ਭਾਰਤ ਸਰਕਾਰ ਦੇ ਡਾਕ ਵਿਭਾਗ ਅਤੇ ਬਿਹਾਰ ਸਰਕਾਰ ਦੇ ਬਾਗਬਾਨੀ ਵਿਭਾਗ ਨੇ ਲੋਕਾਂ ਨੂੰ ਦਰਵਾਜ਼ਿਆਂ ਤੱਕ ‘ਸ਼ਾਹੀ ਲੀਚੀ’ ਅਤੇ ‘ਜ਼ਰਦਾਲੂ ਅੰਬ’ ਦੀ ਸਪਲਾਈ ਕਰਨ ਦੇ ਲਈ ਹੱਥ ਮਿਲਾਏ ਹਨ। ਬਿਹਾਰ ਪੋਸਟਲ ਸਰਕਲ ਨੇ ਬਿਹਾਰ ਸਰਕਾਰ ਦੇ ਬਾਗਬਾਨੀ ਵਿਭਾਗ ਦੇ ਨਾਲ ਮੁਜ਼ੱਫਰਪੁਰ ਤੋਂ ‘ਸ਼ਾਹੀ ਲੀਚੀ’ ਅਤੇ ਭਾਗਲਪੁਰ ਤੋਂ ‘ਜ਼ਰਦਾਲੂ ਅੰਬ’ ਦੀ ਲੌਜਿਸਟਿਕਸ ਕਰਨ ਅਤੇ ਇਨ੍ਹਾਂ ਨੂੰ ਲੋਕਾਂ ਦੇ ਦਰਵਾਜ਼ਿਆਂ ਤੱਕ ਪਹੁੰਚਾਉਣ ਲਈ ਇੱਕ ਕਰਾਰ ਕੀਤਾ ਹੈ।
ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਲੌਕਡਾਊਨ ਦੌਰਾਨ ਲੀਚੀ ਅਤੇ ਅੰਬ ਦੇ ਕਾਸ਼ਤਕਾਰਾਂ ਨੂੰ ਆਪਣੇ ਫਲਾਂ ਨੂੰ ਵੇਚਣ ਦੇ ਲਈ ਮੰਡੀ ਤੱਕ ਲਿਜਾਣ / ਆਵਾਜਾਈ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਵਿੱਚ ਇਸ ਦੀ ਸਪਲਾਈ ਇੱਕ ਵੱਡੀ ਚੁਣੌਤੀ ਬਣ ਗਈ ਹੈ ਅਤੇ ਇਸ ਲਈ ਆਮ ਲੋਕਾਂ ਦੀ ਮੰਗ ਨੂੰ ਪੂਰਾ ਕਰਨ ਅਤੇ ਕਿਸਾਨਾਂ ਨੂੰ ਉਨ੍ਹਾਂ ਦੇ ਫਲ ਵੇਚਣ ਦੇ ਲਈ ਬਿਨਾਂ ਕਿਸੇ ਵਿਚੋਲੇ ਦੇ ਸਿੱਧੇ ਤੌਰ ’ਤੇ ਉਨ੍ਹਾਂ ਦੀ ਆਪਣੀ ਮੰਡੀ ਉਪਲਬਧ ਕਰਾਉਣ ਦੇ ਲਈ ਬਿਹਾਰ ਸਰਕਾਰ ਦੇ ਬਾਗਬਾਨੀ ਵਿਭਾਗ ਅਤੇ ਭਾਰਤ ਸਰਕਾਰ ਦੇ ਡਾਕ ਵਿਭਾਗ ਨੇ ਇਸ ਪਹਿਲ ਦੇ ਲਈ ਹੱਥ ਮਿਲਾਇਆ ਹੈ।
