ਪ੍ਰਧਾਨ ਮੰਤਰੀ ਬੋਰਿਸ ਜੋਨਸਨ ਨੇ ਬ੍ਰਿਟੇਨ ਦੇ 30 ਲੱਖ ਘਰਾਂ ਨੂੰ ਚਿੱਠੀਆਂ ਭੇਜ ਕੇ ਲੋਕਾਂ ਨੂੰ ਜਾਨਲੇਵਾ ਕੋਰੋਨਾ ਵਾਇਰਸ ਮਹਾਂਮਾਰੀ ਤੋਂ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਰੇ ਜਾਣਦੇ ਹਨ ਕਿ ਚੀਜ਼ਾਂ ਬਿਹਤਰ ਹੋਣ ਤੋਂ ਪਹਿਲਾਂ ਵਿਗੜਦੀਆਂ ਹਨ। ਇਸ ਸੰਦੇਸ਼ ਨੂੰ ਵੱਖ-ਵੱਖ ਭਾਈਚਾਰਿਆਂ ਤੱਕ ਪਹੁੰਚਾਉਣ ਲਈ ਇਸ ਦਾ ਪੰਜਾਬੀ, ਗੁਜਰਾਤੀ ਤੇ ਉਰਦੂ ‘ਚ ਅਨੁਵਾਦ ਕੀਤਾ ਗਿਆ ਹੈ।
ਇਸ ਚਿੱਠੀ ‘ਚ ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਲਿਖਿਆ ਹੈ। ਇਸ ‘ਚ ਕੋਰੋਨਾ ਵਾਇਰਸ ਦੇ ਲੱਛਣਾਂ, ਹੱਥਾਂ ਨੂੰ ਧੋਣ, ਘਰ ਤੋਂ ਬਾਹਰ ਨਿਕਲਣ ਦੇ ਨਿਯਮ, ਖੁਦ ਨੂੰ ਆਈਸੋਲੇਸ਼ਨ ‘ਚ ਕਿਵੇਂ ਰੱਖਣਾ ਅਤੇ ਬਜ਼ੁਰਗ ਤੇ ਬੱਚਿਆਂ ਨੂੰ ਵਾਇਰਸ ਤੋਂ ਬਚਾਉਣ ਵਾਲੇ ਨਿਯਮਾਂ ਦੀ ਵਿਆਖਿਆ ਕੀਤੀ ਗਈ ਹੈ।
ਦੱਸ ਦੇਈਏ ਕਿ ਬ੍ਰਿਟੇਨ ‘ਚ 5.50 ਲੱਖ ਭਾਰਤੀ ਪਰਵਾਸੀ ਰਹਿੰਦੇ ਹਨ। ਸਾਲ 2011 ਦੀ ਮਰਦਮਸ਼ੁਮਾਰੀ ‘ਚ 2,73,000 ਲੋਕਾਂ ਨੇ ਪੰਜਾਬੀ, 2,69,000 ਲੋਕਾਂ ਨੇ ਉਰਦੂ ਅਤੇ 2,13,000 ਲੋਕਾਂ ਨੇ ਗੁਜਰਾਤੀ ਨੂੰ ਆਪਣੀ ਪਹਿਲੀ ਭਾਸ਼ਾ ਵਜੋਂ ਪਹਿਲ ਦਿੱਤੀ ਸੀ।
ਬੋਰਿਸ ਜੋਨਸਨ ਨੇ ਚਿੱਠੀ ‘ਚ ਲਿਖਿਆ, “ਤੁਹਾਨੂੰ ਉਨ੍ਹਾਂ ਮਿੱਤਰਾਂ ਜਾਂ ਰਿਸ਼ਤੇਦਾਰਾਂ ਨੂੰ ਨਹੀਂ ਮਿਲਣਾ ਚਾਹੀਦਾ ਜੋ ਤੁਹਾਡੇ ਘਰ ਵਿਚ ਨਹੀਂ ਰਹਿੰਦੇ। ਤੁਸੀਂ ਬਹੁਤ ਐਮਰਜੈਂਸੀ ਪੈਣ ‘ਤੇ ਹੀ ਆਪਣੇ ਤੋਂ ਬਾਹਰ ਨਿਕਲੋ, ਜਿਵੇਂ ਭੋਜਨ ਤੇ ਦਵਾਈ ਖਰੀਦਣਾ। ਰੋਜ਼ਾਨਾ ਇੱਕ ਵਾਰ ਕਸਰਤ ਕਰੋ। ਤੁਸੀ ਆਪਣੇ ਦਫ਼ਤਰ ਜਾਣ ਲਈ ਸਫ਼ਰ ਕਰ ਸਕਦੇ ਹੋ। ਜੇ ਸੰਭਵ ਹੋ ਸਕੇ ਤਾਂ ਘਰੋਂ ਹੀ ਦਫ਼ਤਰੀ ਕੰਮ ਕਰੋ।”
