ਚੰਡੀਗੜ੍ਹ.ਨਕੋਦਰ -ਪੰਜਾਬੀ ਗਾਇਕ ਅਫਸਾਨਾ ਖ਼ਾਨ ਪੰਜਾਬ ਦੀ ਮਸ਼ਹੂਰ ਗਾਇਕਾ ਹੈ। ਇਹ ਕਹਿਣਾ ਬਿਲਕੁਲ ਵੀ ਗਲਤ ਨਹੀਂ ਹੋਵੇਗਾ ਕਿ ਅਫਸਾਨਾ ਖ਼ਾਨ ਨੇ ਆਪਣੀ ਮਿਹਨਤ ਨਾਲ ਇਕ ਵੱਖਰਾ ਫੈਨ ਬੇਸ ਬਣਾਇਆ ਹੈ। ਉਥੇ ਹਾਲ ਹੀ ’ਚ ਅਫਸਾਨਾ ਖ਼ਾਨ ਨੇ ਇਕ ਵੱਡੀ ਉਪਲੱਬਧੀ ਹਾਸਲ ਕੀਤੀ ਹੈ। ਦਰਅਸਲ ਅਫਸਾਨਾ ਖ਼ਾਨ ਦਾ ਬੈਨਰ ਟਾਈਮਜ਼ ਸੁਕੇਅਰ ’ਤੇ ਲੱਗਾ ਹੈ। ਅਫਸਾਨਾ ਖ਼ਾਨ ਨੇ ਇਸ ਗੱਲ ਦੀ ਜਾਣਕਾਰੀ ਸੋਸ਼ਲ ਮੀਡੀਆ ਰਾਹੀਂ ਆਪਣੇ ਚਾਹੁਣ ਵਾਲਿਆਂ ਨੂੰ ਦਿੱਤੀ ਹੈ।
ਅਫਸਾਨਾ ਖ਼ਾਨ ਲਿਖਦੀ ਹੈ, ‘ਮੈਂ ਕਦੇ ਸੋਚਿਆਂ ਨਹੀਂ ਸੀ ਕਿ ਮੈਂ ਕਦੇ ਇਥੇ ਪਹੁੰਚਾਂਗੀ। ਮਿਹਨਤ ਅੱਜ ਰੰਗ ਲਈ ਲਿਆਈ ਹੈ। ਸਭ ਤੋਂ ਪਹਿਲਾਂ ਸ਼ੁਕਰ ਪ੍ਰਮਾਤਮਾ ਦਾ ਇਹ ਦਿਨ ਦਿਖਾਉਣ ਲਈ। ਮੇਰਾ ਪਰਿਵਾਰ ਹਮੇਸ਼ਾ ਮੇਰੇ ਨਾਲ ਖੜ੍ਹਾ ਹੋਇਆ।’ ਅਫਸਾਨਾ ਨੇ ਅੱਗੇ ਲਿਖਿਆ, ‘ਮੇਰੀ ਟੀਮ ਈ. ਵਾਈ. ਪੀ. ਕ੍ਰਿਏਸ਼ਨਜ਼ ਦਾ ਧੰਨਵਾਦ ਮੈਨੂੰ ਸਭ ਤੋਂ ਵਧੀਆ ਜਨਮਦਿਨ ਦਾ ਤੋਹਫ਼ਾ ਦੇਣ ਲਈ। ਮੇਰੇ ਪਿਆਰ ਸਾਜ਼ ਦਾ ਧੰਨਵਾਦ ਮੈਨੂੰ ਹਮੇਸ਼ਾ ਹੌਸਲਾ ਦੇਣ ਲਈ। ਸੁਪਨੇ ਹਮੇਸ਼ਾ ਪੂਰੇ ਹੁੰਦੇ ਹਨ, ਜੇ ਮਿਹਨਤ ਕਰੋ।’ਦੱਸ ਦੇਈਏ ਕਿ ਅਫਸਾਨਾ ਖ਼ਾਨ ਨੇ ਇਸ ਦੇ ਨਾਲ ਕਈ ਪੰਜਾਬੀ ਕਲਾਕਾਰਾਂ ਨੂੰ ਟੈਗ ਕੀਤਾ ਹੈ ਤੇ ਉਨ੍ਹਾਂ ਦਾ ਧੰਨਵਾਦ ਵੀ ਅਦਾ ਕੀਤਾ ਹੈ। ਅਫਸਾਨਾ ਖ਼ਾਨ ਦਾ ਇਹ ਬੈਨਰ ਦੋ ਦਿਨਾਂ ਲਈ ਟਾਈਮਜ਼ ਸੁਕੇਅਰ ’ਤੇ ਨਜ਼ਰ ਆਵੇਗਾ।