ਡੇਰਾ ਮੁਖੀ ਗੁਰਮੀਤ ਸਿੰਘ ਨੇ ਸੁਨਾਰੀਆ ਜੇਲ੍ਹ ਤੋਂ ਡੇਰਾ ਪੈਰੋਕਾਰਾਂ ਨੂੰ ਚਿੱਠੀ ਭੇਜੀ ਹੈ। ਇਹ ਪੱਤਰ ਐਤਵਾਰ ਨੂੰ ਡੇਰਾ ਸੱਚਾ ਸੌਦਾ ਹੈੱਡਕੁਆਰਟਰ ‘ਚ ਹੋਈ ਨਾਮ ਚਰਚਾ ‘ਚ ਪੜ੍ਹ ਕੇ ਸੁਣਾਇਆ। ਇਸ ਦੇ ਨਾਲ ਹੀ ਇਹ ਪੱਤਰ ਡੇਰਾ ਸੱਚਾ ਸੌਦਾ ਨਾਲ ਸਬੰਧਤ ਇੰਟਰਨੈੱਟ ਸਾਈਟਾਂ ‘ਤੇ ਵੀ ਵਾਇਰਲ ਕੀਤਾ ਗਿਆ ਸੀ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ‘ਚ ਡੇਰਾ ਮੁਖੀ ਵੱਲੋਂ ਭੇਜੇ ਇਸ ਪੱਤਰ ‘ਚ ਡੇਰਾ ਮੁਖੀ ਨੇ ਲਿਖਿਆ ਹੈ ਕਿ ਉਸ ਨੇ ਕਦੇ ਕਿਸੇ ਧਰਮ ਦੀ ਨਿੰਦਾ, ਬੇਅਦਬੀ ਜਾਂ ਬੁਰਾਈ ਕਰਨ ਦੀ ਕਲਪਨਾ ਵੀ ਨਹੀਂ ਕੀਤੀ, ਸਗੋਂ ਉਹ ਆਪ ਸਭ ਧਰਮਾਂ ਦਾ ਸਤਿਕਾਰ ਕਰਦਾ ਹੈ ਤੇ ਸਾਰਿਆਂ ਦਾ ਸਤਿਕਾਰ ਕਰਨ ਦੀ ਸਿੱਖਿਆ ਦਿੰਦਾ ਹੈ।
ਡੇਰਾ ਮੁਖੀ ਨੇ ਲਿਖਿਆ ਕਿ ਗੁਰੂਗ੍ਰਾਮ ਆਸ਼ਰਮ ‘ਚ 21 ਦਿਨ ਦੀ ਛੁੱਟੀ ਕੱਟੀ ਪਰ ਉਨ੍ਹਾਂ ਦਾ ਧਿਆਨ ਹਮੇਸ਼ਾ ਡੇਰਾ ਪੈਰੋਕਾਰਾਂ ‘ਤੇ ਰਿਹਾ। ਉਨ੍ਹਾਂ ਨੇ ਗੁਰੂਗ੍ਰਾਮ ਵਿੱਚ ਡੇਰਾ ਪੈਰੋਕਾਰਾਂ ਵੱਲੋਂ ਚਲਾਈ ਗਈ ਸਫ਼ਾਈ ਮੁਹਿੰਮ ਦੀ ਸ਼ਲਾਘਾ ਕੀਤੀ। ਰੂਸ ਤੇ ਯੂਕਰੇਨ ਵਿਚਕਾਰ ਜੋ ਜੰਗ ਚੱਲ ਰਹੀ ਹੈ, ਉਸ ਨੂੰ ਖ਼ਤਮ ਕਰੋ ਅਤੇ ਉੱਥੇ ਸ਼ਾਂਤੀ ਬਣਾਈ ਰੱਖੋ। ਡੇਰਾ ਮੁਖੀ ਨੇ ਪੈਰੋਕਾਰਾਂ ਨੂੰ ਜੰਗ ਖ਼ਤਮ ਕਰਨ ਲਈ ਸਤਿਗੁਰੂ ਅੱਗੇ ਅਰਦਾਸ ਕਰਨ ਦਾ ਸੱਦਾ ਦਿੱਤਾ।
ਡੇਰਾ ਮੁਖੀ ਨੇ ਲਿਖਿਆ ਕਿ ਸਾਡੇ ਸਾਰੇ ਸੇਵਾਦਾਰ, ਐਡਮ ਬਲਾਕ ਦੇ ਸੇਵਾਦਾਰ, ਜਸਮੀਤ, ਚਰਨਪ੍ਰੀਤ, ਹਨੀਪ੍ਰੀਤ, ਅਮਰਪ੍ਰੀਤ ਸਾਰੇ ਇੱਕ ਹਨ ਅਤੇ ਸਾਡੇ ਕਹਿਣ ‘ਤੇ ਚੱਲਦੇ ਹਨ। ਜਸਮੀਤ, ਚਰਨਪ੍ਰੀਤ, ਹਨੀਪ੍ਰੀਤ ਤੇ ਅਮਰਪ੍ਰੀਤ ਤਿੰਨੋਂ ਸਾਨੂੰ ਇਕੱਠੇ ਰੋਹਤਕ ਛੱਡਣ ਆਏ ਅਤੇ ਚਾਰੇ ਇਕੱਠੇ ਵਾਪਸ ਚਲੇ ਗਏ। ਡੇਰਾ ਮੁਖੀ ਨੇ ਲਿਖਿਆ ਹੈ ਕਿ ਉਸ ਦੇ ਪੁੱਤਰ ਜਸਮੀਤ, ਧੀਆਂ ਚਰਨਪੀਤ ਤੇ ਅਮਰਪ੍ਰੀਤ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਉੱਚ ਸਿੱਖਿਆ ਹਾਸਲ ਕਰਨ ਲਈ ਜਾਣਗੇ।
ਡੇਰਾ ਮੁਖੀ ਨੇ ਲਿਖਿਆ ਹੈ ਕਿ ਅਪ੍ਰੈਲ ਦਾ ਮਹੀਨਾ ਡੇਰੇ ਦੀ ਸਥਾਪਨਾ ਦਾ ਮਹੀਨਾ ਹੈ। ਵਕੀਲਾਂ ਨੇ ਕਿਹਾ ਹੈ ਕਿ ਜੇਕਰ ਸਾਧ-ਸੰਗਤ ਅਪ੍ਰੈਲ ਮਹੀਨੇ ਰੋਹਤਕ ‘ਚ ਸਫ਼ਾਈ ਮੁਹਿੰਮ ਚਲਾਉਣਾ ਚਾਹੁੰਦੀ ਹੈ ਤਾਂ ਡੇਰੇ ਦੇ ਪ੍ਰਧਾਨ ਅਤੇ ਜ਼ਿੰਮੇਵਾਰ ਅਧਿਕਾਰੀ ਨੂੰ ਇਹ ਸੇਵਾ ਕਰਨੀ ਚਾਹੀਦੀ ਹੈ।