ਉਨ੍ਹਾਂ ਲਿਖਿਆ ਹੈ, “ਜੇ ਤੁਹਾਨੂੰ ਆਪਣਾ ਘਰ ਛੱਡਣਾ ਪੈਂਦਾ ਹੈ ਤਾਂ ਤੁਸੀ ਇਹ ਯਕੀਨੀ ਬਣਾਓ ਕਿ ਆਪਣੇ ਘਰ ਤੋਂ ਬਾਹਰ ਕਿਸੇ ਵੀ ਚੀਜ਼ ਜਾਂ ਵਿਅਕਤੀ ਤੋਂ ਘੱਟੋ-ਘੱਟ ਦੋ ਮੀਟਰ ਦੀ ਦੂਰੀ ਬਣਾ ਕੇ ਰਹੋ। ਇਹ ਨਿਯਮ ਮੰਨਣੇ ਲਾਜ਼ਮੀ ਹਨ। ਜੇ ਲੋਕ ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਦੇ ਪਾਏ ਗਏ ਤਾਂ ਪੁਲਿਸ ਜੁਰਮਾਨਾ ਵਸੂਲੇਗੀ।”
ਜੋਨਸਨ ਨੇ ਚਿੱਠੀ ‘ਚ ਕਿਹਾ ਹੈ ਕਿ ਜਿੰਨੇ ਜ਼ਿਆਦਾ ਲੋਕ ਨਿਯਮਾਂ ਦੀ ਪਾਲਣਾ ਕਰਨਗੇ, ਓਨੀਆਂ ਘੱਟ ਜਾਨਾਂ ਗੁਆਵਾਂਗੇ ਅਤੇ ਛੇਤੀ ਹੀ ਜ਼ਿੰਦਗੀ ਆਮ ਦਿਨਾਂ ਵਾਂਗ ਵਾਪਸ ਪਟੜੀ ‘ਤੇ ਆ ਸਕਦੀ ਹੈ। ਪਰ ਸਿਹਤ ਅਧਿਕਾਰੀਆਂ ਨੇ ਚੱਲ ਰਹੀ ਤਿੰਨ ਹਫ਼ਤਿਆਂ ਦੇ ਲੌਕਡਾਊਨ ਦੌਰਾਨ ਹੋਰ ਪਾਬੰਦੀਆਂ ਤੋਂ ਇਨਕਾਰ ਨਹੀਂ ਕੀਤਾ ਹੈ।
ਹਜ਼ਾਰਾਂ ਭਾਰਤੀ ਮੂਲ ਦੇ ਡਾਕਟਰਾ ਬ੍ਰਿਟੇਨ ‘ਚ ਕੋਰੋਨਾ ਵਾਇਰਸ ਨਾਲ ਲੜਾਈ ਲੜ ਰਹੇ ਹਨ। ਉਨ੍ਹਾਂ ਨੂੰ ਹਾਲ ਹੀ ‘ਚ ਸੇਵਾਮੁਕਤ ਹੋਣ ਤੋਂ ਬਾਅਦ ਮੁੜ ਡਿਊਟੀ ‘ਤੇ ਆਉਣਾ ਪਿਆ ਹੈ।
ਉਨ੍ਹਾਂ ਕਿਹਾ, “ਹਜ਼ਾਰਾਂ ਸੇਵਾਮੁਕਤ ਡਾਕਟਰ ਅਤੇ ਨਰਸਾਂ ਐਨਐਚਐਸ ਵਿੱਚ ਵਾਪਸ ਆ ਰਹੀਆਂ ਹਨ ਅਤੇ ਸੈਂਕੜੇ-ਹਜ਼ਾਰਾਂ ਨਾਗਰਿਕ ਕੋਰੋਨਾ ਪੀੜਤ ਲੋਕਾਂ ਦੀ ਮਦਦ ਲਈ ਸਵੈਇੱਛੁਕ ਹਨ। ਇਹ ਉਸ ਮਹਾਨ ਬ੍ਰਿਟਿਸ਼ ਭਾਵਨਾ ਨੂੰ ਦਰਸ਼ਾਉਂਦੀ ਹੈ ਕਿ ਅਸੀਂ ਕੋਰੋਨਾ ਵਾਇਰਸ ਨੂੰ ਹਰਾਵਾਂਗੇ ਅਤੇ ਅਸੀਂ ਮਿਲ ਕੇ ਇਸ ਨੂੰ ਹਰਾਵਾਂਗੇ।”
ਦੱਸ ਦੇਈਏ ਕਿ ਬੋਰਿਸ ਜੋਨਸਨ ਖੁਦ ਕੋਰੋਨਾ ਵਾਇਰਸ ਦੀ ਲਪੇਟ ‘ਚ ਆ ਚੁੱਕੇ ਹਨ। ਬੀਤੀ 27 ਮਾਰਚ ਨੂੰ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕੋਰੋਨਾ ਵਾਇਰਸ ਜਾਂਚ ਰਿਪੋਰਟ ਪਾਜੀਟਿਵ ਆਈ ਹੈ। ਉਨ੍ਹਾਂ ਨੇ ਡਾਕਟਰੀ ਸਲਾਹ ਮੁਤਾਬਿਕ ਖੁਦ ਨੂੰ 10 ਡਾਊਨਿੰਗ ਸਟ੍ਰੀਟ ‘ਚ ਕਵਾਰੰਟੀਨ ਕਰ ਲਿਆ ਹੈ।