ਟੋਰਾਂਟੋ : ਓਨਟਾਰੀਓ ਸਰਕਾਰ ਵੱਲੋਂ ਟਰੱਕ ਡਰਾਈਵਰਾਂ ਨੂੰ ਮੁਫਤ ਵਿੱਚ 511 ਐਪ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ ਤਾਂ ਕਿ ਕੋਵਿਡ-19 ਆਊਟਬ੍ਰੇਕ ਦੌਰਾਨ ਪ੍ਰੋਵਿੰਸ ਭਰ ਵਿੱਚ ਜ਼ਰੂਰੀ ਸਾਜ਼ੋ ਸਮਾਨ ਦੀ ਡਲਿਵਰੀ ਕਰਦੇ ਸਮੇਂ ਸੇਫ, ਖਾਣਾ ਖਾਣ ਤੇ ਆਰਾਮ ਕਰਨ ਲਈ ਜਿਹੋ ਜਿਹੀ ਜਾਣਕਾਰੀ ਚਾਹੀਦੀ ਹੈ ਉਹ ਹਾਸਲ ਕਰ ਸਕਣ।
ਟਰਾਂਸਪੋਰਟੇਸ਼ਨ ਮੰਤਰੀ ਕੈਰੋਲੀਨ ਮਲਰੋਨੀ ਨੇ ਆਖਿਆ ਕਿ ਇਸ ਐਪ ਨਾਲ ਸਾਡੀ ਸਰਕਾਰ ਵੱਲੋਂ ਟਰੱਕ ਡਰਾਈਵਰਾਂ ਲਈ ਚੁੱਕੇ ਜਾਣ ਵਾਲੇ ਇੱਕ ਹੋਰ ਕਦਮ ਦੀ ਜਾਣਕਾਰੀ ਮਿਲਦੀ ਹੈ। ਉਨ੍ਹਾਂ ਆਖਿਆ ਕਿ ਸਾਡੀ ਟਰੱਕਿੰਗ ਇੰਡਸਟਰੀ ਸਪਲਾਈ ਚੇਨ ਨੂੰ ਮਜ਼ਬੂਤ ਰੱਖਣ ਤੇ ਸਾਡੇ ਸਟੋਰਜ਼ ਦੀਆਂ ਸ਼ੈਲਫਾਂ ਨੂੰ ਭਰੀ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਅ ਰਹੀ ਹੈ।
ਓਨਟਾਰੀਓ ਦੇ 511 ਐਪ ਵੱਲੋਂ 600 ਕੈਮਰਿਆਂ ਦੀਆਂ ਤਸਵੀਰਾਂ ਤੇ ਕੰਸਟ੍ਰਕਸ਼ਨ, ਹਾਦਸਿਆਂ ਤੇ ਸੜਕ ਬੰਦ ਹੋਣ ਆਦਿ ਵਰਗੀ ਜਾਣਕਾਰੀ ਤੁਰੰਤ ਮੁਹੱਈਆ ਕਰਵਾਈ ਜਾਂਦੀ ਹੈ। ਇਸ ਐਪ ਵਿੱਚ ਪ੍ਰੋਵਿੰਸ ਭਰ ਵਿੱਚ ਆਰਾਮ ਕਰਨ ਲਈ ਖੁਲ੍ਹੀਆਂ ਥਾਂਵਾਂ, ਫੂਡ ਤੇ ਫਿਊਲ ਵਾਲੀਆਂ ਥਾਂਵਾਂ ਦੀ ਪੂਰੀ ਜਾਣਕਾਰੀ ਵੀ ਹੁੰਦੀ ਹੈ। ਇਸ ਤੋਂ ਇਲਾਵਾ ਇਹ ਐਪ ਆਸਾਨੀ ਨਾਲ ਵਰਤੋਂ ਵਿੱਚ ਆ ਸਕਣ ਵਾਲੇ ਮੈਪ ਤੋਂ ਇਲਾਵਾ ਹੈਂਡਜ਼ ਫਰੀ ਆਡੀਓ ਐਲਰਟ ਵੀ ਦੱਸਦਾ ਹੈ।