ਅਮਨ ਅਰੋੜਾ ਤੋਂ ਬਾਅਦ ਹੁਣ ਕੁਲਦੀਪ ਸਿੰਘ ਧਾਲੀਵਾਲ ਦਾ ਕੱਦ ਘਟਾਇਆ ਗਿਆ ਹੈ। ਕੁਲਦੀਪ ਸਿੰਘ ਧਾਲੀਵਾਲ ਤੋਂ ਉਨ੍ਹਾਂ ਦਾ ਸਭ ਤੋਂ ਵੱਡਾ ਵਿਭਾਗ ਖੇਤੀਬਾੜੀ ਤੇ ਪੇਂਡੂ ਵਿਕਾਸ ਅਤੇ ਪੰਚਾਇਤ ਲੈ ਲਿਆ ਗਿਆ ਹੈ, ਜਿਸ ਵਿੱਚੋਂ ਖੇਤੀਬਾੜੀ ਵਿਭਾਗ ਨਵ-ਨਿਯੁਕਤ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਦਿੱਤਾ ਗਿਆ ਹੈ, ਜਦਕਿ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਲਾਲਜੀਤ ਭੁੱਲਰ ਨੂੰ ਦਿੱਤਾ ਗਿਆ ਹੈ। ਖੁੱਡੀਆ ਨੂੰ ਖੇਤੀਬਾੜੀ ਤੋਂ ਇਲਾਵਾ ਪਸ਼ੂ ਪਾਲਣ, ਡੇਅਰੀ ਵਿਕਾਸ ਤੇ ਫੂਡ ਪ੍ਰੋਸੈਸਿੰਗ ਵਿਭਾਗ ਵੀ ਦਿੱਤੇ ਗਏ ਹਨ।
ਕੁਲਦੀਪ ਧਾਲੀਵਾਲ ਨੂੰ ਹੁਣ ਉਨ੍ਹਾਂ ਦੇ ਪੁਰਾਣੇ ਐਨਆਰਆਈ ਵਿਭਾਗ ਤੋਂ ਇਲਾਵਾ ਪ੍ਰਸ਼ਾਸਨਿਕ ਸੁਧਾਰ ਵਿਭਾਗ ਵੀ ਦਿੱਤਾ ਗਿਆ ਹੈ। ਪ੍ਰਸ਼ਾਸਨਿਕ ਸੁਧਾਰ ਵਿਭਾਗ ਇਸ ਸਮੇਂ ਗੁਰਮੀਤ ਸਿੰਘ ਮੀਤ ਹੇਅਰ ਕੋਲ ਸੀ।
ਅੱਜ ਨਿਯੁਕਤ ਕੀਤੇ ਗਏ ਦੂਜੇ ਮੰਤਰੀ ਬਲਕਾਰ ਸਿੰਘ ਨੂੰ ਸਥਾਨਕ ਸਰਕਾਰਾਂ ਤੇ ਸੰਸਦੀ ਮਾਮਲਿਆਂ ਦਾ ਮਹਿਕਮਾ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਪਿਛਲੇ ਮੰਤਰੀ ਮੰਡਲ ਦੇ ਵਿਸਥਾਰ ਨਾਲ ਵਿਭਾਗਾਂ ਵਿਚ ਹੋਈਆਂ ਤਬਦੀਲੀਆਂ ਵਿਚ ਅਮਨ ਅਰੋੜਾ ਤੋਂ ਸ਼ਹਿਰੀ ਵਿਕਾਸ ਤੇ ਮਕਾਨ ਉਸਾਰੀ ਅਤੇ ਲੋਕ ਸੰਪਰਕ ਵਿਭਾਗ ਵਰਗੇ ਅਹਿਮ ਵਿਭਾਗ ਲਏ ਗਏ ਸਨ। ਨਿੱਜਰ ਵਾਲੇ ਵਿਭਾਗ ਮੰਤਰੀ ਬਲਕਾਰ ਸਿੰਘ ਨੂੰ ਮਿਲੇ ਹਨ। ਇਸ ਤੋਂ ਇਲਾਵਾ ਗੁਰਮੀਤ ਸਿੰਘ ਖੁੱਡੀਆਂ ਨੂੰ ਤਿੰਨ ਅਹਿਮ ਵਿਭਾਗ ਮਿਲੇ ਹਨ।
