ਰੱਖੜੀ ਵਾਲੇ ਦਿਨ ਮੁਕੰਦਪੁਰ ਤੋਂ ਆਸਟ੍ਰੇਲੀਆ ਗਏ ਮੇਹਰਦੀਨ ਦੀ ਬੀਤ ਦਿਨੀਂ ਦਿਲ ਦਾ ਦੌਰੇ ਨਾਲ ਮੌਤ ਹੋਣ ਕਾਰਨ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ। ਜ਼ਿਕਰਯੋਗ ਹੈ ਕਿ ਮੇਹਰਦੀਨ ਆਪਣੀ ਪਤਨੀ ਨਾਲ ਆਪਣੇ ਪੁੱਤਰਾਂ ਕੋਲ ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ਗਿਆ ਸੀ। ਉਸ ਦੀ ਵਿਦੇਸ਼ ‘ਚ ਮੌਤ ਦੀ ਖ਼ਬਰ ਮਿਲਦੇ ਹੀ ਪਿੰਡ ‘ਚ ਸੋਗ ਦਾ ਮਾਹੌਲ ਬਣਿਆ ਹੋਇਆ ਹੈ।
ਇਸ ਦੁੱਖ ਦੀ ਘੜੀ ‘ਚ ਮੇਹਰਦੀਨ ਅਸਟ੍ਰੇਲੀਆ ਦੇ ਭਰਾ ਜਰਨੈਲ ਸਿੰਘ ਨੇ ਦੱਸਿਆ ਕਿ ਉਹ ਖ਼ੁਦ ਮੇਹਰਦੀਨ ਨੂੰ ਰੱਖੜੀ ਵਾਲੇ ਦਿਨ ਆਸਟ੍ਰੇਲਿਆ ਜਾਣ ਲਈ ਏਅਰਪੋਰਟ ‘ਤੇ ਛੱਡਣ ਗਏ ਸਨ। 10 ਦਿਨ ਪਹਿਲਾਂ ਮੇਹਰਦੀਨ ਕੰਮ ‘ਤੇ ਜਾਣ ਲੱਗਿਆ ਸੀ। ਕੰਮ ਤੋਂ ਹੱਸਦਾ-ਖੇਡਦਾ ਘਰ ਵਾਪਸ ਆ ਰਿਹਾ ਸੀ। ਆਪਣੀ ਕਾਰ ਪਾਰਕਿੰਗ ‘ਚ ਲਾ ਕੇ ਉਤਰ ਰਿਹਾ ਸੀ ਕਿ ਅਚਾਨਕ ਹਾਰਟ ਅਟੈਕ ਆਉਣ ਕਾਰਨ ਮੌਕੇ ‘ਤੇ ਹੀ ਉਸ ਦੀ ਮੌਤ ਹੋ ਗਈ।
ਜਰਨੈਲ ਸਿੰਘ ਨੇ ਦੱਸਿਆ ਕਿ ਉਹ ਚਾਹੁੰਦੇ ਸਨ ਕਿ ਉਨ੍ਹਾਂ ਦੇ ਭਰਾ ਦਾ ਸਸਕਾਰ ਪਿੰਡ ਮੁਕੰਦਪੁਰ ਵਿਖੇ ਹੋਵੇ ਪਰ ਆਸਟ੍ਰੇਲਿਆ ‘ਚ ਕਾਗਜ਼ੀ ਕਾਰਵਾਈ ਜ਼ਿਆਦਾ ਹੋਣ ਕਾਰਨ ਮੇਹਰਦੀਨ ਦੇ ਪਰਿਵਾਰਕ ਮੈਂਬਰਾਂ ਵੱਲੋਂ ਆਸਟ੍ਰੇਲੀਆ ’ਚ ਹੀ ਉਸ ਦਾ ਸਸਕਾਰ ਕਰਨ ਦਾ ਫੈਸਲਾ ਕੀਤਾ ਹੈ। ਇਸ ਦੁੱਖ ਦੀ ਘੜੀ ‘ਚ ਧਾਰਮਿਕ, ਸਮਾਜਿਕ ਤੇ ਸਿਆਸੀ ਪਾਰਟੀਆਂ ਦੇ ਆਗੂਆਂ ਤੇ ਵਰਕਰਾਂ ਵੱਲੋਂ ਪਰਿਵਾਰ ਨਾਲ ਗਹਿਰਾ ਸੋਗ ਪ੍ਰਗਟਾਇਆ ਜਾ ਰਿਹਾ ਹੈ। ਉਧਰ ਪਰਿਵਾਰਕ ਮੈਂਬਰਾਂ ਨੇ ਮੰਗ ਕੀਤੀ ਕਿ ਆਸਟ੍ਰੇਲਿਆ ਸਰਕਾਰ ਕਿਸੇ ਵਿਅਕਤੀ ਦੀ ਕੁਦਰਤੀ ਮੌਤ ਹੋਣ ’ਤੇ ਪੇਪਰ ਵਰਕ ਨੂੰ ਆਸਾਨ ਕਰੇ।