ਵਿਜੈਵਾੜਾ ਦੀ 22 ਸਾਲਾ ਬੇਕਿੰਗ ਮਾਹਿਰ ਜਸਵੀਨ ਕੌਰ ‘ਮਾਸਟਰਸ਼ੈੱਫ਼ ਇੰਡੀਆ ਤੇਲਗੂ’ ਸ਼ੋਅ ਦੇ ਫਾਈਨਲ ’ਚ ਪੁੱਜ ਗਈ ਹੈ। ਇਸ ਦੌਰਾਨ ਉਸ ਨੇ ਦੱਸਿਆ ਕਿ ਉਸ ਨੇ ਇੱਕ ਪੰਜਾਬੀ ਹੁੰਦਿਆਂ ਕਿਵੇਂ ਵਿਜੈਵਾੜਾ ਦੇ ਸੱਭਿਆਚਾਰ ’ਚ ਖ਼ੁਦ ਨੂੰ ਢਾਲਦਿਆਂ ਤੇਲਗੂ ਖਾਣਿਆਂ ਦੇ ਸਵਾਦ ਅਤੇ ਪਰੰਪਰਾਵਾਂ ਨੂੰ ਨਵੇਂ ਰੰਗ ’ਚ ਪੇਸ਼ ਕੀਤਾ। ਜਸਵੀਨ ਕੌਰ, ਬੇਕਿੰਗ ਲਈ ਆਪਣੇ ਉਤਸ਼ਾਹ ਅਤੇ ਜਨੂੰਨ ਲਈ ਮਸ਼ਹੂਰ ਹੈ। ਉਸ ਨੇ ਦੱਸਿਆ ਕਿ ਵਿਜੈਵਾੜਾ ਦੇ ਸੱਭਿਆਚਾਰ ’ਚ ਆਪਣੇ-ਆਪ ਨੂੰ ਢਾਲਦਿਆਂ ਤੇਲਗੂ ਖਾਣਿਆਂ ਦੇ ਸਵਾਦ ਅਤੇ ਪਰੰਪਰਾਵਾਂ ਨੂੰ ਅਪਣਾਉਂਦਿਆਂ ਇੱਕ ਪੰਜਾਬੀ ਵਜੋਂ ਉਸ ਨੂੰ ਬਹੁਤ ਖੁਸ਼ੀ ਮਿਲੀ ਹੈ। ਉਸ ਨੇ ਦੱਸਿਆ ਕਿ ‘ਮਾਸਟਰਸ਼ੈੱਫ ਇੰਡੀਆ ਤੇਲਗੂ’ ਵਿੱਚ ‘ਟੌਪ 5’ ਦਾ ਹਿੱਸਾ ਬਣਨਾ ਉਸ ਲਈ ਇੱਕ ਸੁਪਨਾ ਸੱਚ ਹੋਣ ਜਿਹਾ ਹੀ ਨਹੀਂ ਸਗੋਂ ਇਹ ਉਸ ਦੇ ਜਨੂੰਨ ਅਤੇ ਪਰਿਵਾਰ ਦੇ ਸਮਰਥਨ ਦੀ ਜਿੱਤ ਹੈ। ਉਸ ਨੇ ਕਿਹਾ ਕਿ ਉਹ ਮਾਸਟਰਸ਼ੈੱਫ ਇੰਡੀਆ ਤੇਲਗੂ ਰਾਹੀਂ ਆਪਣੇ ਜੀਵਨ ਦੀ ਯਾਤਰਾ ਦੌਰਾਨ ਤੇਲਗੂ ਖਾਣਿਆਂ ਪ੍ਰਤੀ ਆਪਣੇ ਪਿਆਰ ਨੂੰ ਪ੍ਰਦਰਸ਼ਿਤ ਕਰਨ ਲਈ ਉਤਸ਼ਾਹਿਤ ਹੈ। ਜਸਵੀਨ ਨੇ ਕਿਹਾ ਕਿ ਉਸ ਨੇ ਆਪਣੇ ਸਵਾਦੀ ਖਾਣਿਆਂ ਨਾਲ ਸ਼ੋਅ ਦੇ ਜੱਜਾਂ ਨੂੰ ਵੀ ਮੰਤਰ-ਮੁਗਧ ਕਰ ਦਿੱਤਾ। ਉਸ ਨੇ ‘ਮਾਸਟਰਸ਼ੈੱਫ ਇੰਡੀਆ ਤੇਲਗੂ’ ਦੇ ਸਫ਼ਰ ਬਾਰੇ ਜਾਣਕਾਰੀ ਦਿੱਤੀ। ਇਸ ਮੁਕਾਬਲੇ ਦੇ ਹੋਰ ਫਾਈਨਲਿਸਟਾਂ ’ਚ ਅਨੰਤਪੁਰ ਤੋਂ ਬਿਨ ਬਾਸ਼ਾ, ਤਨੁਕੂ ਤੋਂ ਰਵੀ ਪ੍ਰਕਾਸ਼ ਚੰਦਰਨ, ਮਦਨਪੱਲੀ ਤੋਂ ਅਸ਼ਿਵਨੀ ਅਤੇ ਵਿਜ਼ਾਗ ਤੋਂ ਸ਼ਿਆਮ ਗੋਪੀਸੇਟੀ ਸ਼ਾਮਲ ਹਨ। ‘ਮਾਸਟਰਸ਼ੈੱਫ ਇੰਡੀਆ ਤੇਲਗੂ’ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸੋਨੀ ਲਿਵ ’ਤੇ ਬਾਅਦ ਦੁਪਹਿਰ 1 ਵਜੇ ਪ੍ਰਸਾਰਿਤ ਹੁੰਦਾ ਹੈ।