ਕੈਲਗਰੀ – ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇਹ ਸਪਸ਼ਟ ਕਰ ਦਿੱਤਾ ਗਿਆ ਹੈ ਕਿ ਜਦੋਂ ਤੱਕ ਕੈਨੇਡਾ ਦੀ ਕੁੱਲ ਆਬਾਦੀ ਦੇ 75 ਫੀ ਸਦੀ ਨੂੰ ਕੋਵਿਡ-19 ਵੈਕਸੀਨ ਦੀ ਪਹਿਲੀ ਡੋਜ਼ ਤੇ 20 ਫੀ ਸਦੀ ਆਬਾਦੀ ਨੂੰ ਵੈਕਸੀਨ ਦੀਆ ਦੋਵੇਂ ਡੋਜ਼ਾਂ ਨਹੀਂ ਲੱਗ ਜਾਂਦੀਆਂ ਉਦੋਂ ਤੱਕ ਸਰਹੱਦੀ ਪਾਬੰਦੀਆਂ ਨਹੀਂ ਖੋਲ੍ਹੀਆਂ ਜਾਣਗੀਆਂ।
ਕੈਨੇਡਾ-ਅਮਰੀਕਾ ਸਰਹੱਦ ਗੈਰ ਜ਼ਰੂਰੀ ਟਰੈਵਲ ਲਈ ਇੱਕ ਮਹੀਨੇ ਲਈ ਹੋਰ ਬੰਦ ਰਹੇਗੀ, ਭਾਵ 21 ਜੁਲਾਈ ਤੱਕ, ਇਸ ਦਾ ਐਲਾਨ ਕਰਦਿਆਂ ਹੋਇਆਂ ਸ਼ੁੱਕਰਵਾਰ ਨੂੰ ਟਰੂਡੋ ਨੇ ਆਖਿਆ ਕਿ ਉਹ ਆਮ ਵਰਗੇ ਹਾਲਾਤ ਦੀ ਅਹਿਮੀਅਤ ਨੂੰ ਸਮਝਦੇ ਹਨ ਪਰ ਟਰੈਵਲ ਨੂੰ ਇਜਾਜ਼ਤ ਦੇਣ ਨਾਲ ਜਾਂ ਸਰਹੱਦਾਂ ਖੋਲ੍ਹਣ ਨਾਲ ਦੇਸ਼ ਵਿੱਚ ਕੋਵਿਡ-19 ਦੀ ਇੱਕ ਹੋਰ ਲਹਿਰ ਆ ਸਕਦੀ ਹੈ। ਇਸ ਲਈ ਹਾਲ ਦੀ ਘੜੀ ਅਹਿਤਿਆਤ ਵਰਤਣ ਵਿੱਚ ਹੀ ਸਮਝਦਾਰੀ ਹੈ।
ਉਨ੍ਹਾਂ ਆਖਿਆ ਕਿ ਹਾਲ ਦੀ ਘੜੀ ਅਸੀਂ ਮਹਾਂਮਾਰੀ ਤੋਂ ਬਾਹਰ ਨਹੀਂ ਨਿਕਲੇ ਹਾਂ। ਅਜੇ ਵੀ ਦੇਸ਼ ਵਿੱਚ ਨਵੇਂ ਕੇਸ ਮਿਲ ਰਹੇ ਹਨ ਤੇ ਅਸੀਂ ਉਨ੍ਹਾਂ ਨੂੰ ਵੀ ਹੇਠਾਂ ਲਿਆਉਣਾ ਚਾਹੁੰਦੇ ਹਾਂ। ਉਨ੍ਹਾਂ ਆਖਿਆ ਕਿ ਇਹ ਅਸੀਂ ਵੀ ਸਮਝ ਚੁੱਕੇ ਹਾਂ ਕਿ ਪੂਰੀ ਤਰ੍ਹਾਂ ਵੈਕਸੀਨੇਟ ਹੋ ਚੁੱਕਿਆ ਵਿਅਕਤੀ ਵੀ ਕਿਸੇ ਅਜਿਹੇ ਸ਼ਖਸ ਨੂੰ ਸੰਕ੍ਰਮਿਤ ਕਰ ਸਕਦਾ ਹੈ ਜਿਸ ਦਾ ਟੀਕਾਕਰਣ ਨਹੀਂ ਹੋਇਆ।
ਇਸ ਦੌਰਾਨ ਪਬਲਿਕ ਸੇਫਟੀ ਮੰਤਰੀ ਬਿੱਲ ਬਲੇਅਰ ਨੇ ਐਲਾਨ ਕੀਤਾ ਕਿ ਤਾਜ਼ਾ ਪਾਬੰਦੀਆਂ ਤਹਿਤ ਵਣਜ ਤੇ ਵਪਾਰ ਜਾਰੀ ਰਹੇਗਾ ਤੇ ਇਸ ਦੇ ਨਾਲ ਹੀ ਹੈਲਥ ਕੇਅਰ ਵਰਕਰਜ਼, ਜਿਹੜੇ ਸਰਹੱਦ ਤੋਂ ਆਰ ਪਾਰ ਰਹਿੰਦੇ ਹਨ ਉਹ ਕੰਮ ਉੱਤੇ ਆ ਜਾ ਸਕਣਗੇ।ਬਲੇਅਰ ਨੇ ਆਖਿਆ ਕਿ ਹੌਲੀ ਹੌਲੀ ਪਾਬੰਦੀਆਂ ਹਟਾਉਣ ਦੀ ਸਰਕਾਰ ਦੀ ਯੋਜਨਾ ਦਾ ਖੁਲਾਸਾ ਸੋਮਵਾਰ ਨੂੰ ਕੀਤਾ ਜਾਵੇਗਾ।