ਨਵੀਂ ਦਿੱਲੀ: ਪੂਰੀ ਦੁਨੀਆ ਕੋਰੋਨਾ ਦੀ ਮਹਾਂਮਾਰੀ ਦਾ ਸਾਹਮਣਾ ਕਰ ਰਹੀ ਹੈ । ਭਾਰਤ ਵਿੱਚ ਕੋਰੋਨਾ ਦੇ ਖ਼ਤਰੇ ਨਾਲ ਨਜਿੱਠਣ ਲਈ ਦੇਸ਼ ਵਿੱਚ 21 ਦਿਨ ਦਾ ਲਾਕ ਡਾਊਨ ਲਾਗੂ ਕੀਤਾ ਗਿਆ ਹੈ । ਅਜਿਹੇ ਮੁਸ਼ਕਲ ਭਰੇ ਹਾਲਾਤ ਵਿੱਚ ਕੁਝ ਲੋਕ ਅਤੇ ਸੰਗਠਨ ਅਜਿਹੇ ਹਨ, ਜੋ ਲੋਕਾਂ ਦੀ ਲਗਾਤਾਰ ਮਦਦ ਕਰ ਰਹੇ ਹਨ । ਏਅਰ ਇੰਡੀਆ ਵੀ ਇਨ੍ਹਾਂ ਵਿਚੋਂ ਇੱਕ ਹੈ । ਏਅਰ ਇੰਡੀਆ ਦੇ ਜਹਾਜ਼ ਮੁਸੀਬਤ ਦੇ ਸਮੇਂ ਵਿੱਚ ਲੋਕਾਂ ਨੂੰ ਰਾਹਤ ਪਹੁੰਚਾਉਣ ਲਈ ਲਗਾਤਾਰ ਉਡਾਨਾਂ ਭਰ ਰਹੇ ਹਨ । ਜਿਸ ਕਾਰਣ ਪਾਕਿਸਤਾਨ ਵੱਲੋਂ ਵੀ ਏਅਰ ਇੰਡੀਆ ਦੇ ਇਸ ਜਜ਼ਬੇ ਨੂੰ ਸਲਾਮ ਕੀਤਾ ਗਿਆ ਹੈ । ਦਰਅਸਲ, ਏਅਰ ਇੰਡੀਆ ਦੀ ਹਾਲ ਹੀ ਵਿੱਚ ਪਾਕਿਸਤਾਨ ਦੇ ਇੱਕ ਏਅਰ ਟ੍ਰੈਫਿਕ ਕੰਟਰੋਲਰ (ਏਟੀਸੀ) ਵੱਲੋਂ ਪ੍ਰਸ਼ੰਸਾ ਕੀਤੀ ਗਈ ਹੈ । ਕਰਾਚੀ ਸਥਿਤ ਏਅਰ ਟ੍ਰੈਫਿਕ ਕੰਟਰੋਲ ਨੇ ਕਿਹਾ ਕਿ ਏਅਰ ਇੰਡੀਆ ਸਾਨੂੰ ਤੁਹਾਡੇ ‘ਤੇ ਮਾਣ ਹੈ । ਹਾਲ ਹੀ ਵਿੱਚ ਹੋਈ ਇਸ ਤਾਜ਼ਾ ਘਟਨਾ ਦੀ ਜਾਣਕਾਰੀ ਖੁ਼ਦ ਇੱਕ ਪਾਇਲਟ ਨੇ ਸਾਂਝੀ ਕੀਤੀ ਹੈ । ਲਾਕ ਡਾਊਨ ਕਾਰਨ ਭਾਰਤ ਵਿੱਚ ਫਸੇ ਯੂਰਪੀ ਨਾਗਰਿਕਾਂ ਨੂੰ ਲੈ ਕੇ ਏਅਰ ਇੰਡੀਆ ਦੇ ਜਹਾਜ਼ ਫਰੈਂਕਫਰਟ ਜਾ ਰਹੇ ਸਨ । ਦੱਸ ਦਈਏ ਕਿ ਭਾਰਤ ਵਿੱਚ 14 ਅਪ੍ਰੈਲ ਤੱਕ ਦਾ ਲਾਕ ਡਾਊਨ ਜਾਰੀ ਹੈ । ਇਸ ਲਈ ਸਾਰੀਆਂ ਕਿਸਮਾਂ ਦੀਆਂ ਦੇਸੀ ਅਤੇ ਵਿਦੇਸ਼ੀ ਏਅਰਲਾਈਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ । ਵਿਸ਼ੇਸ਼ ਉਡਾਣਾਂ ਦੇ ਸੀਨੀਅਰ ਕਪਤਾਨ ਨੇ ਦੱਸਿਆ ਕਿ ਇਹ ਮੇਰੇ ਲਈ ਅਤੇ ਸਮੁੱਚੇ ਏਅਰ ਇੰਡੀਆ ਦੇ ਸਮੂਹ ਚਾਲਕਾਂ ਲਈ ਮਾਣ ਵਾਲਾ ਪਲ ਸੀ । ਜਦੋਂ ਪਾਕਿਸਤਾਨ ਏਟੀਸੀ ਨੇ ਯੂਰਪ ਲਈ ਸਾਡੀ ਵਿਸ਼ੇਸ਼ ਉਡਾਣ ਕਾਰਜਾਂ ਦੀ ਪ੍ਰਸ਼ੰਸਾ ਕੀਤੀ । ਉਨ੍ਹਾਂ ਦੱਸਿਆ ਕਿ ਜਿਵੇਂ ਹੀ ਉਹ ਪਾਕਿਸਤਾਨ ਅਤੇ ਪਾਕਿਸਤਾਨ ਏਅਰ ਟ੍ਰੈਫਿਕ ਕੰਟਰੋਲਰ ਦੇ ਫਲਾਈਟ ਜਾਣਕਾਰੀ ਦੇ ਖੇਤਰ ਵਿੱਚ ਦਾਖਲ ਹੋਏ ਤਾਂ ਸਾਨੂੰ ਉਨ੍ਹਾਂ ਦਾ ਹੈਰਾਨ ਕਰਨ ਵਾਲਾ ਸੰਦੇਸ਼ ਸੁਣਨ ਨੂੰ ਮਿਲਿਆ । ਏਆਈ ਦੇ ਬੋਇੰਗ -777 ਅਤੇ ਬੋਰਿੰਗ 787 ਦੇ ਕਈ ਚਾਲਕ ਦਲ ਦੇ ਮੈਂਬਰਾਂ ਨੂੰ ਮੁੰਬਈ ਅਤੇ ਦਿੱਲੀ ਤੋਂ ਯੂਰਪੀਅਨ ਅਤੇ ਕੈਨੇਡੀਅਨ ਨਾਗਰਿਕਾਂ ਨੂੰ ਲੈ ਕੇ ਜਾਣ ਲਈ ਤਾਇਨਾਤ ਕੀਤਾ ਗਿਆ ਸੀ। ਏਅਰ ਇੰਡੀਆ ਦੇ ਕਪਤਾਨ ਨੇ ਦੱਸਿਆ ਕਿ ਇਰਾਨ ਦੇ ਹਵਾਈ ਖੇਤਰ ਤੋਂ ਬਾਹਰ ਜਾਣ ਤੋਂ ਪਹਿਲਾਂ ਉੱਥੇ ਏਟੀਸੀ ਨੇ ‘ਆਲ ਦ ਬੈਸਟ’ ਵੀ ਕਿਹਾ ਸੀ । ਇਰਾਨ ਤੋਂ ਬਾਅਦ ਵਿਸ਼ੇਸ਼ ਉਡਾਣਾਂ ਤੁਰਕੀ ਦੇ ਹਵਾਈ ਖੇਤਰ ਅਤੇ ਫਿਰ ਜਰਮਨੀ ਵਿੱਚ ਦਾਖਲ ਹੋਈਆਂ ਸਨ ।