ਪਾਕਿਸਤਾਨ ਦੀ ਅੱਤਵਾਦੀ ਸਰਗਰਮੀਆਂ ਕਾਰਨ ਭਾਰਤ-ਪਾਕਿ ਵਿਚਾਲੇ ਗੱਲਬਾਤ ਇਕ ਅਰਸੇ ਤੋਂ ਬੰਦ ਹੈ ਪਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਇਸ ਸਬੰਧ ’ਚ ਇਕ ਨਵੀਂ ਚਾਲ ਚੱਲੀ ਹੈ। ਉਨ੍ਹਾਂ ਭਾਰਤ ਨਾਲ ਮੁੱਦੇ ਸੁਲਝਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਟੈਲੀਵਿਜ਼ਨ ’ਤੇ ਡਿਬੇਟ ਕਰਨ ਦੀ ਇੱਛਾ ਪ੍ਰਗਟਾਈ ਹੈ। ਨਾਲ ਹੀ ਕਿਹਾ ਕਿ ਜੇ ਚਰਚਾ ਕਰਨ ਨਾਲ ਮਤਭੇਦ ਦੂਰ ਹੋ ਸਕਦੇ ਹਨ ਤਾਂ ਇਹ ਇਸ ਉਪ ਮਹਾਦੀਪ ’ਚ ਰਹਿਣ ਵਾਲੇ ਅਰਬਾਂ ਲੋਕਾਂ ਦੇ ਹਿੱਤ ’ਚ ਹੋਵੇਗਾ।
ਰੂਸ ਦੇ ਦੌਰੇ ’ਤੇ ਤੋਂ ਪਹਿਲਾਂ ‘ਰੂਸ ਟੁਡੇ’ ਨੂੰ ਦਿੱਤੀ ਇਕ ਇੰਟਰਵਿਊ ’ਚ ਇਮਰਾਨ ਖ਼ਾਨ ਨੇ ਕਿਹਾ ਕਿ ਮੈਨੂੰ ਟੀਵੀ ’ਤੇ ਨਰਿੰਦਰ ਮੋਦੀ ਨਾਲ ਡਿਬੇਟ ਕਰ ਕੇ ਬਹੁਤ ਚੰਗਾ ਲੱਗਾ। ਹਾਲਾਂਕਿ ਭਾਰਤ ਸਰਕਾਰ ਵੱਲੋਂ ਇਮਰਾਨ ਖ਼ਾਨ ਦੇ ਇਸ ਬਿਆਨ ’ਤੇ ਹੁਣ ਤਕ ਕੋਈ ਪ੍ਰਤੀਕਿਰਿਆ ਨਹੀਂ ਆਈ।
ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੁਸ਼ਮਣ ਦੇਸ਼ ਬਣ ਗਿਆ ਤੇ ਉਨ੍ਹਾਂ ਨਾਲ ਕਾਰੋਬਾਰ ਬੰਦ ਹੋ ਗਿਆ ਜਦੋਂਕਿ ਮੇਰੀ ਸਰਕਾਰ ਦੀ ਨੀਤੀ ਸਾਰੇ ਦੇਸ਼ਾਂ ਨਾਲ ਵਪਾਰਕ ਸਬੰਧ ਚੰਗੇ ਰੱਖਣ ਦੀ ਹੈ। ਜ਼ਿਕਰਯੋਗ ਹੈ ਕਿ ਹਾਲ ਹੀ ’ਚ ਇਮਰਾਨ ਦੇ ਸਲਾਹਕਾਰ ਅਬਦੁੱਲ ਰੱਜ਼ਾਕ ਦਾਊਦ ਨੇ ਵੀ ਭਾਰਤ ਨਾਲ ਵਪਾਰਕ ਸਬੰਧ ਬਹਾਲ ਕਰਨ ਦੀ ਇੱਛਾ ਪ੍ਰਗਟਾਈ ਸੀ। ਉਨ੍ਹਾਂ ਕਿਹਾ ਕਿ ਭਾਰਤ ਨਾਲ ਮੁੜ ਤੋਂ ਕਾਰੋਬਾਰ ਕਰਨ ਨਾਲ ਦੋਵਾਂ ਦੇਸ਼ਾਂ ਨੂੁੰ ਫ਼ਾਇਦਾ ਹੋਵੇਗਾ।