ਨਵੀਂ ਦਿੱਲੀ- ਕੋਵਿਡ-19 ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਦਿੱਲੀ ’ਚ ਲੌਕਡਾਊਨ ਇਕ ਹਫਤੇ ਲਈ ਹੋਰ ਵਧਾ ਦਿੱਤਾ ਗਿਆ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਦੱਸਿਆ ਕਿ 17 ਮਈ ਦੀ ਸਵੇਰ ਤੱਕ ਲੌਕਡਾਊਨ ਲਾਗੂ ਰਹੇਗਾ ਤੇ ਇਸ ਵਾਰ ਇਸ ’ਚ ਹੋਰ ਜ਼ਿਆਦਾ ਸਖਤੀ ਵਰਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਗਲੇ ਇਕ ਹਫਤੇ ਤਕ ਮੈਟਰੋ ਸੇਵਾਵਾਂ ਵੀ ਬੰਦ ਰਹਿਣਗੀਆਂ। ਉਨ੍ਹਾਂ ਕਿਹਾ ਕਿ ਕੋਰੋਨਾ ਦੇ ਕੇਸ ਘੱਟ ਹੋਏ ਹਨ ਪਰ ਅਜੇ ਢਿੱਲ ਨਹੀਂ ਵਰਤੀ ਜਾ ਸਕਦੀ।
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ ’ਚ ਸਭ ਤੋਂ ਵੱਡੀ ਦਿੱਕਤ ਆਕਸੀਜਨ ਦੀ ਆਈ ਸੀ। ਆਮ ਦਿਨਾਂ ’ਚ ਜਿੰਨੀ ਆਕਸੀਜਨ ਦੀ ਲੋੜ ਪੈਂਦੀ ਹੈ। ਉਸ ਤੋਂ ਕਈ ਗੁਣਾਂ ਜ਼ਿਆਦਾ ਆਕਸੀਜਨ ਦੀ ਲੋੜ ਪੈਣ ਲੱਗੀ। ਹਾਈਕੋਰਟ, ਸੁਪਰੀਮ ਕੋਰਟ ਦੇ ਹੁਕਮਾਂ ’ਤੇ ਕੇਂਦਰ ਦੇ ਸਹਿਯੋਗ ਨਾਲ ਦਿੱਲੀ ਦੀ ਆਕਸੀਜਨ ਦੀ ਸਥਿਤੀ ਸੰਭਲ ਗਈ ਹੈ। ਪਹਿਲਾਂ ਅਜਿਹੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਸਨ ਕਿ ਇਸ ਹਸਪਤਾਲ ਚ 2 ਘੰਟੇ ਦੀ ਆਕਸੀਜਨ ਬਚੀ, ਉਸ ਹਸਪਤਾਲ ’ਚ ਤਿੰਨ ਦੀ, ਹੁਣ ਇਹ ਸਥਿਤੀ ਨਹੀਂ ਹੈ।
ਉਨ੍ਹਾਂ ਕਿਹਾ ਕਿ ਟੀਕਾਕਰਨ ਵੀ ਤੇਜ਼ੀ ਨਾਲ ਚੱਲਿਆ ਹੈ। ਇਸੇ ਦੌਰਾਨ ਵੈਕਸੀਨ ਦੇ ਸਟੌਕ ਦੀ ਕਮੀ ਪਾਈ ਜਾ ਰਹੀ ਹੈ। ਇਸ ਦੇ ਲਈ ਕੇਂਦਰ ਤੋਂ ਸਹਿਯੋਗ ਮੰਗਿਆ ਹੈ, ਜਿਸ ਨੂੰ ਬੂਰ ਪੈਣ ਦੀ ਆਸ ਹੈ। ਸੀਐਮ ਕੇਜਰੀਵਾਲ ਨੇ ਕਿਹਾ ਕਿ ਕੋਰੋਨਾ ਦੇ ਕੇਸ ਘੱਟ ਹੋ ਰਹੇ ਹਨ, ਪਰ ਮਹਾਂਮਾਰੀ ਫ਼ੈਲਣ ਦੀ ਦਰ 23 ਫ਼ੀਸਦ ਹੀ ਹੈ। ਅਜਿਹੇ ਵਿੱਚ ਸਖ਼ਤੀ ਘਟਾਈ ਨਹੀਂ ਜਾ ਸਕਦੀ। ਜੇਕਰ ਪਾਬੰਦੀਆਂ ਵਿੱਚ ਢਿੱਲ ਦਿੱਤੀ ਜਾਂਦੀ ਹੈ ਤਾਂ ਇਸ ਨਾਲ ਮਹਾਂਮਾਰੀ ਹੋਰ ਤੇਜ਼ੀ ਨਾਲ ਫੈਲਣ ਦੇ ਆਸਾਰ ਬਣ ਸਕਦੇ ਹਨ। ਉਨ੍ਹਾਂ ਕਿਹਾ ਕਿ ਲੌਕਡਾਊਨ ਵਿੱਚ ਹੋਰ ਵਾਧਾ ਕੀਤੇ ਜਾਣ ਦੀ ਲੋੜ ਹੈ। ਇਸ ਲਈ ਇਸ ਨੂੰ 17 ਮਈ ਤੱਕ ਹੋਰ ਵਧਾ ਦਿੱਤਾ ਗਿਆ ਹੈ। ਜੇਕਰ ਲੋੜ ਪਈ ਤਾਂ ਇਸ ਵਿੱਚ ਅੱਗੇ ਵੀ ਵਾਧਾ ਕੀਤਾ ਜਾ ਸਕਦਾ ਹੈ।
next post