ਫਲੋਰਿਡਾ, : ਸੇਂਟ ਪੀਟਰਸਬਰਗ, ਫਲੋਰਿਡਾ ਵਿੱਚ ਜੌਗਿੰਗ ਲਈ ਗਈ ਇੱਕ ਮਹਿਲਾ ਨੂੰ ਸੜਕ ਦੇ ਕਿਨਾਰੇ ਇੱਕ ਮਨੱੁਖੀ ਸਿਰ ਪਿਆ ਮਿਲਿਆ, ਜੋ ਕਿ ਡੀਕੰਪੋਜ਼ ਹੋਣਾ ਸ਼ੁਰੂ ਹੋ ਗਿਆ ਸੀ। ਇਹ ਜਾਣਕਾਰੀ ਪੁਲਿਸ ਨੇ ਦਿੱਤੀ।
ਹੋਮੀਸਾਈਡ ਡਿਟੈਕਟਿਵਜ਼ ਵੱਲੋਂ 38ਵੇਂ ਐਵਨਿਊ ਸਾਊਥ ਤੇ 31ਵੀ ਸਟਰੀਟ ਸਾਊਥ ਦੇ ਲਾਂਘੇ ਨੇੜਲੇ ਜੰਗਲੀ ਇਲਾਕੇ ਦੀ ਵੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਲੋਕਾਂ ਤੋਂ ਵੀ ਮਦਦ ਮੰਗੀ ਜਾ ਰਹੀ ਹੈ। ਸੇਂਟ ਪੀਟਰਸਬਰਗ ਪੁਲਿਸ ਪਬਲਿਕ ਇਨਫਰਮੇਸ਼ਨ ਆਫੀਸਰ ਯੋਲਾਂਡਾ ਫਰਨਾਂਡੇਜ਼ ਨੇ ਦੱਸਿਆ ਕਿ ਅਸੀਂ ਲੋਕਾਂ ਤੋਂ ਇਹ ਪੱੁਛ ਰਹੇ ਹਾਂ ਕਿ ਕਿਸੇ ਨੇ ਕੱੁਝ ਸ਼ੱਕੀ ਵਾਪਰਦਾ ਵੇਖਿਆ ਹੋਵੇ ਤਾਂ ਉਹ ਸਾਨੂੰ ਦੱਸਣ। ਉਨ੍ਹਾਂ ਆਖਿਆ ਕਿ ਸਾਨੂੰ ਥੋੜ੍ਹੀ ਬਹੁਤ ਸੂਹ ਮਿਲੀ ਹੈ ਤੇ ਅਸੀਂ ਉਸ ਦਾ ਪਤਾ ਲਾਉਣ ਦੀ ਕੋਸਿ਼ਸ਼ ਕਰ ਰਹੇ ਹਾਂ।
ਉਸ ਸਿਰ ਦੀ ਹਾਲਤ ਵੇਖ ਕੇ ਪੁਲਿਸ ਮ੍ਰਿਤਕ ਵਿਅਕਤੀ ਦੀ ਉਮਰ, ਲਿੰਗ ਜਾਂ ਨਸਲ ਬਾਰੇ ਯਕੀਨ ਨਾਲ ਕੱੁਝ ਆਖ ਨਹੀਂ ਪਾ ਰਹੀ। ਪੁਲਿਸ ਦਾ ਮੰਨਣਾ ਹੈ ਕਿ ਇਹ ਸੱਭ ਪਿਛਲੇ 48 ਘੰਟਿਆਂ ਦੌਰਾਨ ਹੀ ਵਾਪਰਿਆ ਹੈ ਕਿਉਂਕਿ ਜੌਗਰ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਐਤਵਾਰ ਨੂੰ ਵੀ ਇਸ ਇਲਾਕੇ ਵਿੱਚੋਂ ਲੰਘੀ ਸੀ ਤੇ ਉਸ ਸਮੇਂ ਕੁਝ ਵੀ ਗੜਬੜੀ ਵਾਲਾ ਨਜ਼ਰ ਨਹੀਂ ਸੀ ਆਇਆ। ਪੁਲਿਸ ਨੇ ਦੱਸਿਆ ਕਿ ਇਹ ਸਿਰ ਸਵੇਰੇ 7:00 ਵਜੇ ਘਾਹ ਵਿੱਚ ਪਿਆ ਮਿਲਿਆ। ਪੁਲਿਸ ਨੇ ਦੱਸਿਆ ਕਿ ਨੇੜੇ ਕਿਤੇ ਵੀ ਵੀਡੀਓ ਸਰਵੇਲੈਂਸ ਵੀ ਨਹੀਂ ਮਿਲ ਸਕਦੀ।
ਮੈਡੀਕਲ ਐਗਜ਼ਾਮਿਨਰ ਵੱਲੋਂ ਮੌਤ ਦੇ ਸਮੇਂ ਬਾਰੇ ਪਤਾ ਲਾਇਆ ਜਾਵੇਗਾ ਤੇ ਇਹ ਵੀ ਪਤਾ ਕੀਤਾ ਜਾਵੇਗਾ ਕਿ ਇਹ ਸਿਰ ਕਦੋਂ ਤੋਂ ਉੱਥੇ ਪਿਆ ਸੀ। ਪਰ ਫਰਨਾਂਡੇਜ਼ ਨੇ ਆਖਿਆ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਸਬੰਧਤ ਵਿਅਕਤੀ ਦੀ ਮੌਤ ਉਸ ਥਾਂ ਉੱਤੇ ਹੋਈ ਸੀ।