ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਦੇ ਕਾਫ਼ਲੇ ਨੂੰ ਪਟਿਆਲਾ ਸ਼ਹਿਰ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਪੁਲਿਸ ਵੱਲੋਂ ਕੁਝ ਸਮੇਂ ਲਈ ਰੋਕ ਦਿੱਤਾ ਗਿਆ, ਜਿਸ ਤੋਂ ਭੜਕੇ ਭਗਵੰਤ ਮਾਨ ਨੇ ਕਿਹਾ ਕਿ ਹੁਣ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੀ ਹਾਰ ਦਾ ਡਰ ਸਤਾ ਹੈ, ਜਿਸ ਕਰ ਕੇ ਉਨ੍ਹਾਂ ਨੂੰ ਸ਼ਹਿਰ ‘ਚ ਦਾਖ਼ਲ ਹੋਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਭਗਵੰਤ ਮਾਨ ਨੇ ਕਿਹਾ ਕਿ ਕੁਝ ਸਿਆਸੀ ਲੋਕਾਂ ਵੱਲੋਂ ਉਨ੍ਹਾਂ ‘ਤੇ ਗੰਭੀਰ ਨਾ ਹੋਣ ਦੇ ਦੋਸ਼ ਲਾਏ ਜਾਂਦੇ ਰਹੇ ਹਨ ਪਰ ਉਹ ਦੱਸਣਾ ਚਾਹੁੰਦੇ ਹਨ ਕਿ ਉਨ੍ਹਾਂ ਦੀ ਸੰਸਦ ਵਿਚ ਹਾਜ਼ਰੀ 95 ਫ਼ੀਸਦ ਰਹੀ ਹੈ। ਜਦੋਂ ਕਿ ਦੋਸ਼ ਲਾਉਣ ਵਾਲਿਆਂ ਦੀ ਹਾਜ਼ਰੀ ਸਭ ਤੋਂ ਘੱਟ ਰਹੀ ਹੈ, ਇਸ ਲਈ ਉਹ ਸਵਾਲ ਕਰਦੇ ਹਨ ਕਿ ਵੱਧ ਹਾਜ਼ਰੀ ਵਾਲਾ ਮੈਂਬਰ ਗੰਭੀਰ ਹੈ ਜਾਂ ਫਿਰ ਘੱਟ ਹਾਜ਼ਰੀ ਵਾਲਾ। ਭਗਵੰਤ ਮਾਨ ਨੇ ਕਿਹਾ ਕਿ ਇਸ ਵਾਰ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੇ ਨਾਲ ਹਨ ਅਤੇ ਹਰ ਹਲਕੇ ਤੋਂ ਉਮੀਦਵਾਰ ਵੱਡੇ ਫ਼ਰਕ ਨਾਲ ਜਿੱਤ ਦਰਜ ਕਰਨ ਜਾ ਰਹੀ ਹੈ, ਇਸ ਦੇ ਚੱਲਦਿਆਂ ਹੀ ਹੋਰ ਪਾਰਟੀਆਂ ਉਨ੍ਹਾਂ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ।
ਭਗਵੰਤ ਮਾਨ ਨੇ ਅੱਜ ਸਵੇਰੇ ਪਟਿਆਲਾ ਜ਼ਿਲ੍ਹੇ ਦੇ ਹਲਕਾ ਘਨੌਰ ਵਿਖੇ ਰੋਡ ਸ਼ੋਅ ਕੀਤਾ। ਇਸ ਤੋਂ ਬਾਅਦ ਉਹ ਪਟਿਆਲਾ ਸ਼ਹਿਰੀ ਹਲਕੇ ਤੋਂ ਉਮੀਦਵਾਰ ਅਜੀਤਪਾਲ ਕੋਹਲੀ ਦੇ ਹੱਕ ‘ਚ ਰੋਡ ਸ਼ੋਅ ਕਰਨ ਲਈ ਪੁੱਜੇ। ਇਸ ਮਗਰੋਂ ਮਾਨ ਵਲੋਂ ਹਲਕਾ ਸਨੌਰ, ਸਮਾਣਾ ਤੇ ਸ਼ੁਤਰਾਣਾ ‘ਚ ਵੀ ਪ੍ਰਚਾਰ ਕੀਤਾ ਜਾਣਾ ਹੈ।