ਇਕ ਨਵੀਂ ਖੋਜ ਦੇ ਅਨੁਸਾਰ, ਜਿਨ੍ਹਾਂ ਲੋਕਾਂ ਨੂੰ ਟਾਈਪ 2 ਡਾਇਬਟੀਜ਼ ਅਤੇ ਪਛਾਣਨ ‘ਚ ਮੁਸ਼ਕਲ ਅਤੇ ਭੁੱਲਣ ਦੀ ਬਿਮਾਰੀ ਹੁੰਦੀ ਹੈ, ਉਨ੍ਹਾਂ ਵਿਚ ਸ਼ੂਗਰ ਦੇ ਦੂਜੇ ਮਰੀਜ਼ਾਂ ਦੇ ਮੁਕਾਬਲੇ ਬ੍ਰੇਨ ਸਟਰੋਕ, ਦਿਲ ਦਾ ਦੌਰਾ ਜਾਂ ਮੌਤ ਦਾ ਖਤਰਾ ਜ਼ਿਆਦਾ ਹੁੰਦਾ ਹੈ। ਇਹ ਖੋਜ ਕਲੀਨਿਕਲ ਐਂਡੋਕਰੀਨੋਲੋਜੀ ਐਂਡ ਮੈਟਾਬੋਲਿਜ਼ਮ ਦੇ ਐਂਡੋਕਰਾਈਨ ਸੁਸਾਇਟੀ ਜਰਨਲ ਵਿਚ ਪ੍ਰਕਾਸ਼ਿਤ ਹੋਈ ਹੈ। ਖੋਜਕਰਤਾਵਾਂ ਦੇ ਅਨੁਸਾਰ, ਯਾਦ ਸਬੰਧੀ ਬਿਮਾਰੀ ਉਹ ਹੁੰਦੀ ਹੈ ਜਦੋਂ ਕਿਸੇ ਵਿਅਕਤੀ ਨੂੰ ਕੁਝ ਯਾਦ ਰੱਖਣ ਵਿਚ ਮੁਸ਼ਕਲ ਆਉਂਦੀ ਹੈ। ਉਸ ਨੂੰ ਧਿਆਨ ਕੇਂਦਰਿਤ ਕਰਨ ਅਤੇ ਨਿਯਮਤ ਰੁਟੀਨ ਦੇ ਫੈਸਲੇ ਲੈਣ ਵਿਚ ਪਰੇਸ਼ਾਨੀ ਆਉਂਦੀ ਹੈ। ਅਮਰੀਕਾ ਵਿਚ ਇਕ ਕਰੋੜ 60 ਲੱਖ ਲੋਕ ਉਕਤ ਬਿਮਾਰੀ ਤੋਂ ਪੀੜਤ ਹਨ। ਬੁਢਾਪੇ ‘ਚ ਅਜਿਹੀ ਬਿਮਾਰੀ ਦਾ ਖ਼ਤਰਾ ਹੋਰ ਵੀ ਵੱਧ ਜਾਂਦਾ ਹੈ। ਇਸ ਨੂੰ ਹਲਕੇ ਤੋਂ ਗੰਭੀਰ ਲੱਛਣਾਂ ਦੇ ਨਾਲ ਦੇਖਿਆ ਜਾ ਸਕਦਾ ਹੈ, ਜੋ ਬਾਅਦ ਵਿਚ ਅਲਜ਼ਾਈਮਰ ਦਾ ਰੂਪ ਧਾਰ ਲੈਂਦੀ ਹੈ। ਟਾਈਪ 2 ਡਾਇਬਟੀਜ਼ ਵਾਲੇ ਅਜਿਹੇ 8,772 ਮਰੀਜ਼ਾਂ ‘ਤੇ ਪੰਜ ਸਾਲਾਂ ਦੀ ਖੋਜ ਦੌਰਾਨ ਇਹ ਪਾਇਆ ਗਿਆ ਕਿ ਉਨ੍ਹਾਂ ਨੂੰ ਦਿਲ ਦੇ ਦੌਰੇ ਅਤੇ ਸਟਰੋਕ ਦਾ ਜ਼ਿਆਦਾ ਖ਼ਤਰਾ ਹੈ। ਇਸ ਨਾਲ ਉਨ੍ਹਾਂ ਦੀ ਮੌਤ ਵੀ ਹੋ ਸਕਦੀ ਹੈ।