਅਗਵਾਈ ਵਾਲੇ ਭਾਰਤੀ ਦਲ ਨੇ ਅੱਜ ਇੱਥੇ ਪੈਰਿਸ ਓਲੰਪਿਕ ਦੇ ਉਦਘਾਟਨੀ ਸਮਾਗਮ ਦੀ ‘ਅਥਲੀਟ ਪਰੇਡ’ ਵਿੱਚ ਹਿੱਸਾ ਲਿਆ। ਇਸ ਵਿੱਚ 12 ਖੇਡਾਂ ਦੇ ਕੁੱਲ 78 ਖਿਡਾਰੀ/ਅਥਲੀਟ ਅਤੇ ਅਧਿਕਾਰੀ ਸ਼ਾਮਲ ਹੋਏ। ਭਾਰਤੀ ਓਲੰਪਿਕ ਐਸੋਸੀਏਸ਼ਨ (ਆਈਓਏ) ਨੇ ਇਸ ਦੀ ਪੁਸ਼ਟੀ ਕੀਤੀ। ਆਈਓਏ ਨੇ ਕਿਹਾ, ‘‘ਆਈਓਏ ਦੀ ਪ੍ਰਧਾਨ ਪੀਟੀ ਊਸ਼ਾ ਅਤੇ ਟੀਮ ਦੇ ਮੁਖੀ ਗਗਨ ਨਾਰੰਗ ਨੇ ਅਥਲੀਟ ਪਰੇਡ ਵਿੱਚ ਦਲ ਦੀ ਰਚਨਾ ਵਿੱਚ ਖਿਡਾਰੀਆਂ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਹੈ। ਕਈ ਖਿਡਾਰੀਆਂ ਦੇ ਸ਼ਨਿਚਰਵਾਰ ਨੂੰ ਮੁਕਾਬਲੇ ਹਨ ਅਤੇ ਆਈਓਏ ਨੇ ਉਨ੍ਹਾਂ ਦੀਆਂ ਤਿਆਰੀਆਂ ਨੂੰ ਪਹਿਲ ਦੇਣ ਅਤੇ ਉਦਘਾਟਨੀ ਸਮਾਗਮ ਵਿੱਚ ਹਿੱਸਾ ਨਾ ਲੈਣ ਦੇ ਫ਼ੈਸਲੇ ਦਾ ਸਨਮਾਨ ਕੀਤਾ ਹੈ।’’

ਝੰਡਾਬਰਦਾਰ ਸਿੰਧੂ ਅਤੇ ਸ਼ਰਤ ਕਮਲ ਤੋਂ ਇਲਾਵਾ ਹੋਰ ਅਹਿਮ ਖਿਡਾਰੀਆਂ ਵਿੱਚ ਤੀਰਅੰਦਾਜ਼ ਦੀਪਿਕਾ ਕੁਮਾਰੀ, ਮੁੱਕੇਬਾਜ਼ ਲਵਲੀਨਾ ਬੋਰਗੋਹੇਨ, ਟੇਬਲ ਟੈਨਿਸ ਖਿਡਾਰਨ ਮਨਿਕਾ ਬੱਤਰਾ ਅਤੇ ਟੈਨਿਸ ਖਿਡਾਰੀ ਰੋਹਨ ਬੋਪੰਨਾ ਸ਼ਾਮਲ ਹਨ। ਕਿਸ਼ਤੀ ਚਾਲਕ ਬਲਰਾਜ ਪੰਵਾਰ ਦੀ ਸ਼ਨਿਚਰਵਾਰ ਸਵੇਰੇ ਰੇਸ ਹੈ, ਇਸ ਲਈ ਉਸ ਨੇ ਅਥਲੀਟ ਪਰੇਡ ਵਿੱਚ ਹਿੱਸਾ ਨਹੀਂ ਲਿਆ। ਖ਼ਬਰ ਲਿਖੇ ਜਾਣ ਤੱਕ ਟ੍ਰੈਕ ਐਂਡ ਫੀਲਡ, ਵੇਟਲਿਫਟਿੰਗ ਅਤੇ ਕੁਸ਼ਤੀ ਦੀਆਂ ਟੀਮਾਂ ਹਾਲੇ ਪੈਰਿਸ ਨਹੀਂ ਪਹੁੰਚੀਆਂ ਸਨ। ਭਾਰਤੀ ਪੁਰਸ਼ ਹਾਕੀ ਟੀਮ ਦਾ ਸਨਿਚਰਵਾਰ ਨੂੰ ਨਿਊਜ਼ੀਲੈਂਡ ਖ਼ਿਲਾਫ਼ ਮੈਚ ਹੈ, ਇਸ ਲਈ ਹਾਕੀ ਦੇ ਸਿਰਫ ਤਿੰਨ ਰਿਜ਼ਰਵ ਖਿਡਾਰੀ ਹੀ ਇਸ ਸਮਾਗਮ ’ਚ ਸ਼ਾਮਲ ਹੋਣਗੇ। ਓਲੰਪਿਕ ਵਿੱਚ ਭਾਰਤ ਦਾ 117 ਖਿਡਾਰੀਆਂ ਦਾ ਦਲ ਹਿੱਸਾ ਲੈ ਰਿਹਾ ਹੈ, ਜਿਸ ਵਿੱਚ 47 ਮਹਿਲਾਵਾਂ ਹਨ। ਓਲੰਪਿਕ ਇਤਿਹਾਸ ਵਿੱਚ ਪਹਿਲੀ ਵਾਰ ਉਦਘਾਟਨੀ ਸਮਾਗਮ ਸਟੇਡੀਅਮ ’ਚ ਨਹੀਂ ਸਗੋਂ ਇੱਥੇ ਸੀਨ ਨਦੀ ਦੇ ਕੰਢੇ ਕਰਵਾਇਆ ਗਿਆ।

ਸਮਾਗਮ ਵਿੱਚ ਹਿੱਸਾ ਲੈਣ ਵਾਲੇ ਭਾਰਤੀ ਖਿਡਾਰੀਆਂ ਵਿੱਚ ਤੀਰਅੰਦਾਜ਼ ਦੀਪਿਕਾ ਕੁਮਾਰੀ ਅਤੇ ਤਰੁਣਦੀਪ ਰਾਏ, ਮੁੱਕੇਬਾਜ਼ ਲਵਲੀਨਾ ਬੋਰਗੋਹੇਨ, ਟੇਬਲ ਟੈਨਿਸ ਖਿਡਾਰਨ ਮਨਿਕਾ ਬੱਤਰਾ, ਟੈਨਿਸ ਖਿਡਾਰੀ ਰੋਹਨ ਬੋਪੰਨਾ, ਸੁਮਿਤ ਨਾਗਲ ਅਤੇ ਸ੍ਰੀਰਾਮ ਬਾਲਾਜੀ, ਨਿਸ਼ਾਨੇਬਾਜ਼ ਅੰਜੁਮ ਮੌਦਗਿਲ, ਸਿਫਤ ਕੌਰ ਸਮਰਾ ਤੇ ਹੋਰ ਸ਼ਾਮਲ ਸਨ।

Related posts

Michael Kovrig Says Resetting Canada-China Relations ‘Not Feasible’ Amid Rising Global Tensions

Gagan Oberoi

Instagram, Snapchat may be used to facilitate sexual assault in kids: Research

Gagan Oberoi

ਪਾਕਿਸਤਾਨ ਵਿਚ 3 ਟਿਕਟੌਕ ਸਟਾਰ ਸਣੇ ਚਾਰ ਜਣਿਆਂ ਨੂੰ ਮਾਰੀਆਂ ਗੋਲੀਆਂ

Gagan Oberoi

Leave a Comment