ਬਾਣੀ ਦੇ ਬੋਹਿਥ, ਸਾਂਤੀ ਦੇ ਸੋਮੇ, ਸ਼ਹੀਦਾ ਦੇ ਸਿਰਤਾਜ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਦੀ ਸਿਫ਼ਤ ਕਰਦਿਆ ਭੱਟਾਂ ਨੇ ਬੜੇ ਸਰਧਾ ਨਾਲ ਭਰਪੂਰ ਸ਼ਬਦ ਉਚਾਰਣ ਕੀਤੇ ਹਨ ‘ਜਬ ਲਉ ਨਹੀਂ ਭਾਗ ਲਿਲਾਰ ਉਦੈ ਤਬ ਲਉ ਭ੍ਰਮਤੇ ਫਿਰਤੇ ਬਹੁ ਧਾਯਉੁ£ ਤਤ ਬਿਚਾਰੁ ਯਹੈ ਮਥੁਰਾ ਜਗ ਤਾਰਨ ਕਉ ਅਵਤਾਰ ਬਨਾਯਉ£ ਜਪਉ ਜਿਨ ਅਰਜੁਨ ਦੇਵ ਗੁਰੂ ਫਿਰਿ ਸੰਕਟ ਜੋਨਿ ਗਰਭ ਨ ਆਯਉ£ ਭੱਟ ਮਥੁਰਾ ਜੀ ਬਿਆਨ ਕਰਦੇ ਹਨ ਕਿ ਇਹ ਗੱਲ ਪੂਰੀ ਵਿਚਾਰ ਲਈ ਹੈ ਕਿ ਜਿਸ ਕਿਸੇ ਨੇ ਵੀ ਗੁਰੂ ਅਰਜੁਨ ਦੇਵ ਜੀ ਨੂੰ ਜਪ ਲਿਆ ਉਹ ਜੀਵ ਨੂੰ ਪਰਤ ਕੇ ਜਨਮ ਮਰਣ ਦੇ ਗੇੜ ਵਿੱਚ ਨਹੀਂ ਆਉਦਾ ਪਿਆ ਗੁਰੂ ਅਰਜੁਨ ਦੇਵ ਜੀ ਧਰਤੀ ਤੇ ਆਏ ਹੀ ਜੱਗ ਨੂੰ ਤਾਰਣ ਲਈ ਸਨ। ਭੱਟ ਮਥੁਰਾ ਜੀ ਨੇ ਗੁਰੂ ਅਰਜਨ ਦੇਵ ਜੀ ਨੂੰ ਸਾਖਿਆਤ ਕਿਹਾ ਕਿ ਗੁਰੂ ਅਰਜਨ ਦੇਵ ਜੀ ਅਤੇ ਅਕਾਲ ਪੁਰਖ ਵਿੱਚ ਕੋਈ ਫਰਕ ਨਹੀ। ‘ਭਨਿ ਮਥੁਰਾ ਕਛੁ ਭੇਦ ਨਹੀਂ ਗੁਰ ਅਰਜੁਨ ਪਰਤਖ੍ਹ ਹਰਿ£ ਉਸ ਮਹਾਨ ਗੁਰੂ ਜੀ ਦਾ ਸ਼ਹੀਦੀ ਦਿਹਾੜਾ ਪੂਰੀ ਦੁਨੀਆ ਵਿੱਚ ਪੂਰੀ ਸ਼ਰਧਾ ਭਾਵਨਾ ਸਤਿਕਾਰ ਸਾਹਿਤ ਮਨਾਇਆ ਜਾ ਰਿਹਾ ਹੈ। ਗੁਰੂ ਅਰਜੁਨ ਦੇਵ ਜੀ ਦੀ ਲਾਸ਼ਾਨੀ ਸ਼ਹਾਦਤ ਸਬੰਧੀ ਇੱਕ ਵੀ ਅੱਖਰ ਲਿਖਣ ਤੋਂ ਪਹਿਲਾ ਮੇਰੇ ਜ਼ਿਹਨ ਵਿੱਚ ਭਗਤ ਕਬੀਰ ਜੀ ਬਾਣੀ ਆਈ। ‘ਕਬੀਰ ਸਾਤ ਸਮੁੰਦਹਿ ਮਸੁ ਕਰਉ ਕਲਮ ਕਰਉ ਬਨਰਾਇ£ ਬਸੁਧਾ ਕਾਗਦੁ ਜਉ ਕਰਉ ਹਰਿ ਜਸੁ ਲਿਖਨੁ ਨ ਜਾਇ£ ਭਾਵ ਸੱਤ ਸਮੁੰਦਰਾ ਦੀ ਸਿਆਹੀ ਹੋਵੇ ਸਾਰੇ ਰੁੱਖਾਂ ਦੀਆਂ ਕਲਮਾਂ ਘੜੀਆ ਜਾਣ ਅਤੇ ਸਾਰੀ ਧਰਤੀ ਕਾਗਜ ਦੀ ਜਗ੍ਹਾਂ ਵਰਤੀ ਜਾਵੇ ਫਿਰ ਵੀ ਭੀ ਗੁਰੂ ਜੀ ਦਾ ਜਸ ਨਹੀਂ ਲਿਖਿਆ ਜਾ ਸਕਦਾ। ਸ਼ਹੀਦਾਂ ਦੇ ਸਿਰਤਾਜ ਦੀ ਗੱਲ ਕਰਨ ਤੋਂ ਪਹਿਲਾਂ ਵਿਚਾਰੀਏ ਕਿ ਸ਼ਹੀਦ ਕਿਸਨੂੰ ਕਹਿੰਦੇ ਹਨ ਸ਼ਹੀਦ ਅਰਬੀ ਭਾਸ਼ਾ ਦਾ ਸ਼ਬਦ ਹੈ ਜਿਸਦੇ ਅੱਖਰੀ ਅਰਥ ਹਨ ਗਵਾਹੀ ਦੇਣ ਵਾਲਾ। ਸ਼ਹੀਦ ਦਾ ਦਰਜ਼ਾ ਉਨ੍ਹਾਂ ਮਹਾਨ ਆਤਮਾਵਾਂ ਨੂੰ ਦਿੱਤਾ ਜਾਂਦਾ ਹੈ ਜਿਹੜੇ ਦੇਸ਼ ਤੋਂ ਧਰਮ ਅਤੇ ਗਰੀਬ ਮਜਲੁਮਾ ਤੇ ਹੋ ਰਹੇ ਅੱਤਿਆਚਾਰ ਖਿਲਾਫ ਲੜਦੇ ਹੋਏ ਆਪਣੇ ਸਰੀਰ ਤੱਕ ਦਾ ਬਲੀਦਾਨ ਦੇ ਦੇਣ, ਇਸ ਲਈ ਉਨ੍ਹਾਂ ਨੂੰ ਭਾਵੇ ਤੱਤੀ ਤਵੀ ਤੇ ਬੈਠਣਾ, ਆਰਿਆ ਹੇਠ ਚੀਰੇ ਜਾਣਾ, ਬੰਦ ਬੰਦ ਕਟਵਾਉਣਾ ਜਾਂ ਖੋਪਰ ਉਤਰਵਾਉਣਾ ਕਿਉ ਨਾ ਪੈ ਜਾਵੇ। ਗੁਰੂ ਅਰਜੁਨ ਦੇਵ ਜੀ ਦੀ ਸ਼ਹੀਦੀ ਤੋਂ ਪਹਿਲਾਂ ਵੀ ਇਤਿਹਾਸ ਮੁਤਾਬਿਕ ਕਈ ਸ਼ਹੀਦ ਹੋਏ ਪਰ ਕਿਸੇ ਵੀ ਸ਼ਹੀਦ ਦੇ ਨਾਮ ਨਾਲ ਸਿਰਤਾਜ ਸ਼ਬਦ ਨਹੀਂ ਲਾਇਆ ਗਿਆ। ਇੱਥੇ ਮੈਂ ਬਹੁਤ ਹੀ ਸੂਝਵਾਨ ਪ੍ਰਿੰਸੀਪਲ ਗੰਗਾ ਸਿੰਘ ਜੀ ਦੀਆਂ ਲਿਖੀਆ ਸਤਰਾਂ ਸਾਝੀਆਂ ਕਰਨੀਆਂ ਚਾਹੁੰਦਾ ਹਾਂ। ਜਿਸ ਵਿੱਚ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਘਟਨਾ ਬਾਰੇ ਬੜਾ ਸੁੰਦਰ ਲਿਖਿਆ ਗਿਆ ਹੈ ”ਅਗਨੀ ਆਪ ਜਲਾਈ ਸ਼ੇਕ ਇਸ਼ਕ ਦਾ ਸੀ ਲਾਇਆ, ਰਾਹੀ ਗੀਤ ਗਾ ਕੇ ਤੁਰ ਗਿਆ, ਜਿਸ ਸੱਚ ਕਰ ਦਿਖਲਾਇਆ। ਲੋਹ ਲਾਲ ਤੇ ਆਸਣ ਜਮਾ, ਵੱਟ ਨ ਮੱਥੇ ਪਾਇਆ। ਤੱਕ ਲਉ ਉਹ ਪੁਤਲਾ ਪ੍ਰੇਮ ਦਾ, ਅਰਜਨ ਗੁਰੂ ਮਹਾਰਾਜ ਹੈ। ਮਿਲ ਸਭ ਸ਼ਹੀਦਾਂ ਨੇ ਕਿਹਾ, ਸਾਡਾ ਇਹ ਸਿਰਤਾਜ ਹੈ ਭਾਵੇ ਕਿ ਗੁਰੂ ਜੀ ਦੀ ਸ਼ਹੀਦੀ ਤੋਂ ਪਹਿਲਾਂ ਵੀ ਕਈ ਰੱਬ ਦੇ ਪਿਆਰਿਆ ਦਾ ਅੱਗ ਨਾਲ ਵਾਹ ਪਿਆ ਜਿਨ੍ਹਾਂ ਵਿੱਚੋਂ ਇਸਲਾਮ ਮੱਤ ਵਿੱਚ ਅੱਲਾ ਨੂੰ ਪਿਆਰ ਕਰਨ ਵਾਲੇ ਹਜ਼ਰਤ ਇਬਰਾਹਿਮ ਨੂੰ ਉਸ ਸਮੇ ਦੇ ਬਾਦਸ਼ਾਹ ਮਰਦੂਦ ਨੇ ਕਿਹਾ ਜੇ ਤੂੰ ਅੱਲਾ ਦਾ ਹਿਤਾਇਸੀ ਹੈ ਤੇਰਾ ਅੱਲਾ ਵਿੱਚ ਵਿਸ਼ਵਾਸ ਹੈ ਤਾਂ ਮੈ ਧਰਤੀ ਉੱਤੇ ਅੱਗ ਦੇ ਅੰਗਾਰ ਵਿਛਾ ਦਿੱਤੇ ਹਨ ਤਾਂ ਤੈਨੂੰ ਅੱਗ ਦੇ ਅੰਗਾਰਾਂ ਉੱਤੇ ਚੱਲਣਾ ਹੋਵੇਗਾ। ਇਬਰਾਹਿਮ ਨੇ ਅੱਲ੍ਹਾ ਅੱਗੇ ਦੁਆ ਕੀਤੀ ਤਾਂ ਅੱਗ ਦੇ ਅੰਗਾਰ ਫੁੱਲ ਬਣ ਗਏ ਇਬਰਾਹਿਮ ਅਸ਼ਾਨੀ ਨਾਲ ਤੁਰ ਕੇ ਲੰਘ ਗਏ। ਦੂਸਰੇ ਭਗਤ ਪ੍ਰਹਿਲਾਦ ਜੀ ਜਿਨ੍ਹਾ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਵਿੱਚ ਆਉਦਾ ਹੈ ਜਿਨ੍ਹਾਂ ਨੂੰ ਉਹਨਾਂ ਦੇ ਹੀ ਪਿਤਾ ਹਰਨਾਖਸ਼ ਨੇ ਹਰੀ ਦਾ ਨਾਮ ਨਾ ਜਪਣ ਲਈ ਕਿਹਾ ਕਿ ਉਹ ਕੇਵਲ ਹਰਨਾਖਸ਼ ਦਾ ਹੀ ਨਾਮ ਜਪ ਸਕਦਾ ਹੈ। ਪਰ ਨਾ ਪ੍ਰਹਿਲਾਦ ਦੇ ਨਾ ਮੰਨਣ ਤੇ ਅੱਗ ਨਾਲ ਲਾਲ ਕੀਤੇ ਥੰਮਾਂ ਨੂੰ ਜੱਫੀ ਪਾਉਣ ਲਈ ਕਿਹਾ ਪਰ ਉਸ ਸਮੇਂ ਭਗਵਾਨ ਕੀੜੀ ਦਾ ਰੂਪ ਧਾਰ ਕੇ ਆਏ, ਥੰਮ ਠੰਡੇ ਹੋ ਗਏ। ਇਸੇ ਤਰ੍ਹਾਂ ਭਗਤ ਕਬੀਰ ਜੀ ਦਾ ਜ਼ਿਕਰ ਆਉਦਾ ਹੈ। ਜਿਨ੍ਹਾਂ ਨੂੰ ਲੋਹੇ ਦੀ ਜੰਜੀਰਾਂ ਨਾਲ ਬੰਨ ਕੇ ਗੰਗਾ ਵਿੱਚ ਸੁੱਟਿਆ ਗਿਆ ਪਰ ਪਾਣੀ ਦੀ ਛੱਲਾਂ ਨਾਲ ਕਬੀਰ ਜੀ ਦੀਆਂ ਜੰਜੀਰਾਂ ਟੁੱਟ ਕੇ ਮ੍ਰਿਗਛਾਲਾ ਤੇ ਬੈਠ ਕੇ
ਕਬੀਰ ਜੀ ਬਾਹਰ ਆ ਗਏ। ਫੁਰਮਾਣ ਹੈ ” ਗੰਗਾ ਕੀ ਲਹਰਿ ਮੇਰੀ ਟੁਟੀ ਜੰਜੀਰ£ ਮ੍ਰਿਗਛਾਲਾ ਪਰ ਬੈਠੇ ਕਬੀਰ£ ਇਸ ਤਰ੍ਹਾਂ ਪ੍ਰਮਾਤਮਾ ਦੇ ਦੁਆਰਾ ਆਪਣੇ ਭਗਤਾਂ ਦੀ ਰੱਖਿਆ ਕੀਤੀ ਗਈ ਪਰ ਕੁਝ ਸੰਕਾਂਵਾਦੀ ਲੋਕਾਂ ਨੇ ਇਹ ਕਹਿਣਾ ਸੁਰੂ ਕਰ ਦਿੱਤਾ ਕਿ ਜੇ ਅੱਗ ਦੇ ਅੰਗਾਰ ਫੁੱਲ ਨਾ ਬਣਦੇ, ਤਪਦੇ ਥੰਮ ਠੰਡੇ ਨਾ ਹੁੰਦੇ ਤਾਂ ਸਾਇਦ ਇਨ੍ਹਾਂ ਭਗਤਾਂ ਨੇ ਡੋਲ ਜਾਣਾ ਸੀ ਪਰ ਗੁਰੂ ਅਰਜੁਨ ਦੇਵ ਜੀ ਦੀ ਲਾਸ਼ਾਨੀ ਸ਼ਹਾਦਤ ਨੇ ਇਹ ਸੰਕੇ ਵੀ ਦੂਰ ਕਰ ਦਿੱਤੇ ਭਾਵੇ ਅੱਗ ਸੁਭਾਅ ਨਾ ਵੀ ਬਦਲੇ ਪ੍ਰਮਾਤਮਾ ਦੇ ਚਰਨਾ ਦੇ ਭੌਰੇ ਮੌਤ ਨੂੰ ਸਾਹਮਣੇ ਦੇਖ ਕੇ ਵੀ ਆਪਣਾ ਰਸਤਾ ਨਹੀ ਬਦਲਦੇ ਅਤੇ ਸਾਬਿਤ ਕਰ ਦਿੱਤਾ ਕਿ ਆਪਾ ਆਪ ਵਾਰਨ ਵਾਲਿਆ ਦੇ ਨੇੜੇ ਦੋ ਔਗੁਣ ਨਹੀਂ ਆ ਸਕਦੇ ਪਹਿਲਾ ਭਰਮ ਤੇ ਦੂਸਰਾ ਡਰ ”ਸਾਬਰ ਸਿਦਕਿ ਸ਼ਹੀਦ ਭਰਮ ਭਉ ਖੋਵਣਾ£ ਗੁਰੂ ਜੀ ਨੂੰ ਉਬਲਦੀ ਦੇਗ ਵਿੱਚ ਉਬਾਲਿਆ ਗਿਆ ਦੂਸਰੇ ਦਿਨ ਤੱਤੀ ਤਵੀ ਉੱਤੇ ਬਿਠਾ ਕੇ ਸੀਸ ਉੱਤੇ ਤਪਦੀ ਹੋਈ ਰੇਤ ਦੇ ਕੜਛੇ ਪਾਏ ਗਏ ਪਰ ਗੁਰੂ ਜੀ ਤੱਤੀ ਤਵੀ ਤੇ ਚੌਕੜਾ ਮਾਰ ਕੇ ਵੀ ਸਾਂਤ ਰਹੇ ਤੇ ਮੁੱਖ ਤੋ ”ਤੇਰਾ ਕੀਆਂ ਮੀਠਾਂ ਲਾਗੈ£ ਹਰਿ ਨਾਮ ਪਦਾਰਥ ਨਾਨਕ ਮਾਗੈਂ£ ਦਾ ਉਪਦੇਸ਼ ਉਚਾਰਦੇ ਰਹੇ। ਜਦੋਂ ਇਸ ਕਹਿਰ ਦਾ ਪਤਾ ਸਾਈ ਮੀਆਂ ਮੀਰ ਜੀ ਨੂੰ ਲੱਗਾ ਤਾਂ ਸਾਈਂ ਜੀ ਨੇ ਗੁਰੂ ਜੀ ਨੂੰ ਕਿਹਾ ਕਿ ਜੇ ਆਪ ਜੀ ਦੀ ਆਗਿਆ ਹੋਵੇ ਤਾਂ ਮੈਂ ਦਿੱਲੀ ਤੇ ਲਾਹੌਰ ਨੂੰ ਤਹਿਸ਼ ਨਹਿਸ਼ ਕਰ ਦੁਸਮਣਾਂ ਤੋਂ ਬਦਲਾ ਲੈ ਲਵਾਂ ਤਾਂ ਗੁਰੂ ਜੀ ਨੇ ਉਚਾਰਣ ਕੀਤਾ ” ਨਾ ਕੋ ਵੈਰੀ ਨਾ ਹੀ ਬਿਗਾਨਾ ਸਗਲ ਸੰਗਿ ਹਮ ਕਉ ਬਣਿ ਆਈ£
ਸਾਂਈ ਜੀ ਸਾਡਾ ਇੱਥੇ ਕੋਈ ਦੁਸ਼ਮਣ ਨਹੀਂ ਭਾਵੇ ਕਿ ਅੱਜ ਤੱਤੀ ਤਵੀ ਤਪ ਰਹੀ ਹੈ, ਅੱਗ ਤਪ ਰਹੀ ਹੈ, ਰੇਤ ਤਪ ਰਹੀ ਹੈ, ਪਾਣੀ ਤਪ ਰਿਹਾ ਹੈ, ਚੰਦੂ ਤਪ ਰਿਹਾ, ਜਹਾਂਗੀਰ ਤਪ ਰਿਹਾ ਪਰ ਮੇਰਾ ਅੰਦਰ ਅੱਜ ਵੀ ਨਾਮ ਦੀ ਤਾਕਤ ਨਾਲ ਸਾਂਤ ਹੈ। ਇਹਨਾਂ ਮੈਨੂੰ ਤਪਾਉਣ ਦਾ ਜਤਨ ਕੀਤਾ ਪਰ ਮੇਰੇ ਅੰਦਰ ਅੱਜ ਵੀ ਠੰਡ ਵਰਤ ਰਹੀ ਹੈ। ਸੋਇ ਸਣੰਦੜੀ ਮੇਰਾ ਤਨੁ ਮਨੁ ਮਉਲਾ ਨਾਮੁ ਜਪੰਦੜੀ ਲਾਲੀ£ ਪੰਧਿ ਜੁਲੰਦੜੀ ਮੇਰਾ ਅੰਦਰੁ ਠੰਡਾ ਗੁਰ ਦਰਸਨੁ ਦੇਖਿ ਨਿਹਾਲੀ£ ਮੇਰਾ ਗੁਰੂ ਅੰਦਰ ਅੱਜ ਵੀ ਕਹਿੰਦਾ ਹੈ ਕਲਿ ਤਾਤੀ ਠਾਢਾ ਹਰਿ ਨਾਉ£ ਇਥੇ ਮੈਂ ਜਦੋਂ ਗੁਰੂ ਜੀ ਤੱਤੀ ਤਵੀ ਤੇ ਬੈਠੇ ਹੋਣਗੇ ਸਾਈ ਮੀਆਂ ਮੀਰ ਜੀ ਨੇ ਆ ਕੇ ਹਾਲ ਪੁਛਿਆ ਹੋਵੇਗਾ ਤਾਂ ਕਿਹੋ ਜਿਹਾ ਮਾਹੌਲ ਹੋਵੇਗਾ, ਮੈਂ ਆਪਣੇ ਮਨ ਦੇ ਬਲਬਲੇ ਆਪ ਜੀ ਨਾਲ ਸਾਂਝੇ ਕਰਨੇ ਚਾਹੁੰਦਾ ਹਾਂ, ”ਚਾਰੇ ਪਾਸੇ ਪੈ ਰਿਹਾ ਸੀ ਸੇਕ ਅੱਗ ਦਾ, ਤੱਤੀ ਤਵੀ ਉੱਤੇ ਚੌਕੜਾ ਸੀ ਖੁਦ ਰੱਬ ਦਾ। ਛਾਲੇ ਛਾਲੇ ਹੋਇਆ ਤਨ ਚਿਹਰਾ ਨੂਰਾਨੀ ਫੱਬਦਾ। ਪੁਛਣ ਸੀ ਹਾਲ ਆਇਆ ਇੱਕ ਸਾਂਈ ਰੱਬ ਦਾ, ਧਾਹਾਂ ਮਾਰ ਚੀਕਿਆ ਦਿਲ ਰੋਇਆ ਜੱਗ ਦਾ,
