ਟੋਕੀਓ ਓਲੰਪਿਕ ਵਿਚ ਗੋਲਡ ਮੈਡਲ ਜਿੱਤਣ ਵਾਲੇ ਭਾਰਤੀ ਨੇਜ਼ਾ ਸੁੱਟ ਸਟਾਰ ਨੀਰਜ ਚੋਪੜਾ ਨੂੰ ਵੱਕਾਰੀ ਲਾਰੇਸ ਵਿਸ਼ਵ ਖੇਡ ਪੁਰਸਕਾਰ ਵਿਚ ‘ਵਰਲਡ ਬ੍ਰੇਕਥਰੂ ਆਫ ਦ ਯੀਅਰ’ ਵਰਗ ਲਈ ਨਾਮਜ਼ਦ ਕੀਤਾ ਗਿਆ ਹੈ। ਇਸ ਵਰਗ ਵਿਚ ਡੇਨਿਲ ਮੇਦਵੇਦੇਵ ਤੇ ਏਮਾ ਰਾਡੂਕਾਨੂ ਸਮੇਤ ਕੁੱਲ ਛੇ ਖਿਡਾਰੀ ਦੌੜ ‘ਚ ਹਨ। ਇਹ ਪੁਰਸਕਾਰ ਅਪ੍ਰਰੈਲ ਵਿਚ ਇਕ ਆਨਲਾਈਨ ਸਮਾਗਮ ਵਿਚ ਦਿੱਤੇ ਜਾਣਗੇ। ਇਸ ਸਾਲ ਪੁਰਸਕਾਰਾਂ ਦੇ ਸੱਤ ਵਰਗਾਂ ਲਈ ਨਾਮਜ਼ਦਗੀਆਂ ਪੂਰੀ ਦੁਨੀਆ ਦੇ 1300 ਤੋਂ ਵੱਧ ਮੁੱਖ ਖੇਡ ਪੱਤਰਕਾਰਾਂ ਤੇ ਪ੍ਰਸਾਰਕਾਂ ਨੇ ਚੁਣੀਆਂ ਹਨ।
ਜੇਤੂ ਦੀ ਚੋਣ ਲਾਰੇਸ ਵਿਸ਼ਵ ਖੇਡ ਅਕੈਡਮੀ ਮਤਦਾਨ ਨਾਲ ਕਰੇਗੀ ਜਿਸ ਵਿਚ 71 ਮਹਾਨ ਖਿਡਾਰੀ ਸ਼ਾਮਲ ਹਨ। ਓਲੰਪਿਕ ਦੇ ਨਿੱਜੀ ਮੁਕਾਬਲੇ ਦਾ ਗੋਲਡ ਜਿੱਤਣ ਵਾਲੇ ਚੋਪੜਾ ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਤੋਂ ਬਾਅਦ ਦੂਜੇ ਭਾਰਤੀ ਹਨ। ਟੋਕੀਓ ਵਿਚ ਓਲੰਪਿਕ ਖੇਡਾਂ ਵਿਚ ਸ਼ੁਰੂਆਤ ਕਰਨ ਵਾਲੇ 23 ਸਾਲ ਦੇ ਚੋਪੜਾ ਨੇ 87.58 ਮੀਟਰ ਦੀ ਥ੍ਰੋਅ ਨਾਲ ਪਹਿਲਾ ਸਥਾਨ ਹਾਸਲ ਕੀਤਾ ਸੀ। ਲਾਰੇਸ ਪੁਰਸਕਾਰ ਲਈ ਨਾਮਜ਼ਦਗੀ ਹਾਸਲ ਕਰਨ ਵਾਲੇ ਉਹ ਵਿਨੇਸ਼ ਫੋਗਾਟ ਤੇ ਸਚਿਨ ਤੇਂਦੁਲਕਰ ਤੋਂ ਬਾਅਦ ਤੀਜੇ ਭਾਰਤੀ ਹਨ। ਵਿਨੇਸ਼ ਨੂੰ 2019 ਵਿਚ ਖੇਡਾਂ ਵਿਚ ਸ਼ਾਨਦਾਰ ਵਾਪਸੀ ਵਰਗ ਲਈ ਨਾਮਜ਼ਦ ਕੀਤਾ ਗਿਆ ਸੀ ਜਦਕਿ ਤੇਂਦੁਲਕਰ ਨੇ 2020 ਵਿਚ ਪਿਛਲੇ 20 ਸਾਲ ਦੇ ਸਰਬੋਤਮ ਖੇਡ ਪਲ਼ ਵਰਗ ਲਈ ਪੁਰਸਕਾਰ ਜਿੱਤਿਆ ਸੀ। ਤੇਂਦੁਲਕਰ ਨੂੰ 2011 ਵਿਸ਼ਵ ਕੱਪ ਜਿੱਤਣ ਤੋਂ ਬਾਅਦ ਭਾਰਤੀ ਖਿਡਾਰੀਆਂ ਵੱਲੋਂ ਮੋਢੇ ‘ਤੇ ਬਿਠਾ ਕੇ ਮੈਦਾਨ ਦਾ ਚੱਕਰ ਲਾਏ ਜਾਣ ਲਈ ਇਹ ਪੁਰਸਕਾਰ ਮਿਲਿਆ ਸੀ।
ਕਈ ਦਿੱਗਜ ਹਨ ਇਨਾਮ ਹਾਸਲ ਕਰਨ ਦੀ ਦੌੜ ‘ਚ
ਚੋਪੜਾ ਦੇ ਵਰਗ ਵਿਚ ਬਿ੍ਟੇਨ ਦੀ ਟੈਨਿਸ ਖਿਡਾਰਨ ਏਮਾ ਰਾਡੂਕਾਨੂ, ਰੂਸ ਦੇ ਟੈਨਿਸ ਖਿਡਾਰੀ ਡੇਨਿਲ ਮੇਦਵੇਦੇਵ, ਐੱਫਸੀ ਬਾਰਸੀਲੋਨਾ ਦੇ ਫੁੱਟਬਾਲਰ ਪੈਡ੍ਰੀ, ਤਿਹਰੀ ਛਾਲ ਵਿਚ ਵਿਸ਼ਵ ਰਿਕਾਰਡ ਬਣਾਉਣ ਵਾਲੇ ਯੂਲਿਮਾਰ ਰੋਜਾਸ ਤੇ ਟੋਕੀਓ ਓਲੰਪਿਕ ਗੋਲਡ ਮੈਡਲ ਜੇਤੂ ਤੈਰਾਕ ਏਰੀਆਰਨੇ ਟਿਟਮਸ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਸਾਲ ਦੇ ਸਰਬੋਤਮ ਖਿਡਾਰੀ ਦੇ ਪੁਰਸਕਾਰ ਲਈ ਬਾਇਰਨ ਮਿਊਨਿਖ ਦੇ ਰਾਬਰਟ ਲੇਵਾਨਦੋਵਸਕੀ, ਫਾਰਮੂਲਾ ਵਨ ਵਿਸ਼ਵ ਚੈਂਪੀਅਨ ਮੈਕ ਵੇਰਸਟਾਪੇਨ, ਦੁਨੀਆ ਦੇ ਨੰਬਰ ਇਕ ਟੈਨਿਸ ਖਿਡਾਰੀ ਨੋਵਾਕ ਜੋਕੋਵਿਕ ਦੌੜ ਵਿਚ ਹਨ। ਮਹਿਲਾ ਵਰਗ ਵਿਚ ਜਮੈਕਾ ਦੀ ਫਰਾਟਾ ਦੌੜਾਕ ਏਲੇਨ ਥਾਂਪਸਨ ਹੇਰਾ, ਆਸਟ੍ਰੇਲਿਆਈ ਤੈਰਾਕ ਐਮਾ ਮੈਕੀਓਨ ਤੇ ਅਮਰੀਕੀ ਤੈਰਾਕ ਕੈਟੀ ਲੇਡੇਕੀ ਦੌੜ ਵਿਚ ਹਨ।
…..ਮੈਂ ਇਸ ਪੁਰਸਕਾਰ ਲਈ ਨਾਮਜ਼ਦਗੀ ਹਾਸਲ ਕਰ ਕੇ ਬਹੁਤ ਖ਼ੁਸ ਹਾਂ। ਇਹ ਮੇਰੇ ਲਈ ਬਹੁਤ ਸਨਮਾਨ ਦੀ ਗੱਲ ਹੈ ਕਿ ਟੋਕੀਓ ਵਿਚ ਮੇਰੇ ਮੈਡਲ ਨੂੰ ਦੁਨੀਆ ਵਿਚ ਪਛਾਣ ਮਿਲੀ ਹੈ।-ਨੀਰਜ ਚੋਪੜਾ, ਭਾਰਤੀ ਖਿਡਾਰੀ