ਡੇਰਾ ਮੁਖੀ ਗੁਰਮੀਤ ਰਾਮ ਰਹੀਮ (Gurmeet Ram Rahim) ਦੀ ਫਰਲੋੋ ਖ਼ਤਮ ਹੋ ਗਈ ਹੈ। ਡੇਰਾ ਮੁਖੀ ਐਤਵਾਰ ਸਵੇਰੇ ਸਖ਼ਤ ਸੁਰੱਖਿਆ ਵਿਚਕਾਰ ਸੁਨਾਰੀਆ ਜੇਲ੍ਹ ਪਹੁੰਚਿਆ। ਕਾਫ਼ਲੇ ‘ਚ ਅੱਠ ਤੋਂ ਵੱਧ ਲਗਜ਼ਰੀ ਗੱਡੀਆਂ ਸਨ, ਜਿਨ੍ਹਾਂ ਦੇ ਅੱਗੇ ਹੋਰ ਪੁਲਿਸ ਪਾਇਲਟ ਚੱਲ ਰਹੇ ਸਨ। ਦੂਜੇ ਪਾਸੇ ਰਾਮ ਰਹੀਮ 21 ਦਿਨਾਂ ਦੌਰਾਨ ਸਿਰਸਾ ਡੇਰੇ ਨਹੀਂ ਪਹੁੰਚ ਸਕਿਆ, ਜਦੋਂਕਿ ਉਸ ਦੇ ਪੈਰੋਕਾਰ ਉਸ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਗੁਰੂਗ੍ਰਾਮ ਪੁਲਿਸ ਰਾਮ ਰਹੀਮ ਨੂੰ ਸਖ਼ਤ ਸੁਰੱਖਿਆ ‘ਚ ਲੈ ਕੇ ਰੋਹਤਕ ਪਹੁੰਚੀ। ਜੇਲ੍ਹ ਕੰਪਲੈਕਸ ਦੇ ਆਸਪਾਸ ਸੁੁਰੱਖਿਆ ਪ੍ਰਬੰਧ ਪਹਿਲਾਂ ਹੀ ਪੁਖ਼ਤਾ ਕਰ ਦਿੱਤੇ ਗਏ ਸਨ।ਦਰਅਸਲ ਸਰਕਾਰ ਨੇ ਫਰਵਰੀ ‘ਚ ਰਾਮ ਰਹੀਮ ਦੀ 21 ਦਿਨ ਦੀ ਫਰਲੋ ਮਨਜ਼ੂਰ ਕੀਤੀ ਸੀ। ਇਸ ਦੌਰਾਨ ਸਰਕਾਰ ਨੇ ਰਾਮ ਰਹੀਮ ਦੀ ਜਾਨ ਨੂੰ ਖ਼ਤਰਾ ਦੱਸਦੇ ਹੋਏ ਉਸ ਨੂੰ ਜ਼ੈੱਡ ਪਲੱਸ (Z Plus Security) ਵੀ ਮੁਹੱਈਆ ਕਰਵਾਈ ਸੀ। ਫਰਲੋ ਦੌਰਾਨ ਰਾਮ ਰਹੀਮ ਜ਼ਿਆਦਾਤਰ ਸਮਾਂ ਆਪਣੇ ਗੁਰੂਗ੍ਰਾਮ ਸਥਿਤ ਆਸ਼ਰਮ ‘ਚ ਹੀ ਰਿਹਾ।
ਨਹੀਂ ਹੋਣ ਦਿੱਤੀ ਗਈ ਕਿਸੇ ਹੋਰ ਕੈਦੀ ਜਾਂ ਬੰਦੀ ਨਾਲ ਮੁਲਾਕਾਤ