ਇਮਰਾਨ ਖ਼ਾਨ ਨੇ ਕਿਹਾ ਕਿ ਪਾਕਿਸਤਾਨ ਦੇ ਖੇਤਰੀ ਵਪਾਰਕ ਬਦਲ ਬਹੁਤ ਸੀਮਤ ਹਨ। ਦੱਖਣੀ-ਪੱਛਮੀ ਗੁਆਂਢੀ ਈਰਾਨ ਨਾਲ ਅਮਰੀਕੀ ਪਾਬੰਦੀਆਂ ਕਾਰਨ ਵਪਾਰਕ ਸੰਭਾਵਨਾਵਾਂ ਸੀਮਤ ਹਨ ਜਦੋਂ ਕਿ ਪੱਛਮ ’ਚ ਸਥਿਤ ਅਫ਼ਗਾਨਿਸਤਾਨ ਦਹਾਕਿਆਂ ਤੋਂ ਜੰਗ ਦੀ ਮਾਰ ਝੱਲ ਰਿਹਾ ਹੈ। ਹਾਲਾਂਕਿ ਪਾਕਿਸਤਾਨ ਦੇ ਵਪਾਰਕ ਸਬੰਧ ਉੱਤਰ ’ਚ ਸਥਿਤ ਗੁਆਂਢੀ ਦੇਸ਼ ਚੀਨ ਨਾਲ ਬਹੁਤ ਚੰਗੇ ਹਨ। ਉਸ ਨੇ ਦੇਸ਼ ਨੂੰ ਅਰਬਾਂ ਡਾਲਰ ਦਾ ਬੁਨਿਆਦੀ ਢਾਂਚਾ ਦੇਣ ਦਾ ਵਾਅਦਾ ਕੀਤਾ ਹੈ। ਉਸ ਨੇ ਆਪਣੇ ਬੈਲਟ ਐਂਡ ਰੋਡ ਪ੍ਰਾਜੈਕਟ ਜ਼ਰੀਏ ਪਾਕਿਸਤਾਨ ਦੀ ਕਾਫੀ ਮਦਦ ਕੀਤੀ ਹੈ। ਇਮਰਾਨ ਖ਼ਾਨ ਨੇ ਇਹ ਇੰਟਰਵਿਊ ਬੁੱਧਵਾਰ ਨੂੰ ਰੂਸ ਦੇ ਦੌਰ ’ਤੇ ਜਾਣ ਤੋਂ ਪਹਿਲਾਂ ਦਿੱਤੀ ਹੈ। ਪਿਛਲੇ 23 ਸਾਲਾਂ ’ਚ ਪਹਿਲੀ ਵਾਰ ਕੋਈ ਪਾਕਿਸਤਾਨੀ ਪ੍ਰਧਾਨ ਮੰਤਰੀ ਰੂਸ ਜਾ ਰਿਹਾ ਹੈ। ਇਮਰਾਨ ਖ਼ਾਨ ਇਸ ਦੋ ਦਿਨਾਂ ਦੌਰੇ ’ਚ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਮੁਲਾਕਾਤ ਕਰਨਗੇ। ਹਾਲਾਂਕਿ ਮਾਹਿਰਾਂ ਦਾ ਕਹਿਣਾ ਹੈ ਕਿ ਰੂਸ ਦੇ ਦੌਰੇ ਲਈ ਇਹ ਸਮਾਂ ਢੁੱਕਵਾਂ ਨਹੀਂ ਹੈ। ਬਲੋਚਿਸਤਾਨ ਦੇ ਨੇਤਾ ਜੌਨ ਅਚਕਜਾਈ ਦਾ ਕਹਿਣਾ ਹੈ ਕਿ ਰੂਸ ਨੇ ਇਮਰਾਨ ਖ਼ਾਨ ਨੂੰ ਸੱਦਾ ਨਹੀਂ ਭੇਜਿਆ ਗਿਆ ਸੀ। ਉਹ ਖ਼ੁਦ ਹੀ ਆਪਣੀ ਇੱਛਾ ਨਾਲ ਜਾ ਰਹੇ ਹਨ। ਇਸ ਤੋਂ ਇਲਾਵਾ ਯੂਕ੍ਰੇਨ ਵਿਵਾਦ ਵਿਚਾਲੇ ਰੂਸ ਨੇ ਪਾਕਿਸਤਾਨ ਕੋਲੋਂ ਕੋਈ ਮਦਦ ਵੀ ਨਹੀਂ ਮੰਗੀ ਤੇ ਨਾ ਹੀ ਅਮਰੀਕਾ ਨੇ ਇਮਰਾਨ ਨੂੁੰ ਰੂਸ ਜਾਣ ਤੋਂ ਰੋਕਿਆ ਹੈ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਰੂਸ ਪਾਕਿਸਤਾਨ ਨੂੰ ਕੁਝ ਵੀ ਨਹੀਂ ਦੇਣ ਵਾਲਾ।