ਚੰਡੀਗੜ੍ਹ, – ਮੁੱਖ ਮੰਤਰੀ ਅਤੇ ਮੰਤਰੀਆਂ ਦੀ ਚਾਰੇ ਪਾਸੇ ਤੋਂ ਆਲੋਚਨਾ ਨਾਲ ਘਿਰੇ ਨਵਜੋਤ ਸਿੰਘ ਸਿੱਧੂ ਦਾ ਕਾਂਗਰਸ ਛੱਡਣ ਦਾ ਕੋਈ ਇਰਾਦਾ ਨਹੀਂ ਹੈ। ਉਹ ਪਾਰਟੀ ਵਿਚ ਰਹਿ ਕੇ ਅਪਣੀ ਆਵਾਜ਼ ਚੁੱਕਦੇ ਰਹਿਣਗੇ। ਇਹ ਗੱਲ ਨਵਜੋਤ ਸਿੰਘ ਦੇ ਸਹਿਯੋਗੀ ਅਤੇ ਜਲੰਧਰ ਕੈਂਟ ਤੋਂ ਵਿਧਾਇਕ ਪਰਗਟ ਸਿੰਘ ਨੇ ਕਹੀ। ਪਰਗਟ ਨੇ ਕਿਹਾ ਕਿ ਇਨਸਾਫ ਦੇ ਮੁੱਦੇ ’ਤੇ ਉਹ ਕੈਪਟਨ ਨਹੀਂ, ਨਵਜੋਤ ਸਿੰਘ ਸਿੱਧੂ ਦੇ ਨਾਲ ਹਨ। ਬਤੌਰ ਗ੍ਰਹਿ ਮੰਤਰੀ ਸੀਐਮ ਨੂੰ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਨਾ ਮਿਲਣ ਦੀ ਜ਼ਿੰਮੇਵਾਰੀ ਲੈਣੀ ਹੋਵੇਗੀ। ਪਰਗਟ ਨੇ ਕਿਹਾ ਕਿ ਪਾਰਟੀਆਂ ਵਿਚ ਹੁਣ ਅੰਦਰੂਨੀ ਲੋਕਤੰਤਰ ਨਹੀਂ ਰਿਹਾ। ਸੱਤਾ ਵਿਚ ਅਜਿਹੇ ਲੋਕਾਂ ਦਾ ਜਮਾਵੜਾ ਹੈ ਜੋ ਕੋਈ ਵੱਡਾ ਯੋਗਦਾਨ ਨਹੀਂ ਦੇ ਸਕਦੇ। ਹਾਈ ਕਮਾਂਡ ਨੂੰ ਸਮਝਣਾ ਹੋਵੇਗਾ ਕਿ ਅਜਿਹੇ ਜਮਾਵੜੇ ਨੂੰ ਸਾਈਡ ਲਾਈਨ ਕੀਤਾ ਜਾਵੇ ਤਾਕਿ ਮੁੱਖ ਮੁੱਦਿਆਂ ਨੂੰ ਅੰਜਾਮ ਤੱਕ ਪਹੁੰਚਾਇਆ ਜਾ ਸਕੇ। ਇਹ ਸਭ ਕੁਝ ਬਾਦਲ ਸਰਕਾਰ ਵਿਚ ਵੀ ਹੋ ਰਿਹਾ ਸੀ ਅਤੇ ਕੈਪਟਨ ਸਰਕਾਰ ਵਿਚ ਵੀ ਜਾਰੀ ਹੈ। ਕਰੀਬ ਸਵਾ ਸਾਲ ਪਹਿਲਾਂ ਉਨ੍ਹਾਂ ਨੇ ਕੈਪਟਨ ਨੂੰ ਪੱਤਰ ਵੀ ਲਿਖਿਆ ਸੀ ਅਤੇ ਖੁਦ ਮਿਲ ਕੇ ਵੀ ਅਨੇਕ ਮੁੱਦੇ ਉਨ੍ਹਾਂ ਦੇ ਸਾਹਮਣੇ ਰੱਖੇ ਸਨ। ਲੇਕਿਨ ਕਿਸੇ ਦਾ ਵੀ ਕੋਈ ਹਲ ਨਹੀਂ ਨਿਕਲਿਆ। ਉਨ੍ਹਾਂ ਨੇ ਵੀਰਵਾਰ ਨੂੰ ਉਹੀ ਪੱਤਰ ਕੈਪਟਨ ਨੂੰ ਫੇਰ ਤੋਂ ਸੌਂਪਿਆ ਹੈ। ਇਹ ਵੀ ਕਿਹਾ ਕਿ ਜਦ ਆਪ ਕੋਈ ਫੈਸਲਾ ਨਹੀਂ ਲੈਂਦੇ ਤਾਂ ਇਹ ਆਪ ਦੇ ਅਕਸ ਦੇ ਲਈ ਠੀਕ ਨਹੀਂ ਹੈ। ਪਰਗਟ ਨੇ ਕਿਹਾ ਕਿ ਲੋਕ ਹੁਣ ਸਾਡੇ ’ਤੇ ਸ਼ੱਕ ਕਰਨ ਲੱਗੇ ਹਨ। ਅਸੀਂ ਜਿੱਥੇ ਵੀ ਜਾਂਦੇ ਹਨ ਲੋਕ ਇਹੀ ਕਹਿੰਦੇ ਹਨ ਕਿ ਕੈਪਟਨ ਬਾਦਲ ਆਪਸ ਵਿਚ ਮਿਲੇ ਹੋਏ ਹਨ।