ਪੰਜਾਬ ਦੇ ਸਾਬਕਾ ਮੰਤਰੀ ਤੇ ਪੰਜਾਬ ਕਾਂਗਰਸ ਪ੍ਰਧਾਨ, ਮਸ਼ਹੂਰ ਅੰਤਰਰਾਸ਼ਟਰੀ ਕ੍ਰਿਕਟਰ ਤੇ ਟੀਵੀ ਜਗਤ ਦੇ ਪਸੰਦੀਦਾ ਕਲਾਕਾਰ ਅੱਜ ਆਪਣਾ 59ਵਾਂ ਜਨਮ ਦਿਨ ਮਨਾ ਰਹੇ ਹਨ। ਹੁਣ ਤਕ ਦੋਸਤਾਂ, ਮਿੱਤਰਾਂ, ਪਰਿਵਾਰਕ ਮੈਂਬਰਾਂ ਤੇ ਫੈਨਜ਼ ਨਾਲ ਧੂੁਮਧਾਮ ਨਾਲ ਜਨਮ ਦਿਨ ਮਨਾਉਣ ਵਾਲੇ ਨਵਜੋਤ ਸਿੱਧੂ ਬਹੁਤ ਹੀ ਸਾਦੇ ਢੰਗ ਨਾਲ ਜੇਲ੍ਹ ’ਚ ਇਹ ਦਿਨ ਬਿਤਾਉਣਗੇ। ਆਓ ਅੱਜ ਉਨ੍ਹਾਂ ਦੇ ਜਨਮ ਦਿਨ ’ਤੇ ਜਾਣਦੇ ਹਾਂ ਉਨ੍ਹਾਂ ਨਾਲ ਜੁਡ਼ੀਆਂ ਕੁਝ ਖਾਸ ਗੱਲਾਂ…
ਨਵਜੋਤ ਸਿੱਧੂ ਉਹ ਨਾਂ ਜੋ ਕਿਸੇ ਜਾਣ ਪਛਾਣ ਦਾ ਮੁਥਾਜ ਨਹੀਂ ਹੈ। ਉਨ੍ਹਾਂ ਦਾ ਜਨਮ 20 ਅਕਤੂਬਰ 1963 ਨੂੰ ਪਟਿਆਲਾ ਵਿਖੇ ਹੋਇਆ।
ਕ੍ਰਿਕਟ ਦਾ ਸਫ਼ਰ
17 ਸਾਲ ਕ੍ਰਿਕਟ ਦੀ ਦੁਨੀਆ ’ਚ ਨਾਮਣਾ ਖੱਟਣ ਤੋਂ ਬਾਅਦ ਸਿਆਸਤ ’ਚ ਆਏ ਤੇ ਨਾਲ ਹੀ ਟੀਵੀ ਜਗਤ ‘ਚ ਪੈਰ ਧਰਿਆ। 1999 ’ਚ ਕ੍ਰਿਕਟ ਤੋਂ ਸੰਨਿਆਸ ਲੈ ਕੇ ਕਮੈਂਟਰੀ ਕੀਤੀ।
ਟੀਵੀ ਜਗਤ ਨਾਲ ਨਾਤਾ
ਪਹਿਲੀ ਵਾਰ 2005 ’ਚ ‘ਦ ਗ੍ਰੇਟ ਇੰਡੀਅਨ ਲਾਫਟਰ ਚੈਲੇਂਜ’ ਜ਼ਰੀਏ ਮਨੋਰੰਜਨ ਜਗਤ ’ਚ ਐਂਟਰੀ ਮਾਰੀ ਤੇ 15 ਸਾਲ ਵੱਖ ਵੱਖ ਪ੍ਰੋਗਰਾਮਾਂ ਜ਼ਰੀਏ ਦਰਸ਼ਕਾਂ ਦਾ ਮਨੋਰੰਜਨ ਕੀਤਾ। ਉਨ੍ਹਾਂ ਬਿੱਗ ਬੌਸ 6 ’ਚ ਜਾ ਕੇ ਵੀ ਦਰਸ਼ਕਾਂ ਨੂੰ ਖੂਬ ਹਸਾਇਆ ਪਰ ਉਥੇ ਸਿਰਫ 34 ਦਿਨ ਹੀ ਟਿਕ ਪਾਏ ਤੇ ਸ਼ੋਅ ਤੋਂ ਬਾਹਰ ਹੋ ਗਏ।
ਇਸ ਸ਼ੋਅ ਤੋਂ ਉਨ੍ਹਾਂ ਨੇ ਟੀਵੀ ਜਗਤ ’ਚ ਪੈਰ ਧਰਿਆ ਤੇ ‘ਕਾਮੇਡੀ ਨਾਈਟ ਵਿਦ ਕਪਿਲ’ ’ਚ ਨਜ਼ਰ ਆਏ। ਬਤੌਰ ਜੱਜ ਵੀ ਭੂਮਿਕਾ ਨਿਭਾਈ। ਸਿੱਧੂ ‘ਮੁਝ ਸੇ ਸ਼ਾਦੀ ਕਰੋਗੀ’ ਤੇ ‘ਏਬੀਸੀਡੀ 2’ ਤੇ ਇਕ ਪੰਜਾਬੀ ਫਿਲਮ ‘ਮੇਰਾ ਪਿੰਡ’ ’ਚ ਵੀ ਅਦਾਕਾਰੀ ਦੇ ਜੌਹਰ ਦਿਖਾ ਚੁੱਕੇ ਹਨ।
ਸਿਆਸੀ ਪਾਰੀ
