ਜੇਨੇਵਾ: ਵਿਸ਼ਵ ਸਿਹਤ ਸੰਗਠਨ ਦੇ ਮੁਖੀ ਨੇ ਕਿਹਾ ਕਿ ਕੋਰੋਨਾ ਵਾਇਰਸ ਦਾ ਪਸਾਰ ਤੇਜ਼ੀ ਨਾਲ ਹੋ ਰਿਹਾ ਹੈ ਤੇ ਕੱਲ੍ਹ ਇੱਕ ਦਿਨ ਵਿੱਚ ਹੁਣ ਤੱਕ ਦੇ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ। WHO ਦੇ ਮੁਖੀ ਟੇਡ੍ਰੋਸ ਅਧਾਨਮ ਗੇਬ੍ਰੇਯੇਸਸ ਨੇ ਕਿਹਾ ਨਵੇਂ ਮਾਮਲਿਆਂ ਚੋਂ ਲਗਪਗ ਅੱਧੇ ਉੱਤਰ ਤੇ ਦੱਖਣੀ ਅਮਰੀਕੀ ਮਹਾਂਦੀਪ ਤੋਂ ਹਨ। ਦੱਖਣੀ ਏਸ਼ੀਆ ਅਤੇ ਪੱਛਮੀ ਏਸ਼ੀਆ ‘ਚ ਮਾਮਲੇ ਕਾਫੀ ਜ਼ਿਆਦਾ ਹਨ।
ਉਨ੍ਹਾਂ ਕਿਹਾ ਅਸੀਂ ਨਵੇਂ ਤੇ ਖਤਰਨਾਕ ਮੋੜ ‘ਤੇ ਹਾਂ। ਮਹਮਾਰੀ ਰੋਕਣ ਲਈ ਸਾਵਧਾਨੀ ਵਾਲੇ ਕਦਮਾਂ ਦੀ ਅਜੇ ਵੀ ਲੋੜ ਹੈ। ਬਹੁਤੇ ਲੋਕ ਘਰਾਂ ਵਿੱਚ ਰਹਿਣ ਤੋਂ ਨਿਰਾਸ਼ ਹਨ ਅਤੇ ਦੇਸ਼ ਆਪਣੇ ਲੋਕਾਂ ਨੂੰ ਵਧੇਰੇ ਖੁੱਲ੍ਹ ਦੇਣ ‘ਤੇ ਤੁਲੇ ਹੋਏ ਹਨ। ਟੇਡ੍ਰੋਸ ਨੇ ਕਿਹਾ ਕਿ ਵਾਇਰਸ ਹਾਲੇ ਵੀ ਤੇਜ਼ੀ ਨਾਲ ਫੈਲ ਰਿਹਾ ਹੈ ਅਤੇ ਸਮਾਜਿਕ ਦੂਰੀ, ਮਾਸਕ ਲਾਉਣਾ ਅਤੇ ਵਾਰ-ਵਾਰ ਹੱਥ ਧੋਣ ਵਰਗੇ ਕਦਮ ਹਾਲੇ ਵੀ ਮਹੱਤਵਪੂਰਨ ਹਨ।
ਜ਼ਿਕਰਯੋਗ ਹੈ ਕਿ ਦੁਨੀਆ ਭਰ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਨਿੱਤ ਦਿਨ ਕੋਰੋਨਾ ਦੀ ਰਫ਼ਤਾਰ ਲਗਾਤਾਰ ਵੱਧ ਰਹੀ ਹੈ। ਵਰਲਡੋਮੀਟਰ ਮੁਤਾਬਕ ਪੂਰੀ ਦੁਨੀਆ ਵਿੱਚ ਕੋਰੋਨਾ ਨਾਲ 87 ਲੱਖ ਤੋਂ ਵੀ ਵੱਧ ਲੋਕ ਪੀੜਤ ਹਨ ਅਤੇ ਮਰਨ ਵਾਲਿਆਂ ਦੀ ਗਿਣਤੀ ਚਾਰ ਲੱਖ 61 ਹਜ਼ਾਰ ਤੱਕ ਪਹੁੰਚ ਗਈ ਹੈ। ਹਾਲਾਂਕਿ, ਵਾਇਰਸ ਤੋਂ 46 ਲੱਖ 20 ਹਜ਼ਾਰ ਤੋਂ ਵੀ ਵੱਧ ਲੋਕ ਠੀਕ ਹੋ ਚੁੱਕੇ ਹਨ।
ਇਸ ਸਮੇਂ ਵੀ ਕੋਰੋਨਾ ਵਾਇਰਸ ਤੋਂ ਅਮਰੀਕਾ ਸਭ ਤੋਂ ਵੱਧ ਪ੍ਰਭਾਵਿਤ ਹੈ। ਉੱਥੇ ਹੁਣ ਤੱਕ 22 ਲੱਖ ਤੋਂ ਵੱਧ ਲੋਕ ਇਸ ਵਾਇਰਸ ਤੋਂ ਪੀੜਤ ਹਨ ਅਤੇ 21 ਹਜ਼ਾਰ ਤੋਂ ਵੀ ਵੱਧ ਮੌਤਾਂ ਹੋ ਚੁੱਕੀਆਂ ਹਨ। ਪਰ ਇਸ ਵੇਲੇ ਰੋਜ਼ਾਨਾ ਬ੍ਰਾਜ਼ੀਲ ਵਿੱਚ ਅਮਰੀਕਾ ਤੋਂ ਵੀ ਵੱਧ ਮੌਤਾਂ ਦਰਜ ਕੀਤੀਆਂ ਜਾ ਰਹੀਆਂ ਹਨ। ਬ੍ਰਾਜ਼ੀਲ ਤੋਂ ਬਾਅਦ ਰੂਸ ਅਤੇ ਭਾਰਤ ਵਿੱਚ ਵੀ ਕੋਰੋਨਾ ਪੀੜਤਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ।