ਅਫਗਾਨਿਸਤਾਨ ‘ਚ ਪਾਕਿਸਤਾਨੀ ਹਵਾਈ ਹਮਲੇ ‘ਚ ਹੁਣ ਤੱਕ ਘੱਟੋ-ਘੱਟ 47 ਲੋਕ ਮਾਰੇ ਜਾ ਚੁੱਕੇ ਹਨ। ਜ਼ਿਕਰਯੋਗ ਹੈ ਕਿ ਪਾਕਿਸਤਾਨੀ ਸੁਰੱਖਿਆ ਬਲਾਂ ਨੇ ਦੱਖਣ-ਪੂਰਬੀ ਖੋਸਤ ਸੂਬੇ ਦੇ ਸਪਰੇਈ ਜ਼ਿਲ੍ਹੇ ਅਤੇ ਪੂਰਬੀ ਕੁਨਾਰ ਸੂਬੇ ਦੇ ਸ਼ਲਤਾਨ ਜ਼ਿਲ੍ਹੇ ‘ਚ ਵਜ਼ੀਰਿਸਤਾਨ ਦੇ ਸ਼ਰਨਾਰਥੀਆਂ ‘ਤੇ ਹਵਾਈ ਹਮਲੇ ਕੀਤੇ। ਇਸ ਕਾਰਨ ਅਫਗਾਨਿਸਤਾਨ ਅੰਦਰੋਂ ਧੁਖ ਰਿਹਾ ਹੈ। ਪਾਕਿਸਤਾਨ ਦੀ ਇਸ ਕਾਰਵਾਈ ਤੋਂ ਬਾਅਦ ਅਫਗਾਨਿਸਤਾਨ ਦੇ ਲੋਕਾਂ ‘ਚ ਕਾਫੀ ਗੁੱਸਾ ਹੈ। ਉਹ ਇਸ ਨੂੰ ਅਫਗਾਨਿਸਤਾਨ ਦੀ ਪ੍ਰਭੂਸੱਤਾ ‘ਤੇ ਹਮਲਾ ਮੰਨ ਰਹੇ ਹਨ।
ANI ਦੀ ਰਿਪੋਰਟ ਮੁਤਾਬਕ ਅਫਗਾਨਿਸਤਾਨ ਦੇ ਸੂਚਨਾ ਅਤੇ ਸੱਭਿਆਚਾਰ ਦੇ ਉਪ ਮੰਤਰੀ ਅਤੇ ਤਾਲਿਬਾਨ ਦੇ ਮੁੱਖ ਬੁਲਾਰੇ ਜ਼ਬੀਉੱਲ੍ਹਾ ਮੁਜਾਹਿਦ ਨੇ ਕਿਹਾ ਕਿ ਪਾਕਿਸਤਾਨ ਨੂੰ ਅਫਗਾਨਿਸਤਾਨ ਦੇ ਲੋਕਾਂ ਦੇ ਸਬਰ ਦਾ ਇਮਤਿਹਾਨ ਨਹੀਂ ਲੈਣਾ ਚਾਹੀਦਾ। ਜੇਕਰ ਪਾਕਿਸਤਾਨ ਅਜਿਹਾ ਕਰਦਾ ਹੈ ਤਾਂ ਉਸ ਨੂੰ ਇਸ ਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ। ਇੰਨਾ ਹੀ ਨਹੀਂ ਸੰਯੁਕਤ ਰਾਸ਼ਟਰ ‘ਚ ਅਫਗਾਨਿਸਤਾਨ ਦੇ ਸਥਾਈ ਮਿਸ਼ਨ ਨੇ ਇਨ੍ਹਾਂ ਹਮਲਿਆਂ ਦੀ ਸਖਤ ਨਿੰਦਾ ਕੀਤੀ ਅਤੇ ਇਸ ਨੂੰ ਅਫਗਾਨਿਸਤਾਨ ਦੀ ਖੇਤਰੀ ਅਖੰਡਤਾ ਖਿਲਾਫ ਹਮਲਾ ਕਰਾਰ ਦਿੱਤਾ। ਬ੍ਰਿਟੇਨ ‘ਚ ਰਹਿ ਰਹੇ ਅਫਗਾਨਾਂ ਨੇ ਵੀ ਲੰਡਨ ‘ਚ ਪਾਕਿਸਤਾਨੀ ਦੂਤਾਵਾਸ ਦੇ ਬਾਹਰ ਪ੍ਰਦਰਸ਼ਨ ਕੀਤਾ।