ਅੱਗੋ ਗੁਰੂ ਜੀ ਸੀ ਆਖਿਆ
ਤਨ ਨਾਲ ਕਦੇ ਨੀ ਪ੍ਰੀਤ ਪਾਈਂ ਦੀ, ਤਨ ਮਨ ਕਾਟ ਅਗਨੀ ਆਪ ਜਲਾਈਂ ਦੀ, ਅੱਗ ਉੱਤੇ ਬੈਠ ਕੇ ਵੀ ਨਾਮ ਦੀ ਖੁਮਾਰੀ ਗਾਈਂ ਦੀ
ਸਾਈ ਜੀ ਮੇਰੇ ਸਰੀਰ ਨੂੰ ਨਾ ਦੇਖੋ ਕਦੇ ਵੀ ਇਸ ਸਰੀਰ ਨਾਲ ਪਿਆਰ ਨੀ ਪਾਈਦਾ ਤੁਸੀਂ ਇਹ ਦੇਖੋ ਕਿ ਅੱਗ ਉੱਤੇ ਬੈਠ ਕੇ ਪ੍ਰਭੂ ਦੇ ਗੀਤ ਕਿਵੇ ਗਾਉਣੇ ਹਨ। ਆਖੀਰ ਗੁਰੂ ਜੀ ਦੇ ਗਰਮ ਸੜ੍ਹੇ ਹੋਏ ਛਾਲਿਆਂ ਵਾਲੇ ਸਰੀਰ ਨੂੰ ਰਾਵੀ ਦੇ ਠੰਡੇ ਪਾਣੀ ਵਿੱਚ ਪਾਇਆ ਗਿਆ, ਜਿੱਥੇ ਗੁਰੂ ਜੀ ਨੇ ਜਪੁਜੀ ਸਾਹਿਬ ਦਾ ਪਾਠ ਕੀਤਾ ਅਤੇ 30 ਮਈ 1606 ਨੂੰ ”ਸੂਰਜ ਕਿਰਣਿ ਮਿਲੇ ਜਲ ਕਾ ਜਲੁ ਹੂਆ ਰਾਮ£ ਜੋਤੀ ਜੋਤਿ ਰਲੀ ਸੰਪੂਰਨ ਥੀਆ ਰਾਮ£ ਅਨੁਸਾਰ ਗੁਰੂ ਜੀ ਜੋਤੀ ਜੋਤ ਸਮਾ ਗਏ ਜਿੱਥੇ ਗੁਰੂ ਜੀ ਦੀ ਬਾਣੀ ਨੇ ਸਾਨੂੰ ਜੀਵਨ ਜਿਉਣ ਦੀ ਜਾਂਚ ਦੱਸੀ ਉੱਥੇ ਗੁਰੂ ਜੀ ਨੇ ਸਿੱਖਾਂ ਨੂੰ ਮਰਨ ਦੀ ਜਾਂਚ ਵੀ ਦੱਸੀ ਕਿ ਸਿੱਖ ਦਾ ਮਰਣਾ ਕਿਵੇ ਦਾ ਹੋਣਾ ਚਾਹੀਦਾ ਹੈ।
ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾਂ ਬਖਸਣਾ ਜੀ
ਵਾਹਿਗੁਰੂ ਜੀ ਕਾ ਖਾਲਸ਼ਾ
ਵਾਹਿਗੁਰੂ ਜੀ ਕੀ ਫਤਹਿ£
ਲਿਖਤ:ਗੁਰਮੁੱਖ ਸਿੰਘ ਭੋਜੋਮਾਜਰੀ
ਨਾਭਾ
8427502100, 95010 71000