ਓਟਵਾ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਹ ਐਲਾਨ ਕੀਤਾ ਹੈ ਕਿ ਕੈਨੇਡਾ ਨੂੰ ਇਸ ਸਾਲ ਦੇ ਅੰਤ ਤੱਕ ਕੋਵਿਡ-19 ਵੈਕਸੀਨ ਦੀ ਪਹਿਲੀ ਖੇਪ ਮਿਲ ਜਾਵੇਗੀ।ਪ੍ਰਧਾਨ ਮੰਤਰੀ ਨੇ ਆਖਿਆ ਕਿ ਪਹਿਲੀਆਂ ਡੋਜ਼ਾਂ ਅਗਲੇ ਹਫਤੇ ਕਿਸੇ ਵੀ ਵੇਲੇ ਪਹੁੰਚ ਸਕਦੀਆਂ ਹਨ। ਉਨ੍ਹਾਂ ਆਖਿਆ ਕਿ ਫਾਈਜ਼ਰ ਵੈਕਸੀਨ ਦੀਆਂ 249,000 ਡੋਜ਼ਾਂ ਦਸੰਬਰ 2020 ਦੇ ਅੰਤ ਤੱਕ ਕੈਨੇਡਾ ਪਹੁੰਚ ਜਾਣਗੀਆਂ। ਸਰਕਾਰ ਦੇ ਵੈਕਸੀਨ ਸਬੰਧੀ ਉਲੀਕੇ ਪਹਿਲੇ ਪਲੈਨ ਤੋਂ ਇਹ ਕਿਤੇ ਜਿ਼ਆਦਾ ਫਾਸਟ ਟਰੈਕ ਮਾਮਲਾ ਹੈ। ਅਸਲ ਵਿੱਚ ਪਹਿਲਾਂ ਵੈਕਸੀਨ ਦੇ ਜਨਵਰੀ ਦੇ ਸੁ਼ਰੂ ਵਿੱਚ ਆਉਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਸੀ। ਨਵੀਂ ਡਲਿਵਰੀ ਦੀ ਤਰੀਕ ਤੋਂ ਮਤਲਬ ਹੈ ਕਿ ਕੁੱਝ ਕੈਨੇਡੀਅਨਾਂ ਨੂੰ ਛੁੱਟੀਆਂ ਤੋਂ ਪਹਿਲਾਂ ਹੀ ਵੈਕਸੀਨੇਟ ਕਰ ਦਿੱਤਾ ਜਾਵੇਗਾ।
ਟਰੂਡੋ ਨੇ ਸੋਮਵਾਰ ਨੂੰ ਓਟਵਾ ਵਿੱਚ ਇੱਕ ਪ੍ਰੈੱਸ ਕਾਨਫਰੰਸ ਵਿੱਚ ਆਖਿਆ ਕਿ ਇਹ ਸਾਲ ਕਾਫੀ ਮੁਸ਼ਕਲਾਂ ਭਰਿਆ ਰਿਹਾ ਹੈ ਤੇ ਅਜੇ ਵੀ ਅਸੀਂ ਸੰਕਟ ਤੋਂ ਬਾਹਰ ਨਹੀਂ ਆਏ ਹਾਂ। ਪਰ ਹੁਣ ਵੈਕਸੀਨਜ਼ ਆ ਰਹੀਆਂ ਹਨ। ਫੈਡਰਲ ਅਧਿਕਾਰੀਆਂ ਨੇ ਦੱਸਿਆ ਕਿ ਕੈਨੇਡਾ ਨੂੰ ਬਸੰਤ ਦੇ ਅੰਤ ਤੱਕ ਵੈਕਸੀਨ ਦੀਆਂ ਚਾਰ ਮਿਲੀਅਨ ਡੋਜ਼ਾਂ ਮਿਲ ਜਾਣਗੀਆਂ। ਸਰਕਾਰ ਪਹਿਲਾਂ ਹੀ 20 ਮਿਲੀਅਨ ਡੋਜ਼ਾਂ ਖਰੀਦ ਚੁੱਕੀ ਹੈ ਤੇ ਉਨ੍ਹਾਂ ਕੋਲ 56 ਮਿਲੀਅਨ ਡੋਜ਼ਾਂ ਖਰੀਦਣ ਦਾ ਬਦਲ ਹੈ। ਕੈਨੇਡਾ ਨੂੰ 2021 ਦੇ ਸ਼ੁਰੂ ਵਿੱਚ ਮੌਡਰਨਾ ਵੈਕਸੀਨ ਦੀਆਂ ਵੀ ਦੋ ਮਿਲੀਅਨ ਡੋਜ਼ਾਂ ਹਾਸਲ ਹੋ ਜਾਣਗੀਆਂ। ਪ੍ਰੋਕਿਓਰਮੈਂਟ ਮੰਤਰੀ ਅਨੀਤਾ ਆਨੰਦ ਨੇ ਆਸ ਪ੍ਰਗਟਾਈ ਕਿ ਨਵੇਂ ਸਾਲ ਵਿੱਚ ਫਾਈਜ਼ਰ ਤੇ ਹੋਰਨਾਂ ਵੈਕਸੀਨ ਨਿਰਮਾਤਾਵਾਂ ਕੋਲੋਂ ਕਈ ਮਿਲੀਅਨ ਡੋਜ਼ਾਂ ਮਿਲ ਜਾਣਗੀਆਂ।