ਗਰਮੀ ਤੋਂ ਨਿਜਾਤ ਤੇ ਖੇਤੀ ਲਈ ਮੌਨਸੂਨ ਦੀ ਉਡੀਕ ਕਰ ਰਹੇ ਆਮ ਲੋਕਾਂ ਤੇ ਕਿਸਾਨਾਂ ਲਈ ਚੰਗੀ ਖ਼ਬਰ ਹੈ। ਕਰੀਬ 10 ਦਿਨਾਂ ਤੱਕ ਅਟਕਣ ਤੋਂ ਬਾਅਦ ਮੌਨਸੂਨ ਫਿਰ ਆਪਣੇ ਰਸਤੇ ’ਤੇ ਆ ਗਿਆ ਹੈ। ਕੇਰਲ ਦੇ ਤੱਟੀ ਇਲਾਕਿਆਂ ’ਚ ਇਹ ਛੇਤੀ ਦਸਤਕ ਦੇ ਸਕਦਾ ਹੈ। ਭਾਰਤੀ ਮੌਸਮ ਵਿਭਾਗ (ਆਈਐੱਮਡੀ) ਨੇ ਮੌਨਸੂਨ ਦੇ ਕੇਰਲ ’ਚ ਸੂਬੇ ਦੀ ਤਰੀਕ ਚਾਰ ਜੂਨ ਐਲਾਨੀ ਗਈ ਹੈ, ਪਰ ਹਾਲਾਤ ਦੱਸ ਰਹੇ ਹਨ ਕਿ ਇਹ ਤਰੀਕ ਦੋ-ਤਿੰਨ ਦਿਨ ਹੋਰ ਅੱਗੇ ਖਿਸਕ ਸਕਦੀ ਹੈ।
ਮੌਸਮ ਵਿਭਾਗ ਦੀ ਕੋਲਕਾਤਾ ਬ੍ਰਾਂਚ ਦੇ ਡਾਇਰੈਕਟਰ ਤੇ ਮੌਸਮ ਵਿਗਿਆਨੀ ਏਕੇ ਸੋਨ ਮੁਤਾਬਕ ਮੌਨਸੂਨ ਦੇ ਬੰਗਾਲ, ਬਿਹਾਰ ਤੇ ਉੱਤਰ ਪ੍ਰਦੇਸ਼ ’ਚ ਪੁੱਜਣ ਦੀ ਸਹੀ ਤਰੀਕ ਦਾ ਅਨੁਮਾਨ ਵੀ ਲਗਾਇਆ ਜਾ ਸਕਦਾ ਹੈ ਜਦੋਂ ਉਹ ਕੇਰਲ ਦੇ ਤੱਟੀ ਇਲਾਕਿਆਂ ’ਚ ਦਾਖ਼ਲ ਹੋ ਸਕੇਗਾ। ਆਮ ਤੌਰ ’ਤੇ ਮੌਨਸੂਨ ਦੇ ਬੰਗਾਲ ਪੁੱਜਣ ਦੀ ਤਰੀਕ ਅੱਠ ਜੂਨ ਹੈ। ਬਿਹਾਰ ’ਚ 10 ਜੂਨ ਤੇ ਅਗਲੇ ਚਾਰ-ਪੰਜ ਦਿਨਾਂ ’ਚ ਉੱਤਰ ਪ੍ਰਦੇਸ਼ ਪੁੱਜਾ ਜਾਂਦਾ ਹੈ। ਪਰ ਕੇਰਲ ’ਚ ਦੇਰ ਨਾਲ ਦਸਤਕ ਦੇਣ ਤੋਂ ਬਾਅਦ ਉੱਤਰ ਭਾਰਤ ਦੇ ਮੈਦਾਨੀ ਇਲਾਕਿਆਂ ’ਚ ਮੌਨਸੂਨ ਦਾ ਰਾਹ ਇਸ ਵਾਰ ਥੋੜ੍ਹਾ ਦੇਰੀ ਨਾਲ ਹੋ ਸਕਦਾ ਹੈ।
ਮੌਸਮ ਵਿਭਾਗ ਨੇ ਪਹਿਲਾਂ ਮੌਨਸੂਨ ਦੇ ਕੇਰਲ ਪੁੱਜਣ ਦੀ ਤਰੀਕ ਪਹਿਲੀ ਜੂਨ ਦੱਸੀ ਸੀ। ਬਾਅਦ ’ਚ ਸੋਧ ਕੇ ਚਾਰ ਜੂਨ ਐਲਾਨੀ ਗਈ। ਇਸ ਅਨੁਮਾਨ ਦਾ ਆਧਾਰ 19-20 ਮਈ ਤੱਕ ਮੌਨਸੂਨ ਅੰਡਮਾਨ ਨਿਕੋਬਾਰ ਦੇ ਆਲੇ ਦੁਆਲੇ ਦੇ ਹਿੱਸਿਆਂ ’ਚ ਸਰਗਰਮ ਹੋ ਗਿਆ ਸੀ, ਪਰ ਹਾਲਾਤ ਅਨੁਕੂਲ ਨਾ ਹੋਣ ਕਾਰਨ ਮੌਨਸੂਨ ਦੀ ਰਫ਼ਤਾਰ ਮੱਠੀ ਪੈ ਗਈ ਤੇ ਅਗਲੇ 10 ਦਿਨਾਂ ਤੱਕ ਅੱਗੇ ਨਹੀਂ ਵਧਿਆ। ਪਰ ਮੰਗਲਵਾਰ ਨੂੰ ਮੌਨਸੂਨ ਨੇ ਅੱਗੇ ਵਧਦੇ ਹੋਏ ਅੰਡਮਾਨ-ਨਿਕੋਬਾਰ ਦੀਪ ਸੂਹ ਦੇ ਪੂਰੇ ਇਲਾਕੇ ਨੂੰ ਘੇਰ ਲਿਆ। ਉਹ ਅੰਡਮਾਨ ਤੇ ਬੰਗਾਲ ਦੀ ਖਾੜੀ ਦੇ ਪੂਰਬੀ ਹਿੱਸੇ ਦੇ ਕੁਝ ਹਿੱਸਿਆਂ ’ਚ ਅੱਗੇ ਵਧਦਾ ਦਿਖਾਈ ਦੇ ਰਿਹਾ ਹੈ।