ਅੱਜ ਹੋਏ ਬਦਲਾਅ ਤੋਂ ਬਾਅਦ ਮੰਤਰੀਆਂ ਕੋਲ ਵਿਭਾਗ ਇਸ ਤਰ੍ਹਾਂ ਰਹਿਣਗੇ
1. ਗੁਰਮੀਤ ਸਿੰਘ ਮੀਤ ਹੇਅਰ — ਜਲ ਸਰੋਤ, ਮਾਈਨਿੰਗ, ਵਿਗਿਆਨ ਅਤੇ ਤਕਨਾਲੋਜੀ, ਖੇਡਾਂ ਅਤੇ ਯੁਵਕ ਮਾਮਲੇ, ਕੰਜ਼ਰਵੇਸ਼ਨ ਆਫ ਲੈਂਡ
2. ਕੁਲਦੀਪ ਸਿੰਘ ਧਾਲੀਵਾਲ —-ਐੱਨਆਰਆਈ ਮਾਮਲੇ, ਪ੍ਰਸ਼ਾਸਕੀ ਸੁਧਾਰ
3. ਲਾਲਜੀਤ ਸਿੰਘ ਭੁੱਲਰ ——- ਟਰਾਂਸਪੋਰਟ, ਪੇਂਡੂ ਵਿਕਾਸ ਅਤੇ ਪੰਚਾਇਤ
4. ਬਲਕਾਰ ਸਿੰਘ——ਸਥਾਨਕ ਸਰਕਾਰਾਂ, ਸੰਸਦੀ ਮਾਮਲੇ
5. ਗੁਰਮੀਤ ਸਿੰਘ ਖੁੱਡੀਆਂ —- ਖੇਤੀਬਾੜੀ ਅਤੇ ਕਿਸਾਨ ਭਲਾਈ, ਪਸ਼ੂ ਪਾਲਣ, ਮੱਛੀ ਪਾਲਣ, ਡੇਅਰੀ ਵਿਕਾਸ ਅਤੇ ਫੂਡ ਪ੍ਰੋਸੈਸਿੰਗ
ਜ਼ਿਕਰਯੋਗ ਹੈ ਕਿ ਪੰਜਾਬ ਕੈਬਨਿਟ ਦਾ ਬੁੱਧਵਾਰ ਯਾਨੀ ਅੱਜ ਦੋ ਨਵੇਂ ਮੰਤਰੀ ਸ਼ਾਮਲ ਹੋਣ ਨਾਲ ਵਿਸਥਾਰ ਹੋਇਆ। ਗਵਰਨਰ ਬਨਵਾਰੀ ਲਾਲ ਪੁਰੋਹਿਤ ਨੇ ਗੁਰਮੀਤ ਸਿੰਘ ਖੁੱਡੀਆਂ (Gurmeet Singh Khuddian) ਤੇ ਬਲਕਾਰ ਸਿੰਘ (Balkar Singh) ਨੂੰ ਮੰਤਰੀ ਅਹੁਦੇ ਅਤੇ ਭੇਤ ਗੁਪਤ ਰੱਖਣ ਦੀ ਸਹੁੰ ਚੁਕਾਈ। ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਦੱਸਿਆ ਕਿ ਇਸ ਨਾਲ ਕੈਬਨਿਟ ਵਿੱਚ ਮੁੱਖ ਮੰਤਰੀ ਸਣੇ ਮੰਤਰੀਆਂ ਦੀ ਕੁੱਲ ਗਿਣਤੀ ਵਧ ਕੇ 16 ਹੋ ਗਈ ਹੈ। ਦੋਆਬਾ ਖੇਤਰ ਤੋਂ ਬ੍ਰਹਮਸ਼ੰਕਰ ਜ਼ਿੰਪਾ ਤੋਂ ਬਾਅਦ ਬਲਕਾਰ ਸਿੰਘ ਦੂਜੇ ਮੰਤਰੀ ਹਨ।