ਮੁਜ਼ੱਫਰਪੁਰ (ਬਿਹਾਰ) ਦੀ ‘ਸ਼ਾਹੀ ਲੀਚੀ’ ਅਤੇ ਭਾਗਲਪੁਰ (ਬਿਹਾਰ) ਦਾ ‘ਜ਼ਰਦਾਲੂ ਅੰਬ’ ਆਪਣੇ ਅਨੋਖੇ ਸਵਾਦ ਅਤੇ ਹਰ ਜਗ੍ਹਾ ਮੰਗ ਦੇ ਕਾਰਨ ਦੁਨੀਆ ਭਰ ਵਿੱਚ ਮਸ਼ਹੂਰ ਹੈ। ਲੋਕ ਔਨਲਾਈਨ ਤਰੀਕੇ ਨਾਲ ਵੈੱਬਸਾਈਟ “horticulture.bihar.gov.in” ਉੱਤੇ ਆਰਡਰ ਵੀ ਦੇ ਸਕਦੇ ਹਨ।
ਸ਼ੁਰੂ ਵਿੱਚ ਇਹ ਸਹੂਲਤ ‘ਸ਼ਾਹੀ ਲੀਚੀ’ ਦੇ ਲਈ ਮੁਜ਼ੱਫਰਪੁਰ ਅਤੇ ਪਟਨਾ ਦੇ ਲੋਕਾਂ ਨੂੰ ਅਤੇ ‘ਜ਼ਰਦਾਲੂ ਅੰਬ’ ਦੇ ਲਈ ਪਟਨਾ ਅਤੇ ਭਾਗਲਪੁਰ ਦੇ ਲੋਕਾਂ ਨੂੰ ਉਪਲਬਧ ਹੋਵੇਗੀ। ਲੀਚੀ ਦੀ ਬੁਕਿੰਗ ਘੱਟੋ-ਘੱਟ 2 ਕਿਲੋਗ੍ਰਾਮ ਅਤੇ ਅੰਬ ਦੀ ਬੁਕਿੰਗ ਘੱਟੋ-ਘੱਟ 5 ਕਿਲੋਗ੍ਰਾਮ ਤੱਕ ਦੇ ਲਈ ਹੋਵੇਗੀ।
ਔਨਲਾਈਨ ਬੁਕਿੰਗ ਅਤੇ ਦਰਵਾਜ਼ਿਆਂ ਤੱਕ ਡਿਲਿਵਰੀ ਦੀ ਸਹੂਲਤ ਉਤਪਾਦਕਾਂ/ ਕਿਸਾਨਾਂ ਨੂੰ ਸਿੱਧੇ ਤੌਰ ’ਤੇ ਇਸ ਨਵੀਂ ਮੰਡੀ ਵਿੱਚ ਚੰਗਾ ਮੁਨਾਫਾ ਕਮਾਉਣ ਵਿੱਚ ਮਦਦ ਕਰੇਗਾ। ਗਾਹਕਾਂ ਨੂੰ ਵੀ ਘੱਟ ਕੀਮਤ ’ਤੇ ਆਪਣੇ ਦਰਵਾਜ਼ਿਆਂ ਤੱਕ ਇਨ੍ਹਾਂ ਬ੍ਰਾਂਡੇਡ ਫਲਾਂ ਨੂੰ ਲੈਣ ਵਿੱਚ ਫ਼ਾਇਦਾ ਹੋਵੇਗਾ। ਹੁਣ ਤੱਕ ਵੈਬਸਾਈਟ ’ਤੇ 4400 ਕਿਲੋਗ੍ਰਾਮ ਲੀਚੀ ਦੇ ਲਈ ਆਰਡਰ ਦਿੱਤੇ ਜਾ ਚੁੱਕੇ ਹਨ। ਸੀਜ਼ਨ ਦੇ ਦੌਰਾਨ ਇਹ 100000 ਕਿਲੋਗ੍ਰਾਮ ਤੱਕ ਜਾ ਸਕਦਾ ਹੈ। ਅੰਬਾਂ ਦੇ ਲਈ ਆਰਡਰ ਮਈ ਦੇ ਅੰਤਿਮ ਹਫ਼ਤੇ ਤੋਂ ਸ਼ੁਰੂ ਹੋਣਗੇ।