Canada

ਟਰੂਡੋ ਨੇ ਪ੍ਰੋਵਿੰਸਾਂ ਨੂੰ ਹੋਰ ਹੈਲਥ ਕੇਅਰ ਫੰਡ ਮੁਹੱਈਆ ਕਰਵਾਉਣ ਦਾ ਕੀਤਾ ਵਾਅਦਾ

ਓਟਵਾ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਦੇ ਪ੍ਰੀਮੀਅਰਜ਼ ਨਾਲ ਅੱਜ ਆਪਣੀ 23ਵੀਂ ਮੀਟਿੰਗ ਕੀਤੀ| ਇਸ ਮੀਟਿੰਗ ਵਿੱਚ ਟਰੂਡੋ ਨੇ ਪ੍ਰੋਵਿੰਸਾਂ ਨੂੰ ਹੋਰ ਹੈਲਥ ਕੇਅਰ ਫੰਡ ਮੁਹੱਈਆ ਕਰਵਾਉਣ ਦਾ ਵਾਅਦਾ ਕੀਤਾ| ਪਰ ਟਰੂਡੋ ਨੇ ਇਹ ਵੀ ਸਪਸ਼ਟ ਕੀਤਾ ਕਿ ਇਹ ਫੰਡ ਤੁਰੰਤ ਮੁਹੱਈਆ ਨਹੀਂ ਕਰਵਾਏ ਜਾਣਗੇ| ਮੀਟਿੰਗ ਤੋਂ ਬਾਅਦ ਟਰੂਡੋ ਨੇ ਆਖਿਆ ਕਿ ਇਸ ਸਮੇਂ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਫੈਡਰਲ ਸਰਕਾਰ ਹੈਲਥ ਕੇਅਰ ਦੇ ਆਪਣੇ ਹਿੱਸੇ ਵਿੱਚ ਵਾਧਾ ਕਰੇ ਤੇ ਪ੍ਰੋਵਿੰਸਾਂ ਦੀ ਹੋਰ ਆਰਥਿਕ ਮਦਦ ਕਰੇ| ਉਨ੍ਹਾਂ ਆਖਿਆ ਕਿ ਅਸੀਂ ਯਕੀਨਨ ਅਜਿਹਾ ਕਰਨਾ ਚਾਹੁੰਦੇ ਹਾਂ| ਇਸ ਲਈ ਆਉਣ ਵਾਲੇ ਮਹੀਨਿਆਂ ਵਿੱਚ ਅਸੀਂ ਇਸ ਆਰਥਿਕ ਮਦਦ ਲਈ ਕੋਈ ਨਾ ਕੋਈ ਰਾਹ ਜ਼ਰੂਰ ਲੱਭਾਂਗੇ| ਟਰੂਡੋ ਨੇ ਆਖਿਆ ਕਿ ਇਸ ਸਮੇਂ ਸਾਡਾ ਸਾਰਾ ਧਿਆਨ ਤੇ ਜ਼ੋਰ ਮਹਾਂਮਾਰੀ ਤੋਂ ਬਾਹਰ ਨਿਕਲਣ ਵੱਲ ਲੱਗਿਆ ਹੋਇਆ ਹੈ| ਉਨ੍ਹਾਂ ਆਖਿਆ ਕਿ ਉਹ ਕਈ ਵਾਰੀ ਪ੍ਰੀਮੀਅਰਜ਼ ਨੂੰ ਇਹ ਆਖ ਚੁੱਕੇ ਹਨ ਕਿ ਜਦੋਂ ਤੱਕ ਮਹਾਂਮਾਰੀ ਖਤਮ ਨਹੀਂ ਹੋ ਜਾਂਦੀ ਉਹ ਹੈਲਥ ਕੇਅਰ ਦਾ ਵਾਧੂ ਖਰਚਾ ਝੱਲਣ ਲਈ ਉਨ੍ਹਾਂ ਦੇ ਨਾਲ ਖੜ੍ਹੇ ਹਾਂ| ਇਸ ਦੌਰਾਨ ਪ੍ਰੀਮੀਅਰਜ਼ ਨੇ ਆਖਿਆ ਕਿ ਇਹ ਚੰਗੀ ਗੱਲ ਹੈ ਕਿ ਟਰੂਡੋ ਵੱਲੋਂ ਕੈਨੇਡਾ ਹੈਲਥ ਟਰਾਂਸਫਰ ਪੇਅਮੈਂਟਸ ਵਿੱਚ ਵਾਧਾ ਕਰਨ ਦਾ ਵਾਅਦਾ ਕੀਤਾ ਗਿਆ ਹੈ ਪਰ ਉਨ੍ਹਾਂ ਨੂੰ ਨਿਰਾਸ਼ਾ ਇਸ ਗੱਲ ਦੀ ਹੈ ਕਿ ਪ੍ਰਧਾਨ ਮੰਤਰੀ ਨੇ ਜਲਦੀ ਇਹ ਫੰਡ ਮੁਹੱਈਆ ਕਰਵਾਉਣ ਤੋਂ ਇਨਕਾਰ ਕੀਤਾ ਹੈ| ਕਿਊਬਿਕ ਦੇ ਪ੍ਰੀਮੀਅਰ ਫਰੈਂਕੌਇਸ ਲੀਗਾਲਟ ਨੇ ਆਖਿਆ ਕਿ ਪ੍ਰੀਮੀਅਰਜ਼ ਦੀ ਸਾਂਝੀ ਮੰਗ ਦੇ ਬਾਵਜੂਦ ਟਰੂਡੋ ਨੇ ਹੈਲਥ ਟਰਾਂਸਫਰਜ਼ ਵਿੱਚ ਫੌਰੀ ਵਾਧਾ ਕਰਨ ਤੋਂ ਟਾਲਾ ਵੱਟ ਲਿਆ| ਉਨ੍ਹਾਂ ਆਖਿਆ ਕਿ ਅਸੀਂ ਜਾਣਦੇ ਹਾਂ ਕਿ ਫੈਡਰਲ ਸਰਕਾਰ ਨੇ 2020 ਵਿੱਚ ਮਹਾਂਮਾਰੀ ਕਾਰਨ ਭਾਰੀ ਨਿਵੇਸ਼ ਕੀਤਾ ਹੈ ਪਰ ਸਾਨੂੰ ਅਜੇ ਵੀ ਮਦਦ ਦੀ ਹੋਰ ਲੋੜ ਹੈ| ਟਰੂਡੋ ਨੇ ਆਖਿਆ ਕਿ ਮਹਾਂਮਾਰੀ ਦੌਰਾਨ ਭਾਵੇਂ ਕਿਸੇ ਵਿਅਕਤੀ ਦੀ ਗੱਲ ਹੋਵੇ ਜਾਂ ਕਾਰੋਬਾਰ ਦੀ, ਹਰ 10 ਡਾਲਰ ਵਿੱਚੋਂ ਅੱਠ ਡਾਲਰ ਦੀ ਮਦਦ ਫੈਡਰਲ ਸਰਕਾਰ ਵੱਲੋਂ ਕੀਤੀ ਗਈ ਹੈ| ਸਸਕੈਚਵਾਨ ਦੇ ਪ੍ਰੀਮੀਅਰ ਸਕੌਟ ਮੋਅ ਨੇ ਆਖਿਆ ਕਿ ਭਾਵੇਂ ਹਾਲ ਦੀ ਘੜੀ ਆਰਥਿਕ ਮਦਦ ਨਾ ਮਿਲਣ ਕਾਰਨ ਸਾਨੂੰ ਨਿਰਾਸ਼ਾ ਹੋਈ ਹੈ ਪਰ ਇਸ ਗੱਲ ਦੀ ਤਸੱਲੀ ਵੀ ਹੈ ਕਿ ਪ੍ਰਧਾਨ ਮੰਤਰੀ ਨੇ ਇਹ ਮੰਨਿਆ ਹੈ ਕਿ ਮਹਾਂਮਾਰੀ ਦੌਰਾਨ ਫੈਡਰਲ ਸਰਕਾਰ ਨੂੰ ਪ੍ਰੋਵਿੰਸਾਂ ਨੂੰ ਅਜੇ ਹੋਰ ਫੰਡਿੰਗ ਮੁਹੱਈਆ ਕਰਵਾਉਣ ਦੀ ਲੋੜ ਹੈ| ਨੋਵਾ ਸਕੋਸ਼ੀਆ ਦੇ ਪ੍ਰੀਮੀਅਰ ਸਟੀਫਨ ਮੈਕਨੀਲ ਨੇ ਆਖਿਆ ਕਿ ਉਹ ਚਾਹੁੰਦੇ ਹਨ ਕਿ ਜਦੋਂ ਹੈਲਥ ਕੇਅਰ ਫੰਡਿੰਗ ਵਿੱਚ ਫੈਡਰਲ ਸਰਕਾਰ ਦੇ ਹਿੱਸੇ ਵਿੱਚ ਵਾਧਾ ਕਰਨ ਦਾ ਮੁੱਦਾ ਵਿਚਾਰਿਆ ਜਾਣਾ ਹੁੰਦਾ ਹੈ ਤਾਂ ਉਹ ਸਾਰੇ ਪ੍ਰੀਮੀਅਰਜ਼ ਦੀ ਹਾਜ਼ਰੀ ਵਿੱਚ ਵਿਚਾਰਿਆ ਜਾਵੇ| ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਇੱਕ ਬਿਆਨ ਜਾਰੀ ਕਰਕੇ ਕੈਨੇਡਾ ਹੈਲਥ ਟਰਾਂਸਫਰ ਵਿੱਚ ਵਾਧਾ ਨਾ ਕੀਤੇ ਜਾਣ ਉੱਤੇ ਨਿਰਾਸ਼ਾ ਪ੍ਰਗਟਾਈ| ਬੀਸੀ ਦੇ ਪ੍ਰੀਮੀਅਰ ਜੌਹਨ ਹੌਰਗਨ ਨੇ ਆਖਿਆ ਕਿ ਉਨ੍ਹਾਂ ਨੂੰ ਵੀ ਇਨ੍ਹਾਂ ਫੰਡਾਂ ਦੀ ਜਲਦ ਟਰਾਂਸਫਰ ਦੀ ਆਸ ਸੀ ਪਰ ਨਵੇਂ ਸਾਲ ਵਿੱਚ ਉਹ ਹੈਲਥ ਕੇਅਰ ਨਾਲ ਜੁੜੀਆਂ ਮੂਲ ਦਿੱਕਤਾਂ ਦੇ ਸਬੰਧ ਵਿੱਚ ਰਲ ਕੇ ਕੰਮ ਕਰਨ ਦੀ ਆਸ ਕਰਦੇ ਹਨ| ਇਸ ਵਰਚੂਅਲ ਮੀਟਿੰਗ ਵਿੱਚ ਟਰੂਡੋ ਨੇ ਨੈਸ਼ਨਲ ਫਾਰਮਾਕੇਅਰ ਪ੍ਰੋਗਰਾਮ ਲਾਗੂ ਕਰਨ ਲਈ ਪ੍ਰੋਵਿੰਸਾਂ ਨਾਲ ਰਲ ਕੇ ਕੰਮ ਕਰਨ ਦਾ ਕਰਾਰ ਵੀ ਕੀਤਾ| ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨੇ ਕੈਨੇਡਾ ਦੇ ਲਾਂਗ ਟਰਮ ਕੇਅਰ ਹੋਮਜ਼ ਦੇ ਹਾਲਾਤ ਨੂੰ ਸੁਧਾਰਨ ਲਈ ਫੰਡਾਂ ਵਿੱਚ ਸੁਧਾਰ ਕਰਨ ਦਾ ਵਾਅਦਾ ਵੀ ਕੀਤਾ| ਟਰੂਡੋ ਨੇ ਇਸ ਗੱਲ ਦੀ ਵੀ ਪੁਸ਼ਟੀ ਕੀਤੀ ਕਿ ਪ੍ਰੋਵਿੰਸਾਂ ਨੂੰ ਕੋਵਿਡ-19 ਵੈਕਸੀਨਜ਼ ਮੁਹੱਈਆ ਕਰਵਾਉਣ ਦਾ ਸਾਰਾ ਖਰਚਾ ਫੈਡਰਲ ਸਰਕਾਰ ਚੁੱਕੇਗੀ|

Related posts

Trump-Zelenskyy Meeting Signals Breakthroughs but Raises Uncertainty

Gagan Oberoi

ਅਲਬਰਟਾ ਦੇ ਪੇਂਡੂ ਇਲਾਕਿਆਂ ਵਿਚ ਲੋਕਮ ਡਾਕਟਰਾਂ ਦੀ ਲੋੜ ਵਧੀ

Gagan Oberoi

ਟਰੂਡੋ ਨੂੰ ਪਾਸੇ ਕਰਨ ਲਈ ਪਾਰਟੀ ਅੰਦਰੋਂ ਦਬਾਅ ਪੈਣ ਲੱਗਾ

Gagan Oberoi

Leave a Comment