ਕਰਾਚੀ ਦੇ ਜਿਨਾਹ ਅੰਤਰਰਾਸ਼ਟਰੀ ਹਵਾਈ ਅੱਡੇ ਨੇੜੇ ਸ਼ੁੱਕਰਵਾਰ ਨੂੰ ਇੱਕ ਜਹਾਜ਼ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੀ ਪਛਾਣ ਡੀ ਐਨ ਏ ਟੈਸਟਾਂ ਰਾਹੀਂ ਕੀਤੀ ਜਾਵੇਗੀ ਕਿਉਂਕਿ ਲਾਸ਼ਾਂ ਬੁਰੀ ਤਰ੍ਹਾਂ ਸੜ ਗਈਆਂ ਹਨ। ਪਾਕਿਸਤਾਨ ਇੰਟਰਨੈਸ਼ਨਲ ਏਅਰਲਾਇੰਸ (ਪੀਆਈਏ) ਦਾ ਇੱਕ ਜਹਾਜ਼ ਸ਼ੁੱਕਰਵਾਰ ਨੂੰ ਹਵਾਈ ਅੱਡੇ ਨੇੜੇ ਸੰਘਣੀ ਆਬਾਦੀ ਵਾਲੇ ਰਿਹਾਇਸ਼ੀ ਇਲਾਕੇ ਵਿੱਚ ਹਾਦਸਾਗ੍ਰਸਤ ਹੋ ਗਿਆ, ਜਿਸ ਵਿੱਚ 97 ਵਿਅਕਤੀਆਂ ਦੀ ਮੌਤ ਹੋ ਗਈ।
ਏ 320 ਵਿੱਚ 91 ਯਾਤਰੀ ਅਤੇ ਚਾਲਕ ਦਲ ਦੇ ਅੱਠ ਮੈਂਬਰ ਸਵਾਰ ਸਨ। ਜਹਾਜ਼ ਕਰਾਚੀ ਵਿੱਚ ਉਤਰਨ ਵਾਲਾ ਸੀ ਕਿ ਇੱਕ ਮਿੰਟ ਪਹਿਲਾਂ ਮਾਲੀਰ ਵਿੱਚ ਮਾਡਲ ਕਾਲੋਨੀ ਨੇੜੇ ਜਿਨਾਹ ਗਾਰਡਨਜ਼ ਵਿੱਚ ਸਥਿਤ ਜਿਨਾਹ ਰਿਹਾਇਸ਼ੀ ਸੁਸਾਇਟੀ ਵਿੱਚ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿੱਚ ਜ਼ਮੀਨ ‘ਤੇ ਮੌਜੂਦ 11 ਲੋਕ ਜ਼ਖ਼ਮੀ ਵੀ ਹੋਏ ਹਨ।
ਐਕਸਪ੍ਰੈਸ ਟ੍ਰਿਬਿਊਨ ਨੇ ਜਿਨਾਹ ਪੋਸਟ ਗ੍ਰੈਜੂਏਟ ਮੈਡੀਕਲ ਸੈਂਟਰ ਦੇ ਬਾਹਰ ਮੌਜੂਦ ਇੱਕ ਪੁਲਿਸ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਕਿ ਹੁਣ ਤੱਕ ਸਿਰਫ ਇੱਕ ਲੜਕੀ ਸਮੇਤ ਪੰਜ ਲੋਕਾਂ ਦੀ ਪਛਾਣ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪਰਿਵਾਰ ਲਈ ਮ੍ਰਿਤਕਾਂ ਦੀ ਪਛਾਣ ਕਰਨਾ ਲਗਭਗ ਅਸੰਭਵ ਹੈ ਕਿਉਂਕਿ ਲਾਸ਼ਾਂ ਬੁਰੀ ਤਰ੍ਹਾਂ ਸੜ ਗਈਆਂ ਹਨ। ਜੀਓ ਨਿਊਜ਼ ਦੇ ਅਨੁਸਾਰ ਕਰਾਚੀ ਯੂਨੀਵਰਸਿਟੀ ਦੀ ਫੋਰੈਂਸਿਕ ਡੀਐਨਏ ਲੈਬਾਰਟਰੀ ਵਿੱਚ ਡੀਐਨਏ ਟੈਸਟ ਕਰਨ ਲਈ ਨਮੂਨੇ ਲਏ ਜਾਣਗੇ।
ਯਾਤਰੀਆਂ ਦੇ ਰਿਸ਼ਤੇਦਾਰਾਂ ਨੂੰ ਮ੍ਰਿਤਕਾਂ ਨਾਲ ਮੇਲ ਕਰਨ ਲਈ ਉਨ੍ਹਾਂ ਦੇ ਨਮੂਨੇ ਦੇਣ ਲਈ ਕਿਹਾ ਗਿਆ ਹੈ। ਇਸ ਹਾਦਸੇ ਵਿੱਚ ਦੋ ਲੋਕ ਚਮਤਕਾਰੀ ਢੰਗ ਨਾਲ ਬਚੇ, ਜਿਨ੍ਹਾਂ ਵਿੱਚ ਬੈਂਕ ਆਫ਼ ਪੰਜਾਬ ਦੇ ਪ੍ਰਧਾਨ ਜ਼ਫਰ ਮਸੂਦ ਵੀ ਸ਼ਾਮਲ ਹਨ ਅਤੇ ਉਨ੍ਹਾਂ ਨੇ ਆਪਣੀ ਮਾਂ ਨੂੰ ਬੁਲਾਇਆ ਅਤੇ ਉਸ ਨੂੰ ਉਸ ਦੇ ਠੀਕ ਹੋਣ ਬਾਰੇ ਜਾਣਕਾਰੀ ਦਿੱਤੀ। ਹਾਦਸੇ ਤੋਂ ਬਚੇ ਇਕ ਮਕੈਨੀਕਲ ਇੰਜੀਨੀਅਰ ਨੇ ਜੀਓ ਨਿਊਜ਼ ਨੂੰ ਦੱਸਿਆ ਕਿ ਉਹ ਗੁਜਰਾਂਵਾਲਾ ਵਿੱਚ ਇਕ ਪ੍ਰਾਜੈਕਟ ‘ਤੇ ਕੰਮ ਕਰ ਰਿਹਾ ਸੀ ਅਤੇ ਈਦ ਮਨਾਉਣ ਲਈ ਘਰ ਪਰਤ ਰਿਹਾ ਸੀ।
next post