ਓਟਵਾ, : ਕੈਨੇਡਾ ਵਿੱਚ ਪੁਲਿਸ ਵਿਭਾਗ ਤੇ ਨਿਆਂ ਪ੍ਰਬੰਧ ਵਿੱਚ ਨਸਲਵਾਦ ਨੂੰ ਖਤਮ ਕਰਨ ਲਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੀ ਸਰਕਾਰ ਵੱਲੋਂ ਲਿਆਂਦੇ “ਵਰਕ ਪਲੈਨ” ਦਾ ਐਲਾਨ ਕੀਤਾ।
ਬੁੱਧਵਾਰ ਨੂੰ ਪਾਰਲੀਆਮੈਂਟ ਹਿੱਲ ਉੱਤੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਟਰੂਡੋ ਨੇ ਆਖਿਆ ਕਿ ਸਾਡਾ ਟੀਚਾ ਮਜ਼ਬੂਤ ਨੀਤੀਆਂ ਲੈ ਕੇ ਆਉਣਾ ਹੈ ਤਾਂ ਕਿ ਮੂਲਵਾਸੀ, ਵੱਖ ਵੱਖ ਨਸਲਾਂ ਦੇ ਲੋਕਾਂ ਤੇ ਅਪਾਹਜ ਲੋਕਾਂ ਨੂੰ ਦਰਪੇਸ਼ ਦਿੱਕਤਾਂ ਨੂੰ ਖਤਮ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਇਸ ਯੋਜਨਾ ਤਹਿਤ ਵੱਖ ਵੱਖ ਮੰਤਰੀਆਂ ਨੂੰ ਉਨ੍ਹਾਂ ਦੇ ਮੰਤਰਾਲਿਆਂ ਦੇ ਹਿਸਾਬ ਨਾਲ ਅੱਡ ਅੱਡ ਭੂਮਿਕਾਵਾਂ ਦਿੱਤੀਆਂ ਜਾਣਗੀਆਂ। ਇਸ ਤਹਿਤ ਪੁਲਿਸ ਵਿਭਾਗ ਵਿੱਚ ਤਾਕਤ ਦੀ ਵਰਤੋਂ ਲਈ ਮਾਪਦੰਡਾਂ ਨੂੰ ਅਪਡੇਟ ਕੀਤਾ ਜਾਵੇਗਾ, ਅਸਥਾਈ ਵਿਦੇਸ਼ੀ ਕਾਮਿਆਂ ਦੀ ਹਿਫਾਜ਼ਤ ਨੂੰ ਯਕੀਨੀ ਬਣਾਇਆ ਜਾਵੇਗਾ ਤੇ ਫਰਸਟ ਨੇਸ਼ਨਜ਼ ਲਈ ਵੀ ਪੁਲਿਸ ਦੀਆਂ ਸੇਵਾਵਾਂ ਨੂੰ ਜ਼ਰੂਰੀ ਕਰਾਰ ਦਿੱਤਾ ਜਾਵੇਗਾ।
ਇਸ ਐਲਾਨ ਦੀ ਐਨਡੀਪੀ ਆਗੂ ਜਗਮੀਤ ਸਿੰਘ ਵੱਲੋਂ ਸਖ਼ਤ ਆਲੋਚਨਾ ਕੀਤੀ ਗਈ। ਜਗਮੀਤ ਸਿੰਘ ਨੇ ਆਖਿਆ ਕਿ ਜਦੋਂ ਨਸਲਵਾਦ ਵਿਰੋਧੀ ਸਮਾਜ ਸੇਵਕਾਂ ਵੱਲੋਂ ਪੁਲਿਸ ਦੀਆਂ ਵਧੀਕੀਆਂ ਖਿਲਾਫ ਤੇ ਸਿਆਹ ਨਸਲ ਦੇ ਲੋਕਾਂ ਦੇ ਹੱਕ ਵਿੱਚ ਇੱਕਠੇ ਹੋਣ ਦਾ ਸੱਦਾ ਦਿੱਤਾ ਗਿਆ ਤਾਂ ਟਰੂਡੋ ਵੱਲੋਂ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨਾਲੋਂ ਵੀ ਘਟ ਕੰਮ ਕੀਤਾ ਗਿਆ ਹੈ।
ਬੁੱਧਵਾਰ ਨੂੰ ਆਪਣੀ ਪ੍ਰੈੱਸ ਕਾਨਫਰੰਸ ਵਿੱਚ ਜਗਮੀਤ ਸਿੰਘ ਨੇ ਆਖਿਆ ਕਿ ਜਦੋਂ 2019 ਵਿੱਚ ਫੈਡਰਲ ਚੋਣ ਕੈਂਪੇਨ ਦੌਰਾਨ ਟਰੂਡੋ ਦੀਆਂ ਬਲੈਕ ਤੇ ਬ੍ਰਾਊਨਫੇਸ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਸਨ ਉਸ ਸਮੇਂ ਲਿਬਰਲ ਆਗੂ ਨੇ ਕੈਨੇਡੀਅਨਾਂ ਨੂੰ ਉਨ੍ਹਾਂ ਦੇ ਕੰਮਾਂ ਤੋਂ ਪਛਾਨਣ ਲਈ ਆਖਿਆ ਸੀ। ਉਸ ਹਿਸਾਬ ਨਾਲ ਇਹ ਸਮਾਂ ਹੈ ਜਦੋਂ ਪੁਲਿਸ ਦੀਆਂ ਵਧੀਕੀਆਂ ਤੋਂ ਤੰਗ ਲੋਕਾਂ ਲਈ ਪ੍ਰਧਾਨ ਮੰਤਰੀ ਨੂੰ ਸਿਰਫ ਗੱਲਾਂ ਕਰਨ ਦੀ ਥਾਂ ਕੱੁਝ ਠੋਸ ਕਰਨਾ ਚਾਹੀਦਾ ਹੈ।