ਓਨਟਾਰੀਓ : ਪ੍ਰੋਵਿੰਸ ਵਿੱਚ ਕੋਵਿਡ-19 ਮਾਮਲੇ ਘਟਣ ਤੋਂ ਬਾਅਦ ਪ੍ਰੀਮੀਅਰ ਡੱਗ ਫੋਰਡ ਵੱਲੋਂ ਰਿਟੇਲ ਸਟੋਰਜ਼, ਪਾਰਕ, ਕਾਟੇਜਰਜ਼ ਮੁੜ ਖੋਲ੍ਹਣ ਦੀ ਤਿਆਰੀ ਕੀਤੇ ਜਾਣ ਬਾਰੇ ਦੱਸਿਆ।
ਜਿ਼ਕਰਯੋਗ ਹੈ ਕਿ ਸੋਮਵਾਰ ਨੂੰ ਓਨਟਾਰੀਓ ਵਿੱਚ ਕੋਵਿਡ-19 ਦੇ 370 ਨਵੇਂ ਮਾਮਲੇ ਸਾਹਮਣੇ ਆਏ, ਜਿਸ ਨਾਲ ਇੱਕ ਦਿਨ ਪਹਿਲਾਂ ਨਾਲੋਂ ਪ੍ਰੋਵਿੰਸ਼ੀਅਲ ਟੋਟਲ 2.1 ਫੀ ਸਦੀ ਵਧ ਗਿਆ। ਇਸ ਦੌਰਾਨ 84 ਮੌਤਾਂ ਵੀ ਦਰਜ ਕੀਤੀਆਂ ਗਈਆਂ। ਓਨਟਾਰੀਓ ਵਿੱਚ ਹੁਣ ਕੱੁਲ 17,923 ਮਾਮਲੇ ਹਨ ਜਿਨ੍ਹਾਂ ਵਿੱਚੋਂ 1300 ਲੋਕ ਮਾਰੇ ਜਾ ਚੁੱਕੇ ਹਨ ਜਦਕਿ 12505 ਠੀਕ ਹੋ ਚੱੁਕੇ ਹਨ। ਇਹ ਕੱੁਲ ਮਾਮਲਿਆਂ ਦਾ 70 ਫੀ ਸਦੀ ਬਣਦੇ ਹਨ।
ਲੋਕਾਂ ਨੂੰ ਹਸਪਤਾਲ ਦਾਖਲ ਕਰਨ ਦਾ ਸਿਲਸਿਲਾ ਘਟਿਆ ਹੈ, ਜਿਸ ਤੋਂ ਮਾਮਲਿਆਂ ਵਿੱਚ ਆਈ ਗਿਰਾਵਟ ਦਾ ਪਤਾ ਲੱਗਦਾ ਹੈ। ਇੰਟੈਸਿਵ ਕੇਅਰ ਵਿੱਚ ਵੀ ਹੁਣ ਘੱਟ ਲੋਕ ਹਨ। ਹਾਲਾਂਕਿ ਵੈਂਟੀਲੇਟਰਜ਼ ਉੱਤੇ ਰਹਿਣ ਵਾਲੇ ਲੋਕਾਂ ਦੀ ਗਿਣਤੀ ਮੁਕਾਬਲਤਨ ਸਥਿਰ ਹੈ। ਫੋਰਡ ਨੇ ਆਖਿਆ ਕਿ ਜੇ ਮੌਜੂਦਾ ਰੁਝਾਨ ਬਣਿਆ ਰਿਹਾ ਤਾਂ ਓਨਟਾਰੀਓ ਜਲਦ ਹੀ ਰੀਓਪਨਿੰਗ ਸੁ਼ਰੂ ਕਰ ਦੇਵੇਗਾ। ਉਨ੍ਹਾਂ ਆਖਿਆ ਕਿ ਇਸ ਨਾਲ ਸਾਨੂੰ ਪਾਰਕਸ ਖੋਲ੍ਹਣ ਤੇ ਕਰਬਸਾਈਡ ਪਿਕਅੱਪ ਲਈ ਰਿਟੇਲ ਸਟੋਰਜ਼ ਖੋਲ੍ਹਣ ਦਾ ਵਿਸ਼ਵਾਸ ਮਿਲਿਆ।
ਫੋਰਡ ਨੇ ਆਖਿਆ ਕਿ ਇਸ ਤੋਂ ਸਾਨੂੰ ਪਤਾ ਲੱਗਿਆ ਕਿ ਅਸੀਂ ਸਹੀ ਰਾਹ ਉੱਤੇ ਚੱਲ ਰਹੇ ਹਾਂ। ਉਨ੍ਹਾਂ ਆਖਿਆ ਕਿ ਰਿਟੇਲ ਸਟੋਰਜ਼ ਨੂੰ ਖੋਲ੍ਹਣ ਦੀ ਤਿਆਰੀ ਕਰ ਲੈਣੀ ਚਾਹੀਦੀ ਹੈ। ਭਾਵੇਂ ਤਿੰਨ, ਚਾਰ ਜਾਂ ਦੋ ਹਫਤੇ ਦਾ ਸਮਾਂ ਲੱਗੇ, ਮਾਸਕ ਵਗੈਰਾ ਨਾਲ ਤਿਆਰੀ ਰੱਖਣੀ ਚਾਹੀਦੀ ਹੈ। ਪ੍ਰੀਮੀਅਰ ਨੇ ਇਹ ਵੀ ਆਖਿਆ ਕਿ ਮੇਅ ਦੇ ਲਾਂਗ ਵੀਕੈਂਡ ਦੇ ਸਬੰਧ ਵਿੱਚ ਉਹ ਇਸ ਹਫਤੇ ਕਾਟੇਜ ਕੰਟਰੀ ਮੇਅਰਜ਼ ਨਾਲ ਵੀ ਗੱਲ ਕਰਨਗੇ।