ਨਵਜੋਤ ਸਿੰਘ ਸਿੱਧੂ ਨੇ ਆਪਣੀ ਸਿਆਸੀ ਪਾਰੀ ਭਾਰਤੀ ਜਨਤਾ ਪਾਰਟੀ ਨਾਲ 2004 ’ਚ ਸ਼ੁਰੂ ਕੀਤੀ। ਇਸੇ ਸਾਲ ਉਨ੍ਹਾਂ ਅੰਮ੍ਰਿਤਸਰ ਸੀਟ ਤੋਂ ਚੋਣ ਲੜੀ ਤੇ ਜਿੱਤ ਹਾਸਲ ਕੀਤੀ। ਇਸ ਸੀਟ ’ਤੇ 2014 ਤਕ ਕਾਬਜ਼ ਰਹਿ ਕੇ ਉਨ੍ਹਾਂ ਨੇ ਲੋਕਾਂ ਦੇ ਦਿਲਾਂ ’ਤੇ ਰਾਜ ਕੀਤਾ ਤੇ ਇਮਾਨਦਾਰੀ ਨਾਲ ਸੱਤਾ ’ਚ ਰਹੇ।
2016 ’ਚ ਨਵਜੋਤ ਸਿੱਧੂ ਨੂੰ ਪੰਜਾਬ ਵੱਲੋਂ ਰਾਜ ਸਭਾ ਲਈ ਨਾਮਜ਼ਦ ਕੀਤਾ ਗਿਆ ਪਰ ਉਨ੍ਹਾਂ ਨੇ ਉਸੇ ਸਾਲ ਹੀ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਕੇ ਭਾਜਪਾ ਨੂੰ ਅਲਵਿਦਾ ਕਹਿ ਦਿੱਤਾ।
ਬੇਬਾਕ, ਨਿਧੜਕ ਸਿੱਧੂ ਨੇ 2016 ਵਿਚ ਬੈਂਸ ਭਰਾਵਾਂ ਨਾਲ ਮਿਲ ਕੇ ਪਰਗਟ ਸਿੰਘ ਨੂੰ ਨਾਲ ਲੈ ਕੇ ਨਵੀਂ ਪਾਰਟੀ ਬਣਾਈ,ਜਿਸ ਨੂੰ ਨਾਂ ਦਿੱਤਾ ਗਿਆ ‘ਅਵਾਜ਼- ਏ- ਪੰਜਾਬ’। ਇਹ ਪਾਰਟੀ ਮੁਕਾਮ ਹਾਸਲ ਨਾ ਕਰ ਸਕੀ ਤੇ ਸਿੱਧੂ ਨੇ 2017 ’ਚ ਇੰਡੀਅਨ ਨੈਸ਼ਨਲ ਕਾਂਗਰਸ ਦੇ ਪੰਜੇ ਨਾਲ ਹੱਥ ਮਿਲਾਇਆ ਤੇ ਅੰਮ੍ਰਿਤਸਰ ਪੂਰਬੀ ਹਲਕੇ ਤੋਂ ਪੰਜਾਬ ਵਿਧਾਨ ਸਭਾ ਦੀ ਚੋਣ ਲੜੀ ਤੇ ਜਿੱਤ ਹਾਸਲ ਕੀਤੀ। ਪੰਜਾਬ ਸਰਕਾਰ ਦੀ ਕੈਬਨਿਟ ਵਿਚ ਟੂੁਰਜ਼ਿਮ ਤੇ ਲੋਕਲ ਬਾਡੀਜ਼ ਮੰਤਰੀ ਬਣੇ। ਉਨ੍ਹਾਂ ਕਈ ਯਾਦਗਾਰ ਕੰਮ ਕੀਤੇ।
ਕਰਤਾਰਪੁਰ ਕੋਰੀਡੋਰ
2018 ’ਚ ਸਿੱਧੂ ਦਾ ਜਿਗਰੀ ਯਾਰ ਇਮਰਾਨ ਖਾਨ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਬਣਿਆ ਤਾਂ ਉਨ੍ਹਾਂ ਨੇ ਆਪਣੀਆਂ ਕੋਸ਼ਿਸ਼ਾਂ ਸਦਕਾ ਬੰਦ ਪਿਆ ਕਰਤਾਰਪੁਰ ਕੌਰੀਡੋਰ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਨ ’ਤੇ ਖੁੱਲਵਾਇਆ। ਬਿਨਾਂ ਵੀਜ਼ਾ ਤੋਂ ਐਂਟਰੀ ਹੋਣ ਲੱਗੀ। ਇਸ ਨਾਲ ਸਿੱਖ ਜਗਤ ’ਚ ਉਨ੍ਹਾਂ ਦਾ ਸਤਿਕਾਰ ਵਧਿਆ।
