ਨਵੀਂ ਦਿੱਲੀ- ਦੇਸ਼ ਕੋਰੋਨਾ ਦੇ ਓਮੀਕਰੋਨ ਵੇਰੀਐਂਟ ਦੀ ਲਹਿਰ ਨਾਲ ਜੂਝ ਰਿਹਾ ਹੈ ਪਰ ਜਲਦੀ ਹੀ ਕੋਰੋਨਾ ਦੀ ਇਹ ਤੀਜੀ ਲਹਿਰ ਰੁਕਣ ਲੱਗੇਗੀ। ਸਰਕਾਰ ਦੇ ਅਧਿਕਾਰਿਤ ਸੂਤਰਾਂ ਨੇ ਸੋਮਵਾਰ ਨੂੰ ਕਿਹਾ ਕਿ ਕੁਝ ਸੂਬਿਆਂ ਤੇ ਮੈਟਰੋ ਸਟੇਸ਼ਨਾਂ ਵਿਚ ਮਾਮਲੇ ਘੱਟ ਤੇ ਸਥਿਰ ਹੋਣ ਲੱਗੇ ਹਨ। ਇਸ ਵਿਚ ਟੀਕਾਕਰਨ ਦਾ ਵੱਡਾ ਯੋਗਦਾਨ ਹੈ। ਕੋਵਿਡ-19 ਰੋਕੂ ਟੀਕਾਕਰਨ ਨੇ ਕੋਰੋਨਾ ਦੀ ਤੀਜੀ ਲਹਿਰ ਦੇ ਅਸਰ ਨੂੰ ਘੱਟ ਕਰ ਦਿੱਤਾ ਹੈ। ਦੇਸ਼ ਵਿਚ ਰੋਜ਼ਾਨਾ ਕੋਵਿਡ-19 ਵਿਚ 15 ਫਰਵਰੀ ਦੇ ਬਾਅਦ ਗਿਰਾਵਟ ਆਉਣੀ ਸ਼ੁਰੂ ਹੋ ਜਾਵੇਗੀ।
ਇਸ ਤੋਂ ਪਹਿਲਾਂ ਭਾਰਤੀ ਸਾਰਸ-ਕੋਵ-2 ਜੀਮੋਮਿਕਸ ਕੰਸੋਰਟਿਅਮ ਨੇ ਵੀ ਸਾਫ ਕੀਤਾ ਹੈ ਕਿ ਦੇਸ਼ ਵਿਚ ਓਮੀਕਰੋਨ ਵੇਰੀਐਂਟ ਕਮਿਊਨਿਟੀ ਟ੍ਰਾਂਸਮਿਸ਼ਨ ਦੇ ਪੜਾਅ ਵਿਚ ਹੈ। ਇਹ ਕਈ ਮਹਾਨਗਰਾਂ ਵਿਚ ਅਸਰਦਾਰ ਹੋ ਗਿਆ ਹੈ, ਜਿਥੇ ਇਨਫੈਕਸ਼ਨ ਦੇ ਨਵੇਂ ਮਾਮਲੇ ਤੇਜ਼ੀ ਨਾਲ ਵਧੇ ਹਨ। ਉਥੇ ਹੀ ਮਾਹਰਾਂ ਦਾ ਕਹਿਣਾ ਹੈ ਕਿ ਕੋਰੋਨਾ ਦੀ ਇਹ ਲਹਿਰ ਮੈਟਰੋ ਸ਼ਹਿਰਾਂ ਦੇ ਬਾਅਦ ਕੁਝ ਹੀ ਹਫਤਿਆਂ ਵਿਚ ਛੋਟੇ ਸਹਿਰਾਂ ਤੇ ਪਿੰਡਾਂ ਦਾ ਰੁਖ ਕਰੇਗੀ ਤੇ ਹੌਲੀ-ਹੌਲੀ ਖਤਮ ਹੋਣ ਵੱਲ ਵਧੇਗੀ।