ਨਵੀਂ ਦਿੱਲੀ- ਕੌਮੀ ਰਾਜਧਾਨੀ ਦਿੱਲੀ ‘ਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਕੋਰੋਨਾ ਦੇ ਮਾਮਲਿਆਂ ਨੇ ਸ਼ਨਿੱਚਰਵਾਰ ਨੂੰ ਇਸ ਸਾਲ ਦਾ ਰਿਕਾਰਡ ਤੋੜ ਦਿੱਤਾ। ਦਿੱਲੀ ਸਰਕਾਰ ਵੱਲੋਂ ਜਾਰੀ ਕੀਤੇ ਗਏ ਹੈਲਥ ਬੁਲਟਿਨ ਅਨੁਸਾਰ ਪਿਛਲੇ 24 ਘੰਟੇ ‘ਚ ਰਾਸ਼ਟਰੀ ਰਾਜਧਾਨੀ ‘ਚ 813 ਨਵੇਂ ਕੇਸ ਸਾਹਮਣੇ ਆਏ ਹਨ। ਇਸ ਸਾਲ ਇਕ ਦਿਨ ‘ਚ ਇਹ ਹੁਣ ਤਕ ਦੀ ਸਭ ਤੋਂ ਵੱਡੀ ਗਿਣਤੀ ਹੈ। ਇਸ ਦੇ ਨਾਲ ਹੀ ਪਿਛਲੇ 24 ਘੰਟੇ ‘ਚ 567 ਲੋਕ ਇਲਾਜ ਤੋਂ ਬਾਅਦ ਠੀਕ ਹੋ ਗਏ ਹਨ ਅਤੇ 2 ਹੋਰ ਲੋਕਾਂ ਦੀ ਮੌਤ ਇਸ ਵਾਇਰਸ ਕਾਰਨ ਹੋਈ ਹੈ। ਦਿੱਲੀ ‘ਚ ਇਸ ਸਮੇਂ ਐਕਟਿਵ ਮਰੀਜ਼ਾਂ ਦੀ ਗਿਣਤੀ 3409 ਹੈ।
ਨਵੇਂ ਕੇਸਾਂ ਦੇ ਸਾਹਮਣੇ ਆਉਣ ਤੋਂ ਬਾਅਦ ਦਿੱਲੀ ‘ਚ ਕੋਰੋਨਾ ਦੇ ਕੁੱਲ ਮਾਮਲੇ 6 ਲੱਖ 47 ਹਜ਼ਾਰ 161 ਹੋ ਗਏ ਹਨ। ਇਸ ਦੇ ਨਾਲ ਹੀ ਇਲਾਜ ਤੋਂ ਬਾਅਦ ਕੁੱਲ 6 ਲੱਖ 32 ਹਜ਼ਾਰ 797 ਲੋਕਾਂ ਠੀਕ ਹੋ ਚੁੱਕੇ ਹਨ, ਜਦਕਿ ਇਸ ਵਾਇਰਸ ਕਾਰਨ ਹੁਣ ਤਕ 10,955 ਲੋਕਾਂ ਦੀ ਮੌਤ ਹੋਈ ਹੈ।
ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਦਿੱਲੀ ‘ਚ 716 ਨਵੇਂ ਮਾਮਲੇ ਸਾਹਮਣੇ ਆਏ ਸਨ। ਇਸ ਦੇ ਨਾਲ ਹੀ ਵੀਰਵਾਰ ਨੂੰ 607, ਬੁੱਧਵਾਰ ਨੂੰ 536, ਮੰਗਲਵਾਰ ਨੂੰ 425 ਕੇਸ ਦਿੱਲੀ ‘ਚ ਸਾਹਮਣੇ ਆਏ ਸਨ। ਕੁਝ ਦਿਨਾਂ ਤੋਂ ਇੱਥੇ ਕੋਰੋਨਾ ਦੇ ਮਾਮਲਿਆਂ ‘ਚ ਵਾਧਾ ਦਰਜ ਕੀਤਾ ਜਾ ਰਿਹਾ ਹੈ। ਸ਼ੁੱਕਰਵਾਰ ਨੂੰ ਦਿੱਲੀ ‘ਚ ਕੁੱਲ 77,888 ਟੈਸਟ ਕੀਤੇ ਗਏ ਸਨ।
ਇਸ ਸਾਲ 1 ਜਨਵਰੀ ਨੂੰ 585 ਅਤੇ 3 ਜਨਵਰੀ ਨੂੰ 424 ਮਾਮਲੇ ਸਾਹਮਣੇ ਆਏ ਸਨ। 11 ਜਨਵਰੀ ਨੂੰ ਰੋਜ਼ਾਨਾ ਦੇ ਕੇਸਾਂ ਦੀ ਗਿਣਤੀ ਵੱਧ ਕੇ 306 ਹੋ ਗਈ ਸੀ, ਜਦਕਿ 12 ਜਨਵਰੀ ਨੂੰ ਇਹ ਵੱਧ ਕੇ 386 ਹੋ ਗਈ ਸੀ। ਫ਼ਰਵਰੀ ‘ਚ ਕੋਰੋਨਾ ਦੇ ਮਾਮਲਿਆਂ ‘ਚ ਕਮੀ ਆਉਣ ਲੱਗੀ ਸੀ।
ਦਿੱਲੀ ਸਰਕਾਰ ਦੇ ਹੈਲਥ ਬੁਲੇਟਿਨ ਅਨੁਸਾਰ ਸੂਬੇ ‘ਚ ਕੋਰੋਨਾ ਦੀ ਸਕਾਰਾਤਮਕ ਦਰ 1 ਫ਼ੀਸਦੀ ਤੋਂ ਵੱਧ ਕੇ 1.07 ਫ਼ੀਸਦੀ ਹੋ ਗਈ ਹੈ। ਦਿੱਲੀ ‘ਚ ਕੋਰੋਨਾ ਦੀ ਮੌਤ ਦਰ 1.69 ਫ਼ੀਸਦੀ ਹੈ। ਅੰਕੜਿਆਂ ਅਨੁਸਾਰ ਦਿੱਲੀ ਦੇ ਹਸਪਤਾਲਾਂ ‘ਚ 5703 ਬਿਸਤਰਿਆਂ ਦੀ ਸਹੂਲਤ ਹੈ, ਜਿਨ੍ਹਾਂ ਵਿੱਚੋਂ 4835 ਬਿਸਤਰੇ ਖਾਲੀ ਹਨ।