ਪੰਜਾਬ ’ਚ ਉਨ੍ਹਾਂ ਦੀ ਹਰਮਨਪਿਆਰਤਾ ਨੂੰ ਦੇਖਦੇ ਹੋਏ ਕਾਂਗਰਸ ਦੀ ਸਾਖ ਨੂੰ ਪੰਜਾਬ ’ਚ ਹੋਰ ਮਜ਼ਬੂਤ ਕਰਨ ਲਈ 2022 ਦੀਆਂ ਚੋਣਾਂ ਤੋਂ ਪਹਿਲਾਂ ਕਾਂਗਰਸ ਹਾਈ ਕਮਾਨ ਨੇ 18 ਜੁਲਾਈ 2021 ਨੂੰ ਸੁਨੀਲ ਜਾਖੜ ਨੂੰ ਹਟਾ ਕੇ ਨਵਜੋਤ ਸਿੱਧੂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦਾ ਪ੍ਰਧਾਨ ਨਿਯੁਕਤ ਕਰ ਦਿੱਤਾ।
ਇਸ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਉਂਦਿਆਂ ਉਨ੍ਹਾਂ 2022 ’ਚ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ’ਚ ਅੰਮ੍ਰਿਤਸਰ-ਪੂਰਬੀ ਤੋਂ ਚੋਣ ਲੜੀ ਪਰ ਆਮ ਆਦਮੀ ਪਾਰਟੀ ਦੀ ਚੱਲੀ ਹਨੇਰੀ ’ਚ ਉਹ ਆਪਣੀ ਸੀਟ ਗਵਾ ਬੈਠੇ। ਇਸ ਸੀਟ ’ਤੇ ‘ਆਪ’ ਦੇ ਜੀਵਨਜੋਤ ਕੌਰ ਕਾਬਜ਼ ਹੋ ਗਏ।
ਜੇਲ੍ਹ ਯਾਤਰਾ
1988 ’ਚ ਨਵਜੋਤ ਸਿੱੱਧੂ ਪਟਿਆਲਾ ’ਚ ਆਪਣੇ ਦੋਸਤ ਰੁਪਿੰਦਰ ਸਿੰਘ ਸੰਧੂ ਨਾਲ ਸ਼ੇਰਾਂਵਾਲਾ ਗੇਟ ’ਤੇ ਕੋਲੋਂ ਲੰਘ ਰਹੇ ਸਨ ਤਾਂ 65 ਸਾਲਾ ਵਿਅਕਤੀ ਗੁਰਨਾਮ ਸਿੰਘ ਨਾਲ ਉਨ੍ਹਾਂ ਦੀ ਖਹਿਬਾਜ਼ੀ ਹੋ ਗਈ। ਉਨ੍ਹਾਂ ਗੁਰਨਾਮ ਸਿੰਘ ਨੂੰ ਬੁਰੀ ਤਰ੍ਹਾਂ ਕੁੱਟਿਆ,ਜਿਸ ਕਾਰਨ ਉਸ ਬਜ਼ਰੁਗ ਦੀ ਮੌਤ ਹੋ ਗਈ। ਗਵਾਹਾਂ ਦੇ ਬਿਆਨ ’ਤੇ ਸਿੱਧੂ ’ਤੇ ਕਤਲ ਦਾ ਕੇਸ ਦਰਜ ਹੋ ਗਿਆ।
ਇਸ ਰੋਡ ਰੇਜ ਮਾਮਲੇ ’ਚ 2007 ’ਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸੁਣਵਾਈ ਕਰਦਿਆਂ ਸਿੱਧੂੁ ਨੂੰ ਜ਼ਮਾਨਤ ਦੇ ਦਿੱਤੀ ਪਰ ਸੁਪਰੀਮ ਕੋਰਟ ਨੇ 19 ਮਈ 2022 ਨੂੰ 34 ਸਾਲ ਪੁਰਾਣੇ ਮਾਮਲੇ ’ਚ ਸਿੱਧੂ ਨੂੰ ਇਕ ਸਾਲ ਕੈਦ ਦੀ ਸਜ਼ਾ ਸੁਣਾਈ। 20 ਮਈ ਨੂੰ ਉਨ੍ਹਾਂ ਆਤਮ ਸਮਰਪਣ ਕਰ ਦਿੱਤਾ ਤੇ ਇਸ ਵੇਲੇ ਕੇਂਦਰੀ ਜੇਲ੍ਹ ਪਟਿਆਲਾ ’ਚ ਸਜ਼ਾ ਭੁਗਤ ਰਹੇ ਹਨ।
ਉਨ੍ਹਾਂ ਦੇ ਹਮਾਇਤੀ ਉਨ੍ਹਾਂ ਦਾ ਜਨਮ ਦਿਨ ਵੱਖ ਵੱਖ ਤਰੀਕਿਆਂ ਨਾਲ ਮਨਾ ਰਹੇ ਹਨ ਤੇ ਰਿਹਾਈ ਲਈ ਅਰਦਾਸਾਂ ਤੇ ਉਡੀਕ ਕਰ ਰਹੇ ਹਨ।