ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਟਵਿੱਟਰ ’ਤੇ ਵਾਪਸੀ ਦਾ ਰਾਹ ਮੁਸ਼ਕਲ ਹੁੰਦਾ ਜਾ ਰਿਹਾ ਹੈ। ਅਮਰੀਕੀ ਜੱਜ ਨੇ ਟਰੰਪ ਦੇ ਟਵਿੱਟਰ ’ਤੇ ਲੱਗੀ ਪਾਬੰਦੀ ਨੂੰ ਹਟਾਉਣ ਦੀ ਪਟੀਸ਼ਨ ਖਾਰਜ ਕਰ ਦਿੱਤੀ ਹੈ। ਸੀਐੱਨਬੀਸੀ ਦੀ ਖਬਰ ਮੁਤਾਬਕ, ਸਾਨ ਫ੍ਰਾਂਸਿਸਕੋ ਦੇ ਜ਼ਿਲ੍ਹਾ ਜੱਜ ਜੇਮਜ਼ ਡੋਨੇਟੋ ਨੇ ਹਾਲਾਂਕਿ ਟਰੰਪ ਤੇ ਹੋਰ ਵਾਦੀਆਂ ਲਈ ਟਵਿੱਟਰ ਖਿਲਾਫ਼ ਸੋਧੀ ਸ਼ਿਕਾਇਤ ਦਰਜ ਕਰਾਉਣ ਲਈ ਦਰਵਾਜ਼ਾ ਖੁੱਲ੍ਹਾ ਛੱਡ ਦਿੱਤਾ ਹੈ। ਛੇ ਜਨਵਰੀ 2021 ਨੂੰ ਟਰੰਪ ਸਮਰਥਕਾਂ ਨੇ ਅਮਰੀਕੀ ਸੰਸਦ ਕੰਪਲੈਕਸ ਕੈਪੀਟਲ ਹਿੱਲ ’ਤੇ ਹਮਲਾ ਕੀਤਾ ਸੀ। ਇਸ ਘਟਨਾ ਨੂੰ ਲੈ ਕੇ ਮਾਈਕ੍ਰੋ ਬਲਾਗਿੰਗ ਸਾਈਟ ਟਵਿੱਟਰ ਨੇ ਡੋਨਾਲਡ ਟਰੰਪ ਦਾ ਅਕਾਊਂਟ ਬੈਨ ਕਰ ਦਿੱਤਾ ਸੀ। ਇਸ ਤੋਂ ਬਾਅਦ ਟਰੰਪ ਨੇ ਟਵਿੱਟਰ ਦੇ ਸਹਿ ਸੰਸਥਾਪਕ ਜੈਕ ਡੋਰਸੀ ਖਿਲਾਫ਼ ਮੁਕੱਦਮਾ ਕੀਤਾ ਸੀ। ਹੁਣ ਟੈਸਲਾ ਦੇ ਸੀਈਓ ਐਲਨ ਮਸਕ ਵੱਲੋਂ ਟਵਿੱਟਰ ਨੂੰ ਖਰੀਦ ਲਏ ਜਾਣ ਤੋਂ ਬਾਅਦ ਇਸ ਪਲੇਟਫਾਰਮ ’ਤੇ ਟਰੰਪ ਦੀ ਵਾਪਸੀ ਦੀਆਂ ਖਬਰਾਂ ਤੇਜ਼ ਹੋ ਗਈਆਂ ਹਨ। ਅਜਿਹੇ ’ਚ ਅਮਰੀਕੀ ਜੱਜ ਵੱਲੋਂ ਪਟੀਸ਼ਨ ਖਾਰਜ ਕੀਤੇ ਜਾਣ ਨਾਲ ਟਰੰਪ ਦੀ ਟਵਿੱਟਰ ’ਤੇ ਵਾਪਸੀ ਮੁਸ਼ਕਲ ਹੋ ਸਕਦੀ ਹੈ।