ਡੇਰਾ ਮੁਖੀ ਦੀ ਸੁਰੱਖਿਆ ਦੇ ਮੱਦੇਨਜ਼ਰ ਸਖ਼ਤ ਪ੍ਰਬੰਧ ਕੀਤੇ ਗਏ ਸਨ। ਆਈਆਈਐਮ ਪੁਲਿਸ ਚੌਕੀ ਤੋਂ ਜੇਲ੍ਹ ਅਹਾਤੇ ਤਕ ਪੰਜ ਥਾਵਾਂ ’ਤੇ ਨਾਕਾਬੰਦੀ ਕੀਤੀ ਗਈ। ਇਸ ਦੌਰਾਨ ਕੈਦੀਆਂ ਨੂੰ ਮਿਲਣ ਆਏ ਹੋਰ ਕੈਦੀਆਂ ਤੇ ਲੋਕਾਂ ਨੂੰ ਵੀ ਵਾਪਸ ਭੇਜ ਦਿੱਤਾ ਗਿਆ। ਸਵੇਰੇ 10 ਵਜੇ ਤੋਂ ਬਾਅਦ ਕਿਸੇ ਵੀ ਮੁਲਾਕਾਤੀ ਨੂੰ ਜੇਲ੍ਹ ਅੰਦਰ ਨਹੀਂ ਜਾਣ ਦਿੱਤਾ ਗਿਆ। ਜ਼ਿਆਦਾਤਰ ਨੂੰ ਜੇਲ੍ਹ ਦੇ ਨਿਯਮਾਂ ਅਨੁਸਾਰ ਵਾਪਸ ਭੇਜਿਆ ਜਾ ਰਿਹਾ ਸੀ ਜਾਂ ਦੁਪਹਿਰ ਤੋਂ ਬਾਅਦ ਸਮਾਂ ਦਿੱਤਾ ਜਾ ਰਿਹਾ ਸੀ। ਇਸ ਕਾਰਨ ਉਸ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪਿਆ।
ਸਾਲ 2017 ਤੋਂ ਹੈ ਬੰਦ
ਡੇਰਾ ਮੁਖੀ ਨੂੰ ਸੀਬੀਆਈ ਅਦਾਲਤ ਨੇ 2017 ‘ਚ ਦੋ ਸਾਧਵੀਆਂ ਨਾਲ ਜਬਰ ਜਨਾਹ ਦੇ ਮਾਮਲੇ ‘ਚ ਸਜ਼ਾ ਸੁਣਾਈ ਸੀ। ਉਸ ਸਮੇਂ ਪੰਚਕੂਲਾ ‘ਚ ਹੋਈ ਹਿੰਸਾ ਤੋਂ ਬਾਅਦ ਡੇਰਾ ਮੁਖੀ ਨੂੰ ਸੜਕ ਰਾਹੀਂ ਲਿਆਉਣ ਦੀ ਬਜਾਏ ਹੈਲੀਕਾਪਟਰ ਰਾਹੀਂ ਸੁਨਾਰੀਆ ਜੇਲ੍ਹ ਲਿਆਂਦਾ ਗਿਆ ਸੀ। ਉਦੋਂ ਤੋਂ ਇਹ ਇੱਥੇ ਹੈ। ਇਸ ਤੋਂ ਬਾਅਦ ਪੱਤਰਕਾਰ ਤੇ ਡੇਰਾ ਪ੍ਰਬੰਧਕ ਦੇ ਕਤਲ ਦੇ ਮਾਮਲੇ ਵਿੱਚ ਵੀ ਸਜ਼ਾ ਸੁਣਾਈ ਗਈ। ਡੇਰਾ ਮੁਖੀ ਨੇ ਕਈ ਵਾਰ ਪੈਰੋਲ ਦੀ ਮੰਗ ਵੀ ਕੀਤੀ ਸੀ। ਇਸ ਵਾਰ 21 ਦਿਨਾਂ ਦੀ ਫਰਲੋ ਰਾਹੀਂ ਉਹ ਪਹਿਲੀ ਵਾਰ ਇੰਨੇ ਦਿਨ ਜੇਲ੍ਹ ਤੋਂ ਬਾਹਰ ਆਇਆ ਹੈ।