ਹੈਲਥ ਨਿਯਮਾਂ ਨੂੰ ਤੋੜ ਕੇ ਪਾਰਟੀਆਂ ਕਰਨ ਵਾਲਿਆਂ ਵਿੱਚੋਂ ਜੇ ਕਿਸੇ ਦੀ ਕੋਵਿਡ-19 ਕਾਰਨ ਮੌਤ ਹੋ ਜਾਂਦੀ ਹੈ ਤਾਂ ਉਸ ਖਿਲਾਫ ਕਤਲ ਦੇ ਚਾਰਜਿਜ਼ ਲਾਏ ਜਾਣਗੇ। ਲੀਗਲ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਚੇਤਾਵਨੀ ਬ੍ਰਿਟਿਸ਼ ਕੋਲੰਬੀਆ ਦੇ ਜੱਜ ਵੱਲੋਂ ਦਿੱਤੀ ਗਈ।
ਯੌਰਕ ਯੂਨੀਵਰਸਿਟੀ ਓਸਗੂਡ ਹਾਲ ਲਾਅ ਸਕੂਲ ਦੀ ਪ੍ਰੋਫੈਸਰ ਲੀਜ਼ਾ ਡਫਰੇਮੌਂਟ ਨੇ ਆਖਿਆ ਕਿ ਕਤਲ ਦੇ ਚਾਰਜਿਜ਼ ਕਿਸੇ ਗੈਰਕਾਨੂੰਨੀ ਘਟਨਾ ਤੋਂ ਹੀ ਉਪਜਦੇ ਹਨ ਜਿਸ ਕਾਰਨ ਮੌਤ ਹੋ ਜਾਂਦੀ ਹੈ ਤੇ ਜਿਸ ਕਾਰਨ ਸ਼ਰੀਰਕ ਨੁਕਸਾਨ ਪਹੁੰਚ ਸਕਦਾ ਹੈ।ਉਨ੍ਹਾਂ ਆਖਿਆ ਕਿ ਜਿਵੇਂ ਕਿ ਜੱਜ ਨੇ ਆਖਿਆ ਹੈ ਕਿ ਜੇ ਅਜਿਹੇ ਮਾਮਲੇ ਵਿੱਚ ਕਿਸੇ ਦੀ ਮੌਤ ਹੋ ਜਾਂਦੀ ਹੈ ਤਾਂ ਇਸ ਨੂੰ ਹੱਤਿਆ ਦੇ ਤੁਲ ਹੀ ਮੰਨਿਆ ਜਾਵੇਗਾ। ਇਸ ਮਾਮਲੇ ਵਿੱਚ ਜੱਜ ਬਿਲਕੁਲ ਸਹੀ ਹਨ।
ਪ੍ਰੋਵਿੰਸ਼ੀਅਲ ਕੋਰਟ ਜੱਜ ਐਲਨ ਗੌਰਡਨ ਨੇ ਇਸ ਹਫਤੇ ਮੁਹੰਮਦ ਮੋਵਾਸਾਘੀ ਨੂੰ ਇੱਕ ਦਿਨ ਦੀ ਜੇਲ੍ਹ ਤੇ 5000 ਡਾਲਰ ਜੁਰਮਾਨੇ ਦੀ ਸਜ਼ਾ ਸੁਣਾਈ ਤੇ 18 ਮਹੀਨਿਆਂ ਦੀ ਪ੍ਰੋਬੇਸ਼ਨ ਦੇ ਹੁਕਮ ਦਿੱਤੇ। ਉਸ ਉੱਤੇ ਪਹਿਲਾਂ ਅਦਾਲਤੀ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ ਵੀ ਲੱਗ ਚੁੱਕੇ ਹਨ। ਇਸ ਦੇ ਨਾਲ ਹੀ ਹੈਲਥ ਆਫੀਸਰ ਦੇ ਆਰਡਰ ਤੇ ਗੈਰਕਾਨੂੰਨੀ ਢੰਗ ਨਾਲ ਗ੍ਰੇਨ ਅਲਕੋਹਲ ਖਰੀਦਣ ਦੇ ਵੀ ਦੋਸ਼ ਹਨ।
ਅਦਾਲਤ ਵਿੱਚ ਚੱਲ ਰਹੀ ਸੁਣਵਾਈ ਦੌਰਾਨ ਦੱਸਿਆ ਗਿਆ ਕਿ ਇੱਕ ਮੇਕਸਿ਼ਫਟ ਨਾਈਟਕਲੱਬ, ਜੋ ਕਿ 165 ਸਕੁਏਅਰ ਮੀਟਰ ਦੇ ਆਕਾਰ ਦਾ ਪੈਂਟਹਾਊਸ ਕੌਂਡੋਮੀਨੀਅਮ ਸੀ, ਵਿੱਚ 78 ਲੋਕ ਪਾਰਟੀ ਕਰਦੇ ਫੜ੍ਹੇ ਗਏ ਸਨ। ਗੌਰਡਨ ਨੇ ਇਸ ਨੂੰ ਪਾਰਟੀ ਨਹੀਂ ਸਗੋਂ ਜੁਰਮ ਦੱਸਿਆ। ਉਨ੍ਹਾਂ ਆਖਿਆ ਕਿ ਇਸ ਨਾਲ ਨਾ ਸਿਰਫ ਲੋਕ ਆਪਣੀ ਜਿੰ਼ਦਗੀ ਖਤਰੇ ਵਿੱਚ ਪਾ ਰਹੇ ਹਨ ਸਗੋਂ ਆਪਣੇ ਘਰਦਿਆਂ, ਬਜ਼ੁਰਗਾਂ ਦੀ ਜਿੰ਼ਦਗੀ ਵੀ ਖਤਰੇ ਵਿੱਚ ਪਾ ਰਹੇ ਹਨ।