ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਬਹਿਰੂਪੀਆ ਦੱਸਣ ਵਾਲੇ ਡੇਰਾ ਪ੍ਰੇਮੀਆਂ ਦੀ ਪਟੀਸ਼ਨ ‘ਤੇ ਸੋਮਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸੁਣਵਾਈ ਕੀਤੀ। ਹਾਈ ਕੋਰਟ ਨੇ ਪਟੀਸ਼ਨ ਖ਼ਾਰਜ ਕਰ ਦਿੱਤੀ ਤੇ ਨਾਲ ਹੀ ਡੇਰਾ ਪ੍ਰੇਮੀਆਂ ਨੂੰ ਝਾੜ ਵੀ ਪਾਈ। ਡੇਰਾ ਮੁਖੀ ਨੂੰ ਡੰਮੀ ਦੱਸਣ ਵਾਲੀ ਪਟੀਸ਼ਨ ਨੂੰ ਖਾਰਜ ਕਰਦਿਆਂ ਅਦਾਲਤ ਨੇ ਕਿਹਾ ਕਿ ਅਜਿਹੀ ਪਟੀਸ਼ਨ ‘ਤੇ ਸੁਣਵਾਈ ਲਈ ਅਦਾਲਤ ਨਹੀਂ ਬਣੀ।
ਡੇਰੇ ਵੱਲੋਂ ਪਟੀਸ਼ਨ ਦਾ ਵਿਰੋਧ ਕਰਦਿਆਂ ਅਦਾਲਤ ਨੂੰ ਦੱਸਿਆ ਗਿਆ ਕਿ ਦੋ ਸਾਲ ਪਹਿਲਾਂ ਵੀ ਪਟੀਸ਼ਨਰ ਨੇ ਅਜਿਹੀ ਹੀ ਬੇਬੁਨਿਆਦ ਪਟੀਸ਼ਨ ਦਾਇਰ ਕਰ ਕੇ ਜੇਲ੍ਹ ਵਿੱਚ ਡੇਰਾ ਮੁਖੀ ਦੀ ਜਾਨ ਨੂੰ ਖ਼ਤਰਾ ਦੱਸਿਆ ਸੀ। ਹਾਈ ਕੋਰਟ ਦੇ ਹੁਕਮਾਂ ’ਤੇ ਸੈਸ਼ਨ ਜੱਜ ਨੇ ਮਾਮਲੇ ਦੀ ਜਾਂਚ ਕੀਤੀ ਸੀ ਤੇ ਦੋਸ਼ ਝੂਠੇ ਪਾਏ ਗਏ ਸਨ। ਇਸ ਤੋਂ ਬਾਅਦ ਅਦਾਲਤ ਨੇ ਜੁਰਮਾਨਾ ਲਗਾ ਕੇ ਪਟੀਸ਼ਨ ਖਾਰਜ ਕਰ ਦਿੱਤੀ। ਅਦਾਲਤ ਨੇ ਕਿਹਾ ਕਿ ਪਟੀਸ਼ਨ ‘ਚ ਲਗਾਏ ਗਏ ਦੋਸ਼ ਫਿਲਮਾਂ ‘ਚ ਹੀ ਸੰਭਵ ਹਨ।
ਜ਼ਿਕਰਯੋਗ ਹੈ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ (Punjab & Haryana High Court) ‘ਚ ਇਕ ਅਜੀਬ ਪਟੀਸ਼ਨ ਦਾਇਰ ਕੀਤੀ ਗਈ ਸੀ ਜਿਸ ਵਿਚ ਦੋਸ਼ ਲਾਇਆ ਗਿਆ ਹੈ ਕਿ ਰੋਹਤਕ ਜੇਲ੍ਹ (Rohtak Jail) ‘ਚ ਬੰਦ ਗੁਰਮੀਤ ਰਾਮ ਰਹੀਮ ਫਰਜ਼ੀ ਹੈ, ਉਹ ਅਸਲੀ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ (Gurmeet Ram Rahim) ਨਹੀਂ। ਪਟੀਸ਼ਨ ‘ਚ ਕਿਹਾ ਗਿਆ ਸੀ ਕਿ ਅਸਲ ਡੇਰਾ ਮੁਖੀ (Dera Chief) ਨੂੰ ਅਗਵਾ ਕਰ ਲਿਆ ਗਿਆ ਹੈ।
ਚੰਡੀਗੜ੍ਹ ਵਾਸੀ ਅਸ਼ੋਕ ਕੁਮਾਰ ਅਤੇ ਡੇਰੇ ਦੇ ਕਰੀਬ ਇਕ ਦਰਜਨ ਫਾਲੋਅਰਜ਼ ਨੇ ਹਾਈ ਕੋਰਟ ‘ਚ ਪਟੀਸ਼ਨ ਦਾਇਰ ਕਰ ਕੇ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਸੀ। ਪਟੀਸ਼ਨ ‘ਚ ਦੋਸ਼ ਲਾਇਆ ਗਿਆ ਕਿ ਡੇਰੇ ਦੀ ਗੱਦੀ ‘ਤੇ ਕਾਬਜ਼ ਹੋਣ ਲਈ ਅਸਲ ਡੇਰਾ ਮੁਖੀ ਨੂੰ ਅਗਵਾ ਕਰ ਕੇ ਮਾਰ ਦਿੱਤਾ ਗਿਆ ਜਾਂ ਫਿਰ ਮਾਰ ਦਿੱਤਾ ਜਾਵੇਗਾ। ਇਹ ਵੀ ਕਿਹਾ ਗਿਆ ਕਿ ਜਿਸ ਡੇਰਾ ਮੁਖੀ ਨੂੰ ਜੇਲ੍ਹ ਵਿੱਚ ਰੱਖਿਆ ਗਿਆ ਹੈ, ਉਹ ਨਕਲੀ ਹੈ। ਹਾਈਕੋਰਟ ‘ਚ ਦਾਇਰ ਪਟੀਸ਼ਨ ‘ਚ ਹਰਿਆਣਾ ਸਰਕਾਰ, ਹਨੀਪ੍ਰੀਤ ਤੇ ਸਿਰਸਾ ਡੇਰਾ ਪ੍ਰਬੰਧਕ ਪੀਆਰ ਨੈਨ ਨੂੰ ਪ੍ਰਤੀਵਾਦੀ ਬਣਾਇਆ ਗਿਆ।
ਪਟੀਸ਼ਨਰਾਂ ਨੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਅਸਲੀ ਡੇਰਾ ਮੁਖੀ ਨੂੰ ਰਾਜਸਥਾਨ ਦੇ ਉਦੈਪੁਰ ਤੋਂ ਅਗਵਾ ਕੀਤਾ ਗਿਆ ਸੀ ਤੇ ਹੁਣ ਉਹ ਨਕਲੀ ਵਿਅਕਤੀ ਨੂੰ ਅਸਲੀ ਨਾਲ ਬਦਲਣ ਦੀ ਯੋਜਨਾ ਬਣਾ ਰਹੇ ਹਨ ਜਾਂ ਬਦਲ ਦਿੱਤਾ ਗਿਆ ਹੈ। ਪਟੀਸ਼ਨ ਅਨੁਸਾਰ, ਪਟੀਸ਼ਨਕਰਤਾਵਾਂ ਦੇ ਨਾਲ-ਨਾਲ ਹੋਰ ਪੈਰੋਕਾਰਾਂ ਨੇ ਡੇਰਾ ਮੁਖੀ ਦੀ ਸ਼ਖਸੀਅਤ ਆਦਿ ‘ਚ ਕਈ ਬਦਲਾਅ ਨੋਟ ਕੀਤੇ ਹਨ। ਕੱਦ ਇਕ ਇੰਚ ਵਧ ਗਿਆ ਸੀ, ਉਂਗਲਾਂ ਦੀ ਲੰਬਾਈ ਤੇ ਪੈਰਾਂ ਦਾ ਆਕਾਰ ਵੀ ਵਧ ਗਿਆ ਸੀ। ਮੌਜੂਦਾ ਪੈਰੋਲ ਦੀ ਮਿਆਦ ਦੌਰਾਨ ਕਥਿਤ ਡੇਰਾ ਮੁਖੀ ਜਾਂ ਡੰਮੀ ਵਿਅਕਤੀ ਵੱਲੋਂ ਪ੍ਰਕਾਸ਼ਿਤ ਵੀਡੀਓ ਤੇ ਤਸਵੀਰਾਂ ਦੀ ਪੜਚੋਲ ਤੋਂ ਸਪੱਸ਼ਟ ਹੈ ਕਿ ਉਸ ਦੇ ਆਪਣੇ ਚਿਹਰੇ ਤੇ ਹੱਥਾਂ ‘ਚ ਮੇਕਓਵਰ ਜਾਂ ਮਾਸਕਿੰਗ ਸੀ ਜੋ ਵੀਡੀਓ ਤੋਂ ਵੀਡੀਓ ‘ਚ ਬਦਲ ਗਈ। ਇੰਨਾ ਹੀ ਨਹੀਂ, ਕਥਿਤ ਡੇਰਾ ਮੁਖੀ/ਡੰਮੀ ਵਿਅਕਤੀ ਆਪਣੇ ਪਿੰਡ ਵਾਸੀਆਂ ਨੂੰ ਮਿਲਣ ਸਮੇਂ ਆਪਣੇ ਪੁਰਾਣੇ ਦੋਸਤਾਂ ਨੂੰ ਪਛਾਣ ਵੀ ਨਹੀਂ ਸਕਿਆ।