ਭਾਰਤ ਦੀ ਰਾਸ਼ਟਰਪਤੀ ਦਰੋਪਦੀ ਮੁਰਮੂ ਤਿੰਨ ਦੇਸ਼ਾਂ ਦੀ ਯਾਤਰਾ ਦੇ ਆਖ਼ਰੀ ਪੜਾਅ ਤਹਿਤ ਸ਼ਨਿੱਚਰਵਾਰ ਨੂੰ ਦੱਖਣੀ ਪੂਰਬੀ ਏਸ਼ੀਆਈ ਦੇਸ਼ ਤਿਮੋਰ-ਲੇਸਤੇ ਪੁੱਜੇ ਹਨ। ਇਸ ਤੋਂ ਪਹਿਲਾਂ ਉਹ ਨਿਉਜ਼ਿਲੈਂਡ ਅਤੇ ਫਿਜੀ ਦੀ ਯਾਤਰਾ ’ਤੇ ਸਨ। ਦਰੋਪਦੀ ਮੁਰਮੂ ਤਿਮੋਰ-ਲੇਸਤੇ ਦੀ ਯਾਤਰਾ ਕਰਨ ਵਾਲੀ ਪਹਿਲੀ ਭਾਰਤੀ ਰਾਸ਼ਟਰਪਤੀ ਹੈ। ਇਸ ਸਬੰਧੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ‘ਐਕਸ’ ਪੋਸਟ ਵਿਚ ਕਿਹਾ ਕਿ ਦਿੱਲੀ ਤੋਂ ਦਿਲੀ ਦੇ ਸਬੰਧਾਂ ਨੂੰ ਹੋ ਅੱਗੇ ਵਧਾਉਂਦੇ ਹੋਏ ਰਾਸ਼ਟਰਪਤੀ ਦਰੋਪਦੀ ਮੁਰਮੂ ਭਾਰਤ ਤੋ ਤਿਮੋਰ-ਲੇਸਤੇ ਦੀ ਪਹਿਲੀ ਰਾਸ਼ਟਰਪਤੀ ਪੱਧਰ ਦੀ ਯਾਤਰਾ ਤਹਿਤ ਦਿਲੀ ਪੁੱਜੇ ਹਨ, ਜਿੱਥੇ ਰਾਸ਼ਟਰਪਤੀ ਜੋਸੇ ਰਾਮੋੋਸ ਵੱਲੋਂ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਇਸ ਦੋਰਾਨ ਮੁਰਮੂ ਤਿਮੋਰ-ਲੇਸਤੇ ਦੇ ਪ੍ਰਧਾਨ ਮੰਤਰੀ ਜਾਨਾਨਾ ਗੁਸਮਾਓ ਨਾਲ ਵੀ ਮੁਲਾਕਾਤ ਕਰਨਗੇ। ਵਿਦੇਸ਼ ਮੰਤਰਾਲੇ ਦੇ ਅਨੁਸਾਰ ਮੁਰਮੂ ਤਿਮੋਰ-ਲੇਸਤੇ ਵਿੱਚ ਭਾਰਤੀਆਂ ਅਤੇ ‘ਫ੍ਰੈਂਡਜ਼ ਆਫ ਇੰਡੀਆ’ ਦੁਆਰਾ ਆਯੋਜਿਤ ਇੱਕ ਭਾਈਚਾਰਕ ਸਮਾਗਮ ਵਿੱਚ ਸ਼ਾਮਲ ਹੋਣਗੇ। ਮੁਰਮੂ ਦੇ ਦੌਰੇ ਤੋਂ ਪਹਿਲਾਂ ਵਿਦੇਸ਼ ਮੰਤਰਾਲੇ ਨੇ ਨਵੀਂ ਦਿੱਲੀ ਵਿੱਚ ਪੱਤਰਕਾਰਾਂ ਨੂੰ ਕਿਹਾ ਸੀ ਕਿ ਭਾਰਤ ਛੇਤੀ ਹੀ ਦਿਲੀ ਵਿੱਚ ਇੱਕ ਦੂਤਾਵਾਸ ਸਥਾਪਤ ਕਰੇਗਾ। ਜ਼ਿਕਰਯੋਗ ਹੈ ਕਿ ਕਰੀਬ 7 ਮਹੀਨੇ ਪਹਿਲਾਂ ਤਿਮੋਰ ਲੇਸਤੇ ਦੇ ਰਾਸ਼ਟਰਪਤੀ ਨੇ ਵੀ ਭਾਰਤ ਦਾ ਦੌਰਾ ਕੀਤਾ ਸੀ।