ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਦੇ ਦੋਸ਼ੀ ਗੈਂਗਸਟਰ ਗੋਲਡੀ ਬਰਾੜ ਦੇ ਕੈਲੀਫੋਰਨੀਆ ‘ਚ ਗ੍ਰਿਫ਼ਤਾਰ ਹੋਣ ਦੀ ਖ਼ਬਰ ਜਿੱਥੇ ਭਾਰਤ ਦੇ ਸਾਰੇ ਮੀਡੀਆ ਚੈਨਲਾਂ ‘ਤੇ ਚੱਲ ਰਹੀ ਹੈ, ਉੱਥੇ ਹੀ ਯੂਐੱਸਏ ਦੀ ਇਕ ਵੈੱਬਸਾਈਟ ‘ਪੰਜਾਬ ਮੇਲ’ ਮੁਤਾਬਕ ਗੋਲਡੀ ਬਰਾੜ ਦੀ ਕੈਲੀਫੋਰਨੀਆ ਸੁਰੱਖਿਆ ਦਸਤਿਆਂ ਵੱਲੋਂ ਗ੍ਰਿਫ਼ਤਾਰੀ ਸਿੱਧੂ ਮੂਸੇਵਾਲਾ ਹੱਤਿਆਕਾਂਡ ‘ਚ ਨਹੀਂ ਬਲਕਿ ਕਿਸੇ ਹੋਰ ਕੇਸ ‘ਚ ਪੁੱਛਗਿੱਛ ਲਈ ਕੀਤੀ ਗਈ ਹੈ। ਤਾਜ਼ਾ ਜਾਣਕਾਰੀ ਅਨੁਸਾਰ ਅਜੇ ਤਕ ਗੋਲਡੀ ਬਰਾੜ ਦੀ ਗ੍ਰਿਫ਼ਤਾਰੀ ਦਾ ਕੋਈ ਸਬੂਤ ਨਹੀਂ ਮਿਲਿਆ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਗੋਲਡੀ ਬਰਾੜ ਨੇ ਅਮਰੀਕਾ ‘ਚ ਸਿਆਸੀ ਸ਼ਰਨ ਲਈ ਅਪਲਾਈ ਕੀਤਾ ਹੋਇਆ ਹੈ। ਉੱਥੇ ਹੀ ਗੋਲਡੀ ਬਰਾੜ ਦੀ ਗ੍ਰਿਫ਼ਤਾਰੀ ‘ਤੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਉਨ੍ਹਾਂ ਕੋਲ ਅਜੇ ਪੱਕੀ ਖ਼ਬਰ ਨਹੀਂ ਆਈ ਹੈ, ਇਹ ਸਿਰਫ਼ ਮੀਡੀਆ ਰਿਪੋਰਟਸ ਹਨ। ਪਰ ਜੇਕਰ ਇਹ ਸੱਚ ਹੈ ਤਾਂ ਪੀੜਤ ਪਰਿਵਾਰ ਲਈ ਇਹ ਵੱਡੀ ਰਾਹਤ ਵਾਲੀ ਖ਼ਬਰ ਹੈ।
ਗੋਲਡੀ ਬਰਾੜ ਦੀ ਹਵਾਲਗੀ ਵੱਡੀ ਚੁਣੌਤੀ
ਇਹ ਵੀ ਸਵਾਲ ਉੱਠ ਰਹੇ ਹਨ ਕਿ ਕੀ ਭਾਰਤ ਸਰਕਾਰ ਗੋਲਡੀ ਬਰਾੜ ਨੂੰ ਇੱਥੇ ਲਿਆ ਸਕੇਗੀ? ਕਿਉਂਕਿ ਕਾਲੇ ਦੌਰ ਦੀ ਗੱਲ ਕਰੀਏ ਤਾਂ ਉਸ ਵੇਲੇ ਵੀ ਕਈ ਖਾੜਕੂ ਜਾਂ ਗਰਮ ਦਲੀਏ ਦੇਸ਼ ਛੱਡ ਕੇ ਵਿਦੇਸ਼ਾਂ ‘ਚ ਸਿਆਸੀ ਸ਼ਰਨ ਲੈਣ ‘ਚ ਕਾਮਯਾਬ ਹੋ ਗਏ ਤੇ ਅੱਜ ਤਕ ਸਰਕਾਰ ਦੇ ਹੱਥ ਕੁਝ ਨਹੀਂ ਲੱਗ ਸਕਿਆ। ਇਸ ਲਈ ਗੋਲਡੀ ਬਰਾੜ ਦੀ ਭਾਰਤ ਹਵਾਲਗੀ ਆਪਣੇ-ਆਪ ‘ਚ ਸਰਕਾਰ ਲਈ ਵੱਡੀ ਚੁਣੌਤੀ ਹੈ। ਗੋਲਡੀ ਬਰਾੜ ਨੂੰ ਕੈਲੀਫੋਰਨੀਆ ਤੋਂ ਗ੍ਰਿਫ਼ਤਾਰ ਕਰਨ ਲਈ ਪੁਲਿਸ ਨੂੰ ਇੰਟਰਪੋਲ ਦੀ ਮਦਦ ਲੈਣੀ ਪਵੇਗੀ। ਜਿੰਨਾ ਚਿਰ ਇਸ ਸੰਬੰਧੀ ਪੂਰੀ ਕਾਗਜ਼ੀ ਕਾਰਵਾਈ ਮੁਕੰਮਲ ਨਹੀਂ ਹੋ ਜਾਂਦੀ, ਗੋਲਡੀ ਨੂੰ ਕਿਸੇ ਵੀ ਦੇਸ਼ ਦੀ ਪੁਲਿਸ ਹੱਥ ਨਹੀਂ ਪਾ ਸਕੇਗੀ।
ਮੂਸੇਵਾਲਾ ਦੇ ਪਿਤਾ ਨੇ ਕੀਤਾ- ਗੋਲਡੀ ਨੂੰ ਫੜਨ ਵਾਲੇ ਨੂੰ 2 ਕਰੋੜ ਦੇਣ ਦਾ ਐਲਾਨ
ਉੱਥੇ ਹੀ ਵੀਰਵਾਰ ਨੂੰ ਅੰਮ੍ਰਿਤਸਰ ‘ਚ ਇਕ ਸਮਾਗਮ ਦੌਰਾਨ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਸੀ ਕਿ ਉਹ ਗੋਲਡੀ ਬਰਾੜ ‘ਤੇ ਇਨਾਮ ਰੱਖੇ। ਜਿਹੜਾ ਵੀ ਉਸ ਨੂੰ ਫੜ ਕੇ ਲਿਆਵੇ ਉਸ ਨੂੰ 2 ਕਰੋੜ ਰੁਪਏ ਦੇਣ ਦਾ ਐਲਾਨ ਕਰੇ ਤੇ ਇਹ ਰਕਮ ਉਹ ਆਪਣੀ ਜੇਬ ‘ਚੋਂ ਸਰਕਾਰ ਨੂੰ ਦੇਣਗੇ…ਫਿਰ ਚਾਹੇ ਇਸ ਦੇ ਲਈ ਉਨ੍ਹਾਂ ਨੂੰ ਜ਼ਮੀਨ ਕਿਉਂ ਨਾ ਵੇਚਣੀ ਪਵੇ। ਉਨ੍ਹਾਂ ਭਾਵੁਕ ਹੁੰਦਿਆਂ ਕਿਹਾ ਕਿ ਸਰਕਾਰ ਚਾਹੇ ਉਨ੍ਹਾਂ ਨੂੰ ਸੁਰੱਖਿਆ ਦੇਵੇ ਨਾ ਦੇਵੇ ਪਰ ਉਨ੍ਹਾਂ ਦੇ ਪੁੱਤਰ ਦੇ ਕਾਤਲ ਗੋਲਡੀ ਬਰਾੜ ਨੂੰ ਜ਼ਰੂਰ ਫੜ ਲਵੇ।
ਗੋਲਡੀ ਬਰਾੜ ਨੇ ਲਈ ਸੀ ਹੱਤਿਆ ਦੀ ਜ਼ਿੰਮੇਵਾਰੀ
ਜ਼ਿਕਰਯੋਗ ਹੈ ਕਿ 29 ਮਈ 2022 ਨੂੰ ਮਸ਼ਹੂਰ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਉਰਫ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਗੋਲਡੀ ਬਰਾੜ ਨੇ ਉਸ ਦੀ ਕਤਲ ਦੀ ਜ਼ਿੰਮੇਵਾਰੀ ਲਈ ਸੀ। ਇਸ ਕੇਸ ‘ਚ ਪੁਲਿਸ ਵੱਲੋਂ ਹੋਰ ਵੀ ਬਹੁਤ ਸਾਰੇ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਕੁੱਝ ਪੁਲਿਸ ਮੁਕਾਬਲਿਆਂ ਵਿਚ ਮਾਰੇ ਵੀ ਗਏ